ਨਵੀਂ ਦਿੱਲੀ (ਭਾਸ਼ਾ) - ਮਹਿੰਗਾਈ ਦੇ ਮੋਰਚੇ ’ਤੇ ਰਾਹਤ ਦੀ ਖਬਰ ਹੈ। ਪ੍ਰਚੂਨ ਮਹਿੰਗਾਈ ਨਵੰਬਰ ਦੇ 5.5 ਫ਼ੀਸਦੀ ਤੋਂ ਘਟ ਕੇ ਦਸੰਬਰ ’ਚ 5.22 ਫ਼ੀਸਦੀ ’ਤੇ ਆ ਗਈ। ਸਰਕਾਰੀ ਅੰਕੜਿਆਂ ਅਨੁਸਾਰ ਪ੍ਰਚੂਨ ਮਹਿੰਗਾਈ ਦਸੰਬਰ ’ਚ ਘਟ ਕੇ 4 ਮਹੀਨਿਆਂ ਦੇ ਹੇਠਲੇ ਪੱਧਰ 5.22 ਫ਼ੀਸਦੀ ’ਤੇ ਆ ਗਈ, ਜਦੋਂ ਕਿ ਨਵੰਬਰ ’ਚ ਇਹ 5.48 ਫ਼ੀਸਦੀ ਸੀ। ਇਸ ਦਾ ਮੁੱਖ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ਨਵੰਬਰ ’ਚ 5.48 ਫ਼ੀਸਦੀ ਅਤੇ ਦਸੰਬਰ 2023 ’ਚ 5.69 ਫ਼ੀਸਦੀ ਸੀ। ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਸੀ. ਪੀ. ਆਈ. ਦੇ ਅੰਕੜਿਆਂ ਅਨੁਸਾਰ ਦਸੰਬਰ ’ਚ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਘਟ ਕੇ 8.39 ਫ਼ੀਸਦੀ ਹੋ ਗਈ। ਨਵੰਬਰ ’ਚ ਇਹ 9.04 ਫ਼ੀਸਦੀ ਅਤੇ ਦਸੰਬਰ 2023 ’ਚ 9.53 ਫ਼ੀਸਦੀ ਸੀ। ਐੱਨ. ਐੱਸ. ਓ. ਨੇ ਕਿਹਾ ਕਿ ਦਸੰਬਰ 2024 ’ਚ ਸੀ. ਪੀ. ਆਈ. (ਸਾਧਾਰਣ) ਅਤੇ ਖੁਰਾਕ ਮਹਿੰਗਾਈ ਪਿਛਲੇ 4 ਮਹੀਨਿਆਂ ’ਚ ਸਭ ਤੋਂ ਘੱਟ ਹੈ।
ਆਰ. ਬੀ. ਆਈ. ਨੇ ਵਧਾਇਆ ਸੀ ਅੰਦਾਜ਼ਾ
ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਚਾਲੂ ਵਿੱਤੀ ਸਾਲ ਲਈ ਮਹਿੰਗਾਈ ਦੇ ਅੰਦਾਜ਼ੇ ਨੂੰ 4.5 ਫ਼ੀਸਦੀ ਤੋਂ ਵਧਾ ਕੇ 4.8 ਫ਼ੀਸਦੀ ਕਰ ਦਿੱਤਾ। ਆਰ. ਬੀ. ਆਈ. ਨੇ ਇਹ ਵੀ ਕਿਹਾ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਦੇ ਦਬਾਅ ਕਾਰਨ ਦਸੰਬਰ ਤਿਮਾਹੀ ’ਚ ਮੁੱਖ ਮਹਿੰਗਾਈ ਉੱਚੀ ਰਹਿਣ ਦੀ ਸੰਭਾਵਨਾ ਹੈ।
ਸੀ. ਪੀ. ਆਈ. ਆਧਾਰਿਤ ਮਹਿੰਗਾਈ ਜੁਲਾਈ-ਅਗਸਤ ਦੌਰਾਨ ਔਸਤਨ 3.6 ਫ਼ੀਸਦੀ ਤੋਂ ਵਧ ਕੇ ਸਤੰਬਰ ’ਚ 5.5 ਫ਼ੀਸਦੀ ਅਤੇ ਅਕਤੂਬਰ 2024 ’ਚ 6.2 ਫ਼ੀਸਦੀ ਹੋ ਗਈ।
ਫਰਵਰੀ ’ਚ ਸਸਤਾ ਹੋ ਸਕਦੈ ਕਰਜ਼ਾ
ਪ੍ਰਚੂਨ ਮਹਿੰਗਾਈ ਘਟਣ ਨਾਲ ਆਰ. ਬੀ. ਆਈ. ਫਰਵਰੀ ’ਚ ਹੋਣ ਵਾਲੀ ਮੋਨੇਟਰੀ ਪਾਲਿਸੀ ਦੀ ਬੈਠਕ ’ਚ ਰੈਪੋ ਰੇਟ ’ਚ ਕਟੌਤੀ ਦਾ ਐਲਾਨ ਕਰ ਸਕਦਾ ਹੈ। ਲੰਬੇ ਸਮੇਂ ਤੋਂ ਰੈਪੋ ਰੇਟ ’ਚ ਕਟੌਤੀ ਦੀ ਮੰਗ ਹੋ ਰਹੀ ਹੈ। ਹਾਲਾਂਕਿ, ਮਹਿੰਗਾਈ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਅਟਕਿਆ ਹੋਇਆ ਹੈ। ਹੁਣ ਉਮੀਦ ਹੈ ਕਿ ਫਰਵਰੀ ’ਚ ਕਰਜ਼ਾ ਸਸਤਾ ਹੋ ਸਕਦਾ ਹੈ।
ਮਕਰ ਸੰਕ੍ਰਾਂਤੀ ਦੇ ਦਿਨ ਬਦਲੇ ਸੋਨੇ-ਚਾਂਦੀ ਦੇ ਭਾਅ, ਜਾਣੋ ਕੀ ਹੈ 14 ਜਨਵਰੀ ਨੂੰ ਨਵੀਂ ਕੀਮਤ
NEXT STORY