ਮੁੰਬਈ — ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ ਦੇ ਨਾਲ ਹੀ 80 ਤੋਂ ਜ਼ਿਆਦਾ ਉਤਪਾਦਾਂ 'ਤੇ ਜੀ.ਐੱਸ.ਟੀ. ਦਰਾਂ 'ਚ ਕਮੀ ਕੀਤੇ ਜਾਣ, ਮੋਦੀ ਸਰਕਾਰ ਦੇ ਬੇਭਰੋਸਗੀ ਮਤਾ ਜਿੱਤਣ ਅਤੇ ਗਲੋਬਲ ਪੱਧਰ 'ਤੇ ਮਿਲੇ ਸਕਾਰਾਤਮਕ ਸੰਕੇਤਾਂ ਨਾਲ ਉਤਸ਼ਾਹਿਤ ਨਿਵੇਸ਼ਕਾਂ ਵਲੋਂ ਮਜ਼ਬੂਤ ਖਰੀਦਦਾਰੀ ਦੇ ਜ਼ੋਰ ਨਾਲ ਬੀਤੇ ਹਫਤੇ ਸ਼ੇਅਰ ਬਾਜ਼ਾਰ ਨਵੇਂ ਸਿਖਰ 'ਤੇ ਪਹੁੰਚਣ 'ਚ ਸਫਲ ਰਿਹਾ। ਅਗਲੇ ਹਫਤੇ ਵੀ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੇ ਨਾਲ ਹੀ ਆਟੋਮੋਬਾਇਲ ਕੰਪਨੀਆਂ ਦੀ ਸੇਲ ਅਤੇ ਮੈਨੂਫੈਕਚਰਿੰਗ ਪੀ.ਐੱਮ.ਆਈ. 'ਤੇ ਬਾਜ਼ਾਰ ਦੀ ਚਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਅਨੁਸਾਰ ਅਗਲੇ ਹਫਤੇ ਵੀ ਬਾਜ਼ਾਰ ਵਿਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਪਰ ਛੋਟੇ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਮੀਖਿਆ ਅਧੀਨ ਮਿਆਦ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਪਹਿਲੀ ਵਾਰ 37 ਹਜ਼ਾਰ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦੇ ਹੋਏ 37336.85 ਅੰਕ 'ਤੇ ਪਹੁੰਚਣ 'ਚ ਸਫਲ ਰਿਹਾ। ਇਸ ਦੌਰਾਨ ਇਸ ਨੇ 840.48 ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ(ਐੱਨ.ਐੱਸ.ਈ.) ਦਾ ਨਿਫਟੀ 268.15 ਅੰਕ ਯਾਨੀ 2.44 ਫੀਸਦੀ ਉਛਲ ਕੇ 11278.35 ਅੰਕ 'ਤੇ ਰਿਹਾ। ਹਫਤੇ ਦੌਰਾਨ ਸ਼ੇਅਰ ਬਾਜ਼ਾਰ ਵਿਚ ਉਤਾਰ-ਚੜ੍ਹਾਅ ਦਾ ਰੁਖ਼ ਰਿਹਾ ਕਿਉਂਕਿ ਜੁਲਾਈ ਮਹੀਨੇ ਦਾ ਵਾਇਦਾ ਅਤੇ ਆਪਸ਼ਨਲ ਸੌਦੇ ਦਾ ਨਿਪਟਾਰਾ ਵੀਰਵਾਰ ਨੂੰ ਹੋਇਆ ਅਤੇ ਇਸ ਤੋਂ ਬਾਅਦ ਅਗਸਤ ਦਾ ਵਾਇਦਾ ਅਤੇ ਆਪਸ਼ਨਲ ਸੌਦੇ ਸ਼ੁਰੂ ਹੋ ਗਏ।
ਹਫਤੇ ਭਰ ਦੀ ਸੈਂਸੈਕਸ ਸਮੀਖਿਆ
ਬੀਤੇ ਹਫਤੇ 'ਚ ਬੀ.ਐੱਸ.ਈ. 'ਚ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਛੋਟੀਆਂ ਅਤੇ ਮੱਧਮ ਕੰਪਨੀਆਂ ਵਲੋਂ ਖਰੀਦਦਾਰੀ ਦਾ ਜ਼ਿਆਦਾ ਜ਼ੋਰ ਦੇਖਿਆ ਗਿਆ। ਇਸ ਨਾਲ ਬੀ.ਐੱਸ.ਈ. ਮਿਡਕੈਪ 716.16 ਅੰਕ ਭਾਵ 4.71 ਫੀਸਦੀ ਵਧ ਕੇ 15912.62 ਅੰਕ 'ਤੇ ਅਤੇ ਸਮਾਲਕੈਪ 728.77 ਅੰਕ ਅਰਥਾਤ 4.64 ਅੰਕ ਉੱਠ ਕੇ 16450.20 ਅੰਕ 'ਤੇ ਰਿਹਾ। ਹਫਤੇ ਦੀ ਸ਼ੁਰੂਆਤ 'ਚ ਸੈਂਸੈਕਸ 222.23 ਅੰਕਾਂ ਦੇ ਵਾਧੇ ਨਾਲ 36,718.60 ਅੰਕ ਰਿਹਾ। ਇਸ ਤਰ੍ਹਾਂ ਨਾਲ ਐੱਨ.ਐੱਸ.ਈ. ਦਾ ਨਿਫਟੀ 74.55 ਅੰਕ ਉੱਠ ਕੇ 11084.75 ਅੰਕ 'ਤੇ ਜਾ ਟਿਕਿਆ। ਮੰਗਲਵਾਰ ਨੂੰ ਵੀ ਬਾਜ਼ਾਰ ਵਿਚ ਤੇਜ਼ੀ ਰਹੀ। ਇਸ ਦੌਰਾਨ ਸੈਂਸੈਕਸ 106.50 ਅੰਕ ਅਤੇ ਨਿਫਟੀ 49.55 ਅੰਕ ਦਾ ਵਾਧਾ ਦਰਜ ਕਰਨ 'ਚ ਕਾਮਯਾਬ ਰਿਹਾ। ਬੁੱਧਵਾਰ ਨੂੰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੌਰਾਨ ਮਾਮੂਲੀ ਤੇਜ਼ੀ ਦਰਜ ਕੀਤੀ ਗਈ ਅਤੇ ਸੈਂਸੈਕਸ 33.13 ਅੰਕ ਅਤੇ ਨਿਫਟੀ 2.30 ਅੰਕ ਦਾ ਵਾਧਾ ਹਾਸਲ ਕਰਨ 'ਚ ਕਾਮਯਾਬ ਰਿਹਾ।
ਇਸ ਦੇ ਅਗਲੇ ਦਿਨ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਰਹੀ ਜਿਸ ਦੇ ਜ਼ੋਰ 'ਤੇ ਸੈਂਸੈਕਸ ਪਹਿਲੀ ਵਾਰ 37 ਹਜ਼ਾਰ ਅੰਕ ਦੇ ਪੱਧਰ ਨੂੰ ਪਾਰ ਕਰਨ 'ਚ ਸਫਲ ਹੋਇਆ ਸੀ। ਹਾਲਾਂਕਿ ਕਿ ਅੰਤ ਵਿਚ ਇਹ 126.41 ਅੰਕ ਚੜ੍ਹ ਕੇ 36984.64 ਅੰਕ 'ਤੇ ਅਤੇ ਨਿਫਟੀ 35.30 ਅੰਕ ਉੱਠ ਕੇ 11167.30 ਅੰਕ 'ਤੇ ਰਿਹਾ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਜ਼ਿਆਦਾ ਤੇਜ਼ੀ ਰਹੀ ਜਿਸ ਕਾਰਨ ਸੈਂਸੈਕਸ ਨੂੰ ਬੂਮ ਮਿਲਿਆ ਅਤੇ ਸੈਂਸੈਕਸ ਨੇ 352.21 ਅੰਕ ਦੀ ਛਲਾਂਗ ਲਗਾਕੇ ਪਹਿਲੀ ਵਾਰ 37 ਹਜ਼ਾਰ ਅੰਕ ਦੇ ਪਾਰ 37336.85 ਅੰਕ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਨਿਫਟੀ 111.05 ਅੰਕ ਯਾਨੀ 0.99 ਫੀਸਦੀ ਚੜ੍ਹ ਕੇ 11,278.35 ਅੰਕ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ।
ਹਫਤੇ ਬਾਅਦ ਬਾਜ਼ਾਰ ਦੇ ਬੰਦ ਹੋਣ ਤੋਂ ਬਾਅਦ ਪੈਟਰੋ ਉਤਪਾਦਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਕਾਰੋਬਾਰ ਕਰਨ ਵਾਲੀ ਅਤੇ ਬਾਜ਼ਾਰ ਪੂੰਜੀਕਰਣ ਦੇ ਆਧਾਰ 'ਤੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਨਤੀਜਾ ਆਇਆ ਸੀ ਜਿਸ ਦਾ ਅਸਰ ਅਗਲੇ ਹਫਤੇ ਬਾਜ਼ਾਰ 'ਤੇ ਦਿਖੇਗਾ। ਕੰਪਨੀ ਦਾ ਸਮੁੱਚਾ ਕੁੱਲ ਮੁਨਾਫਾ ਚਾਲੂ ਵਿੱਤੀ ਸਾਲ ਦੀ 30 ਜੂਨ ਨੂੰ ਖਤਮ ਪਹਿਲੀ ਤਿਮਾਹੀ 'ਚ 17.9 ਫੀਸਦੀ ਵਧ ਕੇ ਰਿਕਾਰਡ 9,459 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੇਅਰ ਬਾਜ਼ਾਰ ਦੇ ਨਵੇਂ ਸਿਖਰ 'ਤੇ ਪਹੁੰਚਣ ਦੇ ਮੱਦੇਨਜ਼ਰ ਛੋਟੇ ਅਤੇ ਪ੍ਰਚੂਨ ਨਿਵੇਸ਼ਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਕਦੇ ਵੀ ਮੁਨਾਫਾ ਵਸੂਲੀ ਕਰ ਸਕਦੇ ਹਨ। ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਗਿਆ ਹੈ ਕਿ ਦਿੱਗਜ ਕੰਪਨੀਆਂ ਅਤੇ ਜ਼ਿਆਦਾ ਉਤਰਾਅ-ਚੜ੍ਹਾਅ ਵਾਲੀਆਂ ਕੰਪਨੀਆਂ 'ਚ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਅਗਲੇ ਹਫਤੇ ਜਿਨ੍ਹਾਂ ਕੰਪਨੀਆਂ ਦੇ ਪਹਿਲੀ ਤਿਮਾਹੀ 'ਚ ਨਤੀਜੇ ਆਉਣ ਵਾਲੇ ਹਨ ਉਨ੍ਹਾਂ 'ਚ ਐਕਸਿਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਇੰਡੀਗੋ ਅਤੇ ਟਾਟਾ ਮੋਟਰਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਬੀਤੇ ਹਫਤੇ ਸੈਂਸੈਕਸ 'ਚ ਵਾਧੇ 'ਚ ਰਹਿਣ ਵਾਲਿਆਂ 'ਚ ਆਈ.ਟੀ.ਸੀ. 10.51 ਫੀਸਦੀ, ਟਾਟਾ ਮੋਟਰਜ਼ 5.64 ਫੀਸਦੀ, ਆਈ.ਸੀ.ਆਈ.ਸੀ.ਆਈ. ਬੈਂਕ 10.26 ਫੀਸਦੀ,ਐੱਲ.ਐਂਡ.ਟੀ. 3.31 ਫੀਸਦੀ, ਏਅਰਟੈੱਲ 4.76 ਫੀਸਦੀ, ਏਸ਼ੀਅਨ ਪੇਂਟਸ 2.60 ਫੀਸਦੀ ਅਤੇ ਰਿਲਾਇੰਸ ਇੰਡਸਟਰੀਜ਼ 0.09 ਫੀਸਦੀ 'ਤੇ ਹਨ।
LTC : ਮਿਲ ਸਕਦੀ ਹੈ ਵਿਦੇਸ਼ ਜਾਣ ਦੀ ਸੁਵਿਧਾ
NEXT STORY