ਨਵੀਂ ਦਿੱਲੀ - ਚੁਣੌਤੀ ਭਰੇ ਬਾਜ਼ਾਰ ਮਾਹੌਲ ’ਚ ਵਾਹਨ ਦਿੱਗਜ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਮਹਿੰਦਰਾ ਐਂਡ ਮਹਿੰਦਰਾ ਦੀ ਥੋਕ ਵਿਕਰੀ ਅਪ੍ਰੈਲ ਮਹੀਨੇ ’ਚ ਵਾਧੇ ’ਤੇ ਰਹੀ, ਜਦੋਂ ਕਿ ਟਾਟਾ ਮੋਟਰਜ਼ ਅਤੇ ਹੁੰਡਈ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਘਰੇਲੂ ਯਾਤਰੀ ਵਾਹਨ ਸ਼੍ਰੇਣੀ ’ਚ ਪਿਛਲੇ ਮਹੀਨੇ ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਕ੍ਰਮਵਾਰ ਦੂਜੇ ਅਤੇ ਤੀਸਰੇ ਸਥਾਨ ’ਤੇ ਪਹੁੰਚ ਗਈਆਂ। ਉੱਥੇ ਹੀ, ਲੰਬੇ ਸਮੇਂ ਤੋਂ ਦੂਜੇ ਸਥਾਨ ’ਤੇ ਕਾਇਮ ਹੁੰਡਈ ਮੋਟਰ ਇੰਡੀਆ ਚੌਥੇ ਨੰਬਰ ’ਤੇ ਖਿਸਕ ਗਈ।
ਮੋਹਰੀ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਕੁੱਲ ਵਿਕਰੀ ਅਪ੍ਰੈਲ ਮਹੀਨੇ ’ਚ 7 ਫ਼ੀਸਦੀ ਵਧ ਕੇ 1,79,791 ਯੂਨਿਟ ਰਹੀ। ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ’ਚ ਕੁੱਲ 1,68,089 ਵਾਹਨ ਵੇਚੇ ਸਨ। ਕੰਪਨੀ ਬਿਆਨ ਅਨੁਸਾਰ, ਘਰੇਲੂ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਅਪ੍ਰੈਲ ’ਚ ਮਾਮੂਲੀ ਤੌਰ ’ਤੇ ਵਧ ਕੇ 1,38,704 ਯੂਨਿਟ ਹੋ ਗਈ। ਕੰਪਨੀ ਦੀਆਂ ਛੋਟੀਆਂ ਕਾਰਾਂ ਦੀ ਵਿਕਰੀ ਅਪ੍ਰੈਲ ’ਚ ਘਟ ਕੇ 6,332 ਇਕਾਈ ਰਹੀ। ਹਾਲਾਂਕਿ ਕੰਪੈਕਟ ਕਾਰਾਂ ਦੀ ਵਿਕਰੀ ਸਮੀਖਿਆ ਅਧੀਨ ਮਹੀਨੇ ’ਚ ਵਧ ਕੇ 61,591 ਯੂਨਿਟ ਹੋ ਗਈ। ਉਥੇ ਹੀ ਬਰੇਜ਼ਾ, ਅਰਟਿਗਾ, ਗ੍ਰੈਂਡ ਵਿਟਾਰਾ ਅਤੇ ਐਕਸ. ਐੱਲ. 6 ਵਰਗੇ ਯੂਟਿਲਿਟੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 59,022 ਯੂਨਿਟ ਰਹੀ।
ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੇ ਯੂਟਿਲਿਟੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ 28 ਫ਼ੀਸਦੀ ਵਧ ਕੇ 52,330 ਯੂਨਿਟ ਹੋ ਗਈ। ਐੱਮ. ਐਂਡ ਐੱਮ. ਲਿਮਟਿਡ ਦੇ ਪ੍ਰੈਜ਼ੀਡੈਂਟ (ਵਾਹਨ ਸ਼੍ਰੇਣੀ) ਵਿਜੇ ਨਾਕਰਾ ਨੇ ਕਿਹਾ, ‘‘ਪਿਛਲੇ ਸਾਲ ਦੇ ਪ੍ਰਦਰਸ਼ਨ ਦੀ ਰਫਤਾਰ ਨੂੰ ਕਾਇਮ ਰੱਖਦੇ ਹੋਏ ਅਸੀਂ ਅਪ੍ਰੈਲ ’ਚ 52,330 ਯੂਨਿਟ ਦੀ ਵਿਕਰੀ ਕੀਤੀ, ਜੋ 28 ਫ਼ੀਸਦੀ ਵਾਧਾ ਹੈ। ਕੁੱਲ ਵਾਹਨ ਵਿਕਰੀ ਸਾਲਾਨਾ ਆਧਾਰ ’ਤੇ 19 ਫ਼ੀਸਦੀ ਵਧ ਕੇ 84,170 ਇਕਾਈ ਰਹੀ। ਇਹ ਅੰਕੜੇ ਸਾਡੇ ਸੈਗਮੈਂਟ ਅਤੇ ਗਾਹਕ ਪੇਸ਼ਕਸ਼ ਦੀ ਤਾਕਤ ਨੂੰ ਦਰਸਾਉਂਦੇ ਹਨ।
ਉਥੇ ਹੀ ਟਾਟਾ ਮੋਟਰਜ਼ ਲਿਮਟਿਡ ਦੀ ਅਪ੍ਰੈਲ 2025 ’ਚ ਕੁੱਲ ਵਿਕਰੀ 6.1 ਫ਼ੀਸਦੀ ਘਟ ਕੇ 72,753 ਯੂਨਿਟ ਰਹਿ ਗਈ। ਟਾਟਾ ਮੋਟਰਜ਼ ਦੀ ਘਰੇਲੂ ਵਿਕਰੀ 7 ਫ਼ੀਸਦੀ ਘਟ ਕੇ 70,963 ਯੂਨਿਟ ਰਹਿ ਗਈ। ਇਲੈਕਟ੍ਰਿਕ ਵਾਹਨਾਂ (ਈ. ਵੀ.) ਸਮੇਤ ਕੁੱਲ ਯਾਤਰੀ ਵਾਹਨਾਂ (ਪੀ. ਵੀ.) ਦੀ ਵਿਕਰੀ ਸਾਲਾਨਾ ਆਧਾਰ ’ਤੇ 47,983 ਯੂਨਿਟ ਤੋਂ 5 ਫ਼ੀਸਦੀ ਘਟ ਕੇ 45,532 ਇਕਾਈ ਰਹਿ ਗਈ।
ਹੁੰਡਈ ਮੋਟਰ ਇੰਡੀਆ ਦੀ ਅਪ੍ਰੈਲ ’ਚ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 5 ਫ਼ੀਸਦੀ ਘਟ ਕੇ 60,774 ਯੂਨਿਟ ਰਹੀ। ਅਪ੍ਰੈਲ 2025 ’ਚ ਉਸ ਦੀ ਘਰੇਲੂ ਵਿਕਰੀ ਅਤੇ ਬਰਾਮਦ ਕ੍ਰਮਵਾਰ 44,374 ਅਤੇ 16,400 ਯੂਨਿਟ ਰਹੀ। ਕੀਆ ਇੰਡੀਆ ਦੀ ਘਰੇਲੂ ਵਿਕਰੀ ਸਾਲਾਨਾ ਆਧਾਰ ’ਤੇ 18 ਫ਼ੀਸਦੀ ਵਧ ਕੇ 23,623 ਯੂਨਿਟ ਹੋ ਗਈ। ਟੋਯੋਟਾ ਕਿਰਲੋਸਕਰ ਮੋਟਰ ਦੀ ਅਪ੍ਰੈਲ ’ਚ ਥੋਕ ਵਿਕਰੀ ਸਾਲਾਨਾ ਆਧਾਰ ’ਤੇ 33 ਫ਼ੀਸਦੀ ਵਧ ਕੇ 27,324 ਯੂਨਿਟ ਹੋ ਗਈ। ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਦੀ ਅਪ੍ਰੈਲ ’ਚ ਵਿਕਰੀ ਸਾਲਾਨਾ ਆਧਾਰ ’ਤੇ 23 ਫ਼ੀਸਦੀ ਵਧੀ। ਟੀ. ਵੀ. ਐੱਸ. ਮੋਟਰ ਕੰਪਨੀ ਦੀ ਅਪ੍ਰੈਲ ’ਚ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 16 ਫ਼ੀਸਦੀ ਵਧੀ।
ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
NEXT STORY