ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਬਚਤ ਖਾਤੇ 'ਤ ਵਿਆਜ ਦਰ 0.5 ਫੀਸਦੀ ਘਟਾ ਦਿੱਤੀ ਹੈ। ਹੁਣ 1 ਕਰੋੜ ਰੁਪਏ ਤਕ ਜਮ੍ਹਾ ਰਾਸ਼ੀ 'ਤੇ ਸਿਰਫ 3.5 ਫੀਸਦੀ ਵਿਆਜ ਮਿਲੇਗਾ, ਜੋ ਹੁਣ ਤਕ 4 ਫੀਸਦੀ ਮਿਲਦਾ ਸੀ। 1 ਕਰੋੜ ਤੋਂ ਜ਼ਿਆਦਾ ਜਮ੍ਹਾ 'ਤੇ ਪਹਿਲੇ ਦੀ ਤਰ੍ਹਾਂ 4 ਫੀਸਦੀ ਵਿਆਜ ਮਿਲਦਾ ਰਹੇਗਾ। ਇਹ ਨਵਾਂ ਫੈਸਲਾ 31 ਜੁਲਾਈ ਤੋਂ ਲਾਗੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਇਕੋ-ਇਕ ਅਜਿਹਾ ਸਰਕਾਰੀ ਬੈਂਕ ਹੈ, ਜਿਸ ਨੇ ਬਰਾਂਚ 'ਚ ਪੈਸੇ ਜਮ੍ਹਾ ਕਰਾਉਣ ਅਤੇ ਕਢਾਉਣ ਲਈ ਵੀ ਨਿਯਮ ਬਣਾਏ ਹੋਏ ਹਨ। ਇਸ ਤੋਂ ਇਲਾਵਾ ਬੈਂਕ ਨੇ ਪਹਿਲਾਂ ਹੀ ਐੱਫ. ਡੀ. 'ਤੇ ਵਿਆਜ ਦਰਾਂ ਘਟਾਈਆਂ ਹੋਈਆਂ ਹਨ।
37 ਕਰੋੜ ਲੋਕ ਹੋਣਗੇ ਪ੍ਰਭਾਵਿਤ
ਬੈਂਕ ਦੇ ਇਕ ਅਧਿਕਾਰੀ ਮੁਤਾਬਕ, ਅਜਿਹੇ 90 ਫੀਸਦੀ ਖਾਤੇ ਹਨ, ਜਿਨ੍ਹਾਂ 'ਚ ਜਮ੍ਹਾ ਰਾਸ਼ੀ 1 ਕਰੋੜ ਤੋਂ ਘੱਟ ਹੈ। ਐੱਸ. ਬੀ. ਆਈ. ਦੇ ਅਜੇ 42 ਕਰੋੜ ਗਾਹਕ ਹਨ, ਇਨ੍ਹਾਂ 'ਚੋਂ 37 ਕਰੋੜ ਪ੍ਰਭਾਵਿਤ ਹੋਣਗੇ। ਮਾਰਚ 2017 ਤਕ ਐੱਸ. ਬੀ. ਆਈ. 'ਚ 26 ਲੱਖ ਕਰੋੜ ਰੁਪਏ ਜਮ੍ਹਾ ਸਨ, ਜਿਨ੍ਹਾਂ 'ਚੋਂ 9.4 ਲੱਖ ਕਰੋੜ ਬਚਤ ਖਾਤੇ 'ਚ ਸਨ। ਵਿਆਜ ਦਰ ਘਟਾਉਣ ਨਾਲ ਬੈਂਕ ਨੂੰ ਫਾਇਦਾ ਹੋਵੇਗਾ, ਉਸ ਨੂੰ ਸਾਲ 'ਚ 4,700 ਕਰੋੜ ਰੁਪਏ ਘੱਟ ਦੇਣੇ ਪੈਣਗੇ। ਬੈਂਕ ਵੱਲੋਂ ਵਿਆਜ ਘਟਾਏ ਜਾਣ ਦਾ ਪ੍ਰਮੁੱਖ ਕਾਰਨ ਨੋਟਬੰਦੀ ਦੌਰਾਨ ਜਮ੍ਹਾ ਹੋਏ 1.5 ਲੱਖ ਕਰੋੜ ਰੁਪਏ ਹਨ, ਜਿਨ੍ਹਾਂ 'ਚੋਂ 60 ਹਜ਼ਾਰ ਕਰੋੜ ਹੁਣ ਵੀ ਬੈਂਕ 'ਚ ਹਨ। ਐੱਸ. ਬੀ. ਆਈ. ਨੇ 2011 'ਚ ਵਿਆਜ ਦਰ 3.5 ਫੀਸਦੀ ਤੋਂ ਵਧਾ ਕੇ 4 ਫੀਸਦੀ ਕੀਤੀ ਸੀ। ਉਸ ਤੋਂ ਬਾਅਦ ਪਹਿਲੀ ਵਾਰ ਇਸ 'ਚ ਕਟੌਤੀ ਕੀਤੀ ਗਈ ਹੈ, ਯਾਨੀ 6 ਸਾਲ ਬਾਅਦ ਬਚਤ ਖਾਤੇ 'ਤੇ ਵਿਆਜ ਦਰ ਘਟਾਈ ਗਈ ਹੈ।
ਇਹ ਬੈਂਕ ਦੇ ਰਹੇ ਹਨ ਜ਼ਿਆਦਾ ਵਿਆਜ— ਐੱਸ. ਬੀ. ਆਈ. ਦੇ ਇਲਾਵਾ ਜ਼ਿਆਦਾਤਰ ਸਰਕਾਰੀ ਬੈਂਕ ਬਚਤ ਖਾਤੇ 'ਤੇ 4 ਫੀਸਦੀ ਵਿਆਜ ਦੇ ਰਹੇ ਹਨ। ਉੱਥੇ ਹੀ, ਯੈੱਸ ਅਤੇ ਕੋਟਕ ਮਹਿੰਦਰਾ ਬੈਂਕ 6 ਫੀਸਦੀ ਵਿਆਜ ਦਿੰਦੇ ਹਨ। ਨੋਟਬੰਦੀ ਦੇ ਸਮੇਂ ਬੈਂਕਾਂ 'ਚ ਜਮ੍ਹਾ ਹੋਏ ਪੈਸਿਆਂ ਦਾ ਤਕਰੀਬਨ 60 ਫੀਸਦੀ ਹਿੱਸਾ ਹੁਣ ਵੀ ਜ਼ਿਆਦਾਤਰ ਬੈਂਕਾਂ 'ਚ ਪਿਆ ਹੈ। ਇਸ ਲਈ ਉਹ ਵੀ ਵਿਆਜ ਦਰ ਘੱਟ ਕਰਨ ਦੀ ਤਿਆਰੀ 'ਚ ਹਨ ਯਾਨੀ ਤੁਹਾਡੇ ਬਚਤ ਖਾਤੇ 'ਤੇ ਹੁਣ ਤੁਹਾਨੂੰ ਜ਼ਿਆਦਾ ਵਿਆਜ ਨਹੀਂ ਮਿਲੇਗਾ।
ਨਹੀਂ ਹੋਵੇਗਾ ਐੱਚ.ਡੀ.ਐੱਫ ਸੀ ਲਾਈਫ ਅਤੇ ਮੈਕਸ ਗਰੁੱਪ ਦੇ ਵਿਚ ਸੌਦਾ
NEXT STORY