ਲੁਧਿਆਣਾ, (ਧੀਮਾਨ)– ਵਿਦੇਸ਼ਾਂ ਤੋਂ ਆਉਣ ਵਾਲੇ ਕੋਲੇ ਦੀ ਆਮਦ ਰੁਕਣ ਕਾਰਨ ਬਾਜ਼ਾਰ ’ਚ ਕੋਲੇ ਦੇ ਰੇਟ ਵਧ ਗਏ ਹਨ। ਜੋ ਕੋਲਾ ਪਿਛਲੇ ਇਕ ਮਹੀਨਾ ਪਹਿਲਾਂ 10 ਰੁਪਏ ਪ੍ਰਤੀ ਕਿਲੋ ਸੀ, ਉਹ ਅੱਜ ਸਿੱਧਾ 20 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ। ਕੋਲੇ ਦੀਆਂ ਕੀਮਤਾਂ ਦੀ ਵਧੀ ਅੱਗ ਨੇ ਲੋਹੇ ਨੂੰ ਆਪਣੀ ਲਪੇਟ ’ਚ ਲੈਂਦੇ ਹੋਏ ਉਸ ਦੇ ਰੇਟ 500 ਰੁਪਏ ਪ੍ਰਤੀ ਟਨ ਵਧਾ ਦਿੱਤੇ ਹਨ। ਇਸ ਦਾ ਸਿੱਧਾ ਅਸਰ ਇੰਜੀਨੀਅਰਿੰਗ ਇੰਡਸਟਰੀ ’ਤੇ ਆਵੇਗਾ। ਖਾਸ ਤੌਰ ’ਤੇ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਬਰਾਮਦਕਾਰਾਂ ਨੂੰ ਕਰਨਾ ਪਵੇਗਾ।
ਇੰਡੈਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ. ਗਰਗ ਕਹਿੰਦੇ ਹਨ ਕਿ ਹੁਣ ਜਦੋਂ ਰੇਟ ਜੇਬ ’ਤੇ ਭਾਰੀ ਪੈਣ ਲੱਗੇ ਉਦੋਂ ਜਾ ਕੇ ਫਰਨੇਸ ਇਕਾਈਆਂ ਨੇ 500 ਰੁਪਏ ਪ੍ਰਤੀ ਟਨ ਵਧਾਉਣ ਦਾ ਫੈਸਲਾ ਲਿਆ। ਇਕ ਮਹੀਨੇ ’ਚ ਕੋਲੇ ਦੇ ਰੇਟ 4 ਵਾਰ ਵਧੇ ਹਨ। ਸਭ ਤੋਂ ਪਹਿਲਾਂ ਕੋਲਾ 10 ਰੁਪਏ ਪ੍ਰਤੀ ਕਿਲੋ ਤੋਂ 12 ਰੁਪਏ ਪ੍ਰਤੀ ਕਿਲੋ ਹੋਇਆ ਅਤੇ ਉਸ ਤੋਂ ਬਾਅਦ 14 ਅਤੇ ਫਿਰ 16 ਰੁਪਏ ਪ੍ਰਤੀ ਕਿਲੋ ’ਤੇ ਪਹੁੰਚਿਆ। ਇੱਥੋਂ ਤੱਕ ਕੇ ਫਰਨੇਸ ਇਕਾਈਆਂ ਨੇ ਕਨਵਰਜਨ ਚਾਰਜ਼ਿਜ਼ ਨਹੀਂ ਵਧਾਏ ਪਰ ਹੁਣ ਰੇਟ ਸਿੱਧੇ 20 ਰੁਪਏ ਪ੍ਰਤੀ ਪਹੁੰਚੇ ਤਾਂ ਇਸ ਦਾ ਥੋੜਾ ਜਿਹਾ ਭਾਰ ਲੋਹਾ ਖਰੀਦ ਵਾਲਿਆਂ ’ਤੇ ਪਾਉਣਾ ਪਿਆ। ਇਕ ਟਨ ਲੋਹੇ ਨੂੰ ਕਨਵਰਜਨ ਕਰਨ ਲਈ ਕਰੀਬ 80 ਕਿਲੋ ਕੋਲਾ ਲਗਦਾ ਹੈ। ਇਸ ਹਿਸਾਬ ਨਾਲ ਫਰਨੇਸ ਇਕਾਈਆਂ ਨੂੰ ਰੇਟ 800 ਰੁਪਏ ਪ੍ਰਤੀ ਟਨ ਵਧਾਉਣੇ ਚਾਹੀਦੇ ਸਨ। ਫਿਰ ਵੀ 500 ਰੁਪਏ ਟਨ ਹੀ ਕਿਉਂ ਵਧਾਏ ਹਨ ਤਾਂ ਕਿ ਲੋਹਾ ਖਰੀਦਣ ਵਾਲਿਆਂ ’ਤੇ ਜ਼ਿਆਦਾ ਕੀਮਤਾਂ ਦਾ ਭਾਰ ਨਾ ਪਵੇ। ਭਾਰਤ ’ਚ ਕੋਲਾ ਇੰਡੋਨੇਸ਼ੀਆ ਤੋਂ ਇਲਾਵਾ 6 ਦੇਸ਼ਾਂ ਤੋਂ ਆਉਂਦਾ ਹੈ।
ਰੇਟ ਵਧਣ ਕਾਰਨ ਘਟਿਆ ਮਾਰਜਨ
ਦੂਜੇ ਪਾਸੇ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕਾਊਂਸਲ ਦੇ ਸਾਬਕਾ ਉੱਤਰੀ ਚੇਅਰਮੈਨ ਐੱਸ. ਸੀ. ਰਲਹਨ ਅਤੇ ਯੂਰੋ ਫੋਰਜ ਦੇ ਸੀ. ਐੱਮ. ਡੀ. ਅਮਿਤ ਗੋਸਵਾਮੀ ਕਹਿੰਦੇ ਹਨ ਕਿ ਰੇਟ ਵਧਣ ਨਾਲ ਉਨ੍ਹਾਂ ਦੇ ਮਾਰਜਨ ਨਾਮਾਤਰ ਰਹਿ ਗਿਆ ਹੈ। ਪਹਿਲਾਂ ਹੀ ਵਿਸ਼ਵ ਬਾਜ਼ਾਰ ’ਚ ਵਧੇਰੇ ਮੁਕਾਬਲੇਬਾਜ਼ੀ ਹੋਣ ਕਾਰਨ ਮਾਰਜਨ ਬਹੁਤ ਘੱਟ ਮਿਲਦਾ ਹੈ ਪਰ ਹੁਣ ਜੋ ਰੇਟ ਵਧੇ ਹਨ, ਉਸ ਦੀ ਭਰਪਾਈ ਕਾਰੋਬਾਰੀਆਂ ਨੂੰ ਆਪਣੀ ਜੇਬ ’ਚੋਂ ਕਰਨੀ ਪਵੇਗੀ। ਖਰੀਦਦਾਰ ਰੇਟ ਵਧਾ ਕੇ ਪੇਮੈਂਟ ਦੇਣ ਨੂੰ ਰਾਜ਼ੀ ਨਹੀਂ ਹੁੰਦੇ। ਕਾਰਨ, ਆਰਡਰ ਲੈਂਦੇ ਸਮੇਂ ਕੱਚੇ ਮਾਲ ਦੀਆਂ ਭਵਿੱਖ ’ਚ ਕਿੰਨੀਆਂ ਕੀਮਤਾਂ ਵਧਣਗੀਆਂ, ਉਸ ਦੇ ਮੁਤਾਬਕ ਖਰੀਦਦਾਰ ਨੂੰ ਤਿਆਰ ਮਾਲ ਦੇ ਰੇਟ ਦਿੱਤੇ ਜਾਂਦੇ ਹਨ। ਫਿਰ ਰੇਟ ਵਧੇ ਜਾਂ ਘੱਟ ਹੋਵ ਮਾਲ ਤੈਅ ਹੋਈ ਕੀਮਤ ’ਤੇ ਹੀ ਵਿਕੇਗਾ। ਪਰ ਹੁਣ ਕੋਲੇ ਕਾਰਨ ਬਰਾਮਦਕਾਰਾਂ ਨੂੰ ਇਹ ਘਾਟਾ ਕਾਫੀ ਲੰਮਾ-ਚੌੜਾ ਹੋਵੇਗਾ। ਉਂਝ ਵੀ ਮਾਲ-ਭਾੜਾ ਵਧਣ ਕਾਰਨ ਬਰਾਮਦ ਕਰਨਾ ਮਹਿੰਗਾ ਹੋ ਗਿਆ ਹੈ ਜੋ 40 ਫੁੱਟ ਦਾ ਕੰਟੇਨਰ ਪੰਜਾਬ ਤੋਂ ਯੂ. ਐੱਸ. ’ਚ 1000 ਤੋਂ 1200 ਯੂ. ਐੱਸ. ਡਾਲਰ ’ਚ ਜਾਂਦਾ ਸੀ ਉਹ ਅੱਜ 6000 ਰੁਪਏ ਦੇ ਲਗਭਗ ਪਹੁੰਚ ਗਿਆ ਹੈ। ਸ਼੍ਰੀ ਰਲਹਨ ਕਹਿੰਦੇ ਹਨ ਕਿ ਸਰਕਾਰ ਨੂੰ ਸਟੀਲ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਕਹਿ-ਕਹਿ ਕੇ ਥੱਕ ਗਏ ਹਾਂ ਪਰ ਸਟੀਲ ਕੰਪਨੀਆਂ ਵੀ ਸੁਣਨ ਨੂੰ ਤਿਆਰ ਨਹੀਂ। ਇਸ ਲਈ ਹੁਣ ਓਨੇ ਹੀ ਆਰਡਰ ਫੜ੍ਹ ਰਹੇ ਹਾਂ, ਜਿੰਨਾ ਭੁਗਤਾਨ ਕੀਤਾ ਜਾ ਸਕੇ।
McDonald's 'ਚ ਉਠਾ ਸਕੋਗੇ ਹੁਣ ਮਸਾਲਾ ਕੜਕ ਚਾਹ ਤੇ ਦੁੱਧ ਦਾ ਲੁਤਫ਼!
NEXT STORY