ਲੰਡਨ/ਜਲੰਧਰ— ਪੰਜਾਬ ਦੇ ਲੋਕਾਂ ਨੂੰ ਜਲਦ ਹੀ ਇਕ ਹੋਰ ਹਵਾਈ ਤੋਹਫਾ ਮਿਲਣ ਜਾ ਰਿਹਾ ਹੈ। ਸਾਲ 2019 ਦੇ ਸ਼ੁਰੂ 'ਚ ਜਲਦ ਹੀ ਅੰਮ੍ਰਿਤਸਰ-ਲੰਡਨ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ।ਇਸ ਦੀ ਜਾਣਕਾਰੀ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਲੂਟਨ, ਲੰਡਨ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਭਾਰਤ ਦੀਆਂ ਕੁਝ ਪ੍ਰਮੁੱਖ ਹਵਾਈ ਜਹਾਜ਼ ਕੰਪਨੀਆਂ ਦਰਮਿਆਨ ਗੰਭੀਰ ਵਿਚਾਰ-ਵਟਾਂਦਰਾ ਹੋਇਆ ਹੈ, ਜਿਸ ਦਾ ਫਾਇਦਾ ਪ੍ਰਵਾਸੀ ਭਾਰਤੀਆਂ ਤੇ ਵਿਦਿਆਰਥੀਆਂ ਨੂੰ ਮਿਲੇਗਾ।
ਲੂਟਨ ਹਵਾਈ ਅੱਡੇ ਦੇ ਨੇੜਲੇ ਇਲਾਕਿਆਂ ਵਿਚ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ 'ਚ ਰਹਿੰਦੇ ਭਾਰਤੀ ਪ੍ਰਵਾਸੀਆਂ 'ਚੋਂ ਤਕਰੀਬਨ 80 ਫੀਸਦੀ ਇਸ ਹਵਾਈ ਅੱਡੇ ਤੋਂ ਲਗਭਗ ਦੋ ਘੰਟਿਆਂ ਦੀ ਦੂਰੀ 'ਤੇ ਸਥਿਤ ਵੱਖ-ਵੱਖ ਇਲਾਕਿਆਂ 'ਚ ਰਹਿੰਦੇ ਹਨ। ਇਸ ਲਈ ਭਾਰਤੀ ਕੰਪਨੀਆਂ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਹਵਾਈ ਅੱਡੇ ਤੋਂ ਲੰਡਨ-ਅੰਮ੍ਰਿਤਸਰ ਵਿਚਕਾਰ ਸਿੱਧੀ ਤੇ ਸਸਤੀ ਹਵਾਈ ਸੇਵਾ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ।
ਇੰਗਲੈਂਡ ਦੇ ਸਲੋਹ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪਿਛਲੇ ਸਾਲ ਇਸ ਫਲਾਈਟ ਸੰਬੰਧੀ ਕਾਫੀ ਮੀਟਿੰਗਾਂ ਹੋਣ ਤੋਂ ਬਾਅਦ ਆਖਿਰਕਾਰ ਹੁਣ ਲੰਡਨ ਅਤੇ ਅੰਮ੍ਰਿਤਸਰ ਵਿਚਕਾਰ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੀ ਬਹੁਤ ਚਿਰਾਂ ਤੋਂ ਮੰਗ ਸੀ।ਉਨ੍ਹਾਂ ਕਿਹਾ ਕਿ ਮੈਂ ਇਸ ਨਾਲ ਬਹੁਤ ਖੁਸ਼ ਹਾਂ। ਲੰਡਨ ਇਕ ਗਲੋਬਲ ਰਾਜਧਾਨੀ ਹੈ, ਜਦੋਂ ਕਿ ਅੰਮ੍ਰਿਤਸਰ ਇਕ ਗਲੋਬਲ, ਧਾਰਮਿਕ ਤੇ ਟੂਰਿਸਟ ਸਥਾਨ ਹੈ ਜਿੱਥੇ ਲੱਖਾਂ ਲੋਕ ਹਰ ਸਾਲ ਜਾਂਦੇ ਹਨ। ਇਸ ਲਈ ਇਹ ਕਾਫੀ ਮਹੱਤਵਪੂਰਨ ਹੈ ਕਿ ਲੰਡਨ ਤੇ ਅੰਮ੍ਰਿਤਸਰ ਇਕ ਵਾਰ ਫਿਰ ਇਕ-ਦੂਜੇ ਨਾਲ ਜੁੜਨ ਜਾ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਇਨ੍ਹਾਂ ਫਲਾਈਟਸ ਨੂੰ ਸ਼ਾਨਦਾਰ ਸਫਲਤਾ ਮਿਲੇਗੀ।
ਢੇਸੀ ਨੇ ਕਿਹਾ ਕਿ ਲੰਡਨ ਲੂਟਨ ਹਵਾਈ ਅੱਡਾ ਹੁਣ ਇੰਗਲੈਂਡ ਦਾ ਪੰਜਵਾਂ ਵੱਡਾ ਹਵਾਈ ਅੱਡਾ ਹੈ, ਜੋ ਕਿ ਹਰ ਸਾਲ 1.70 ਕਰੋੜ ਹਵਾਈ ਯਾਤਰੀਆਂ ਨੂੰ ਹੈਂਡਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਲੰਡਨ ਸੈਂਟਰਲ ਨੂੰ ਹਾਈ ਸਪੀਡ ਰੇਲ ਲਾਈਨ ਹੋਣ ਨਾਲ ਵੀ ਹਵਾਈ ਅੱਡੇ ਨੂੰ ਫਾਇਦਾ ਮਿਲ ਰਿਹਾ ਹੈ। ਇਸ ਦੇ ਇਲਾਵਾ ਬਿਹਤਰ ਸੜਕ ਪੱਛਮੀ/ਪੂਰਬੀ ਲੰਡਨ, ਲੂਟਨ ਤੇ ਮਿਡਲੈਂਡਸ ਨੂੰ ਜੋੜਦੀ ਹੈ, ਜਿਨ੍ਹਾਂ ਇਲਾਕਿਆਂ 'ਚ ਪ੍ਰਵਾਸੀ ਭਾਰਤੀ ਰਹਿੰਦੇ ਹਨ।
ਦੱਖਣ ਏਸ਼ੀਆ ’ਚੋਂ ਔਸਤ ਕਿਰਤ ਵਾਧੇ ’ਚ ਭਾਰਤ ਦੀ ਚੜ੍ਹਤ
NEXT STORY