ਮੁੰਬਈ— ਇਸ ਵਾਰ ਅੰਬ ਖਰੀਦਣੇ ਮਹਿੰਗੇ ਹੋ ਸਕਦੇ ਹਨ। ਉੱਤਰੀ-ਪੂਰਬੀ ਸੂਬਿਆਂ 'ਚ ਪਹਿਲਾਂ ਗਰਮੀ, ਫਿਰ ਠੰਡ ਅਤੇ ਉਸ ਦੇ ਬਾਅਦ ਬੇਮੌਸਮ ਬਾਰਿਸ਼ ਅਤੇ ਗੜਿਆਂ ਕਾਰਨ ਇਸ ਸਾਲ ਅੰਬ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆਂ ਹੈ। ਅੰਬਾਂ ਨੂੰ ਬੂਰ ਆਉਣ ਦੇ ਖਾਸ ਸਮੇਂ ਜਨਵਰੀ-ਫਰਵਰੀ 'ਚ ਮੌਸਮ ਅਚਾਨਕ ਗਰਮ ਹੋ ਗਿਆ। ਇਸ ਦੇ ਬਾਅਦ ਮੌਸਮ ਜਲਦ ਠੰਡਾ ਪੈ ਗਿਆ ਅਤੇ ਹੁਣ ਫਿਰ ਗਰਮੀ ਵਧ ਗਈ ਹੈ। ਅੰਬ ਦੀ ਅਗੇਤੀ ਫਸਲ ਤੋੜੇ ਜਾਣ ਤੋਂ ਪਹਿਲਾਂ ਉੱਤਰੀ-ਪੂਰਬੀ ਸੂਬਿਆਂ ਸਮੇਤ ਪ੍ਰਮੁੱਖ ਉਤਪਾਦਕ ਖੇਤਰਾਂ 'ਚ ਗੜੇਮਾਰੀ ਹੋਈ ਹੈ, ਜਿਸ ਨਾਲ ਵੱਡੇ ਪੱਧਰ 'ਤੇ ਫਸਲ ਨੂੰ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਫਲਾਂ ਦੇ ਰਾਜਾ ਅੰਬ ਦਾ ਸਵਾਦ ਚਖਣ ਲਈ ਲੋਕਾਂ ਨੂੰ ਜੇਬ 'ਚੋਂ ਜ਼ਿਆਦਾ ਰੁਪਏ ਖਰਚ ਕਰਨੇ ਪੈ ਸਕਦੇ ਹਨ।
ਸ਼ੁਰੂਆਤੀ ਸੰਕੇਤਾਂ ਦੇ ਆਧਾਰ 'ਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਜਨਵਰੀ 2018 'ਚ ਜਾਰੀ ਆਪਣੇ ਪਹਿਲੇ ਅਨੁਮਾਨ 'ਚ ਕਿਹਾ ਸੀ ਕਿ ਇਸ ਸੀਜ਼ਨ 'ਚ ਅੰਬ ਦਾ ਉਤਪਾਦਨ 5 ਫੀਸਦੀ ਵਧ ਕੇ 207 ਲੱਖ ਟਨ ਰਹੇਗਾ, ਜੋ ਪਿਛਲੇ ਸਾਲ 195 ਲੱਖ ਟਨ ਸੀ। ਉੱਥੇ ਹੀ, ਸਰਬ ਭਾਰਤੀ ਅੰਬ ਉਤਪਾਦਕ ਸੰਘ ਦਾ ਮੰਨਣਾ ਹੈ ਕਿ ਅਗਲੇ ਦੋ ਮਹੀਨਿਆਂ ਦੌਰਾਨ ਮੌਸਮ ਦੀ ਸਥਿਤੀ ਅੰਬ ਦੇ ਉਤਪਾਦਨ ਲਈ ਕਾਫੀ ਅਹਿਮ ਹੋਵੇਗੀ।
ਅੰਬ ਦੇ ਸੀਜ਼ਨ ਦੀ ਸ਼ੁਰੂਆਤ ਅਲਫਾਂਸੋ ਕਿਸਮ ਦੇ ਨਾਲ ਹੋਈ ਹੈ। ਇਸ ਦੀ ਮਾਡਲ ਕੀਮਤ ਸ਼ੁਰੂਆਤ 'ਚ 18 ਰੁਪਏ ਪ੍ਰਤੀ ਕਿਲੋ ਸੀ, ਜੋ ਇਕ ਸਮੇਂ ਵਧ ਕੇ 30 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਹਾਲਾਂਕਿ ਇਸ ਦੇ ਮੁੱਲ ਅਪ੍ਰੈਲ ਦੇ ਦੂਜੇ ਹਫਤੇ 'ਚ ਡਿੱਗ ਕੇ 14 ਰੁਪਏ ਪ੍ਰਤੀ ਕਿਲੋ 'ਤੇ ਆ ਗਏ ਪਰ ਹੁਣ ਵਧ ਕੇ 20 ਰੁਪਏ 'ਤੇ ਪਹੁੰਚ ਗਏ। ਹਾਜ਼ਰ ਪ੍ਰਚੂਨ ਬਾਜ਼ਾਰ 'ਚ ਕੇਸਰ ਕਿਸਮ ਦੇ ਅੰਬ 100 ਰੁਪਏ ਪ੍ਰਤੀ ਕਿਲੋ ਤਕ ਵਿਕ ਰਹੇ ਹਨ, ਜੋ ਪਿਛਲੇ ਸਾਲ ਤੋਂ 30-40 ਫੀਸਦੀ ਤਕ ਮਹਿੰਗੇ ਹਨ।
ਇੰਡੀਆਬੁਲਸ ਦਾ ਚੌਥੀ ਤਿਮਾਹੀ ਦਾ ਮੁਨਾਫਾ ਵਧਿਆ
NEXT STORY