ਨਵੀਂ ਦਿੱਲੀ— ਕੇਂਦਰ ਸਰਕਾਰ ਦੀ ਯੋਜਨਾ ਮੁਤਾਬਕ ਹੁਣ ਦੇਸ਼ ਭਰ 'ਚ ਜਲਦ ਹੀ ਪੈਟਰੋਲ ਤੇ ਡੀਜ਼ਲ ਘਰ ਤਕ ਡਿਲੀਵਰ ਕੀਤਾ ਜਾਵੇਗਾ। ਇਸ ਤਹਿਤ ਬੇਂਗਲੁਰੂ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਦੁੱਧ ਅਤੇ ਅਖਬਾਰ ਦੀ ਤਰ੍ਹਾਂ ਘਰ 'ਤੇ ਪੈਟਰੋਲ ਤੇ ਡੀਜ਼ਲ ਦੀ ਡਿਲੀਵਰੀ ਕੀਤੀ ਜਾ ਰਹੀ ਹੈ। ਕੁਝ ਹੀ ਹਫਤੇ ਪਹਿਲਾਂ ਪੈਟਰੋਲੀਅਮ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਦੇਸ਼ 'ਚ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਸਿਰਫ ਇਕ ਸਾਲ ਪੁਰਾਣੇ ਸਟਾਰਟਅਪ ਨੇ 15 ਜੂਨ ਨੂੰ 950-950 ਲੀਟਰ ਦੀ ਸਮਰੱਥਾ ਵਾਲੇ ਤਿੰਨ ਡਿਲੀਵਰੀ ਵਾਹਨਾਂ ਜ਼ਰੀਏ ਡੀਜ਼ਲ ਸਪਲਾਈ ਦਾ ਕੰਮ ਆਰੰਭ ਕੀਤਾ।
ਕੰਪਨੀ ਹੁਣ ਤਕ 5,000 ਲੀਟਰ ਡੀਜ਼ਲ ਸਪਲਾਈ ਕਰ ਚੁੱਕੀ ਹੈ। ਤੇਲ ਦੀ ਡਿਲੀਵਰੀ ਉਸ ਦਿਨ ਦੀ ਕੀਮਤ 'ਚ ਡਿਲੀਵਰੀ ਚਾਰਜ ਜੋੜ ਕੇ ਕੀਤੀ ਜਾ ਰਹੀ ਹੈ। 100 ਲੀਟਰ ਤਕ ਦੀ ਡਿਲੀਵਰੀ 'ਤੇ ਵਨ ਟਾਈਮ ਚਾਰਜ 99 ਰੁਪਏ ਹੈ, ਜਦੋਂ ਕਿ 100 ਲੀਟਰ ਤੋਂ ਉਪਰ ਦੀ ਡਿਲੀਵਰੀ 'ਤੇ ਡੀਜ਼ਲ ਕੀਮਤਾਂ ਦੇ ਨਾਲ-ਨਾਲ ਪ੍ਰਤੀ ਲੀਟਰ ਇਕ ਰੁਪਿਆ ਚਾਰਜ ਕੀਤਾ ਜਾ ਰਿਹਾ ਹੈ। ਸਟਾਰਟਅਪ ਨੂੰ 20 ਵੱਡੇ ਗਾਹਕ ਮਿਲ ਚੁੱਕੇ ਹਨ, ਜਿਨ੍ਹਾਂ 'ਚ 16 ਸਕੂਲ ਹਨ, ਇਨ੍ਹਾਂ ਦੀ 250 ਤੋਂ 300 ਬੱਸਾਂ ਚੱਲਦੀਆਂ ਹਨ।
ਡੀਜ਼ਲ ਮੰਗਵਾਉਣ ਲਈ ਆਨਲਾਈਨ ਆਰਡਰ ਦਿੱਤਾ ਜਾ ਸਕਦਾ ਹੈ। ਲੋਕ ਫੋਨ ਕਾਲ ਜਾਂ ਐਪ ਡਾਊਨਲੋਡ ਕਰਕੇ ਵੀ ਆਰਡਰ ਦੇ ਰਹੇ ਹਨ। 'ਮਾਈ ਪੈਟਰੋਲ ਪੰਪ' ਦੇ ਸੰਸਥਾਪਕ ਅਸ਼ੀਸ਼ ਕੁਮਾਰ ਗੁਪਤਾ ਨੇ ਕਿਹਾ, ''ਅਸੀਂ ਸਤੰਬਰ 2016 ਤੋਂ ਹੀ ਪੈਟਰੋਲੀਅਮ ਮੰਤਰਾਲੇ ਦੇ ਸੰਪਰਕ 'ਚ ਹਾਂ। ਅਧਿਕਾਰੀਆਂ ਨੂੰ ਭਰੋਸਾ ਦਿਵਾਉਣ ਦੇ ਬਾਅਦ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਾਲ ਸਾਡੀਆਂ ਦੋ ਬੈਠਕਾਂ ਹੋਈਆਂ, ਜਿਨ੍ਹਾਂ ਨੇ ਸਾਡੀ ਨਵੇਂ ਅਭਿਆਨ ਦੀ ਸ਼ਲਾਘਾ ਕੀਤੀ।''
ਗੁਪਤਾ ਦੀ ਕੰਪਨੀ ਫਿਲਹਾਲ ਡੀਜ਼ਲ ਦੀ ਸਪਲਾਈ ਕਰ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੈਟਰੋਲ ਸਿਰਫ ਬਾਈਕ ਅਤੇ ਕਾਰਾਂ 'ਚ ਇਸਤੇਮਾਲ ਹੁੰਦਾ ਹੈ, ਜਦੋਂ ਕਿ ਡੀਜ਼ਲ ਦਾ ਇਸਤੇਮਾਲ ਬਿਜਲੀ ਦੇ ਇਲਾਵਾ ਉਦਯੋਗਾਂ, ਵੱਡੇ ਵਾਹਨਾਂ ਅਤੇ ਖੇਤੀਬਾੜੀ ਕੰਮ 'ਚ ਵੀ ਹੁੰਦਾ ਹੈ। ਦੇਸ਼ 'ਚ ਸਾਲਾਨਾ 22 ਮਿਲੀਅਨ ਮੀਟਰਕ ਟਨ ਪੈਟਰੋਲ ਦੇ ਮੁਕਾਬਲੇ 77 ਮਿਲੀਅਨ ਮੀਟਰਕ ਟਨ ਡੀਜ਼ਲ ਦੀ ਖਪਤ ਹੈ।
ਐਕਸਿਸ ਬੈਂਕ ਦੇ ਵਾਧੇ ਲਈ ਪੈਸੇ ਇਕੱਠੇ ਕਰਨ ਦੀ ਯੋਜਨਾ
NEXT STORY