ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 12 ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ. ਐੱਮ. ਈ. ਆਰ.) ਦੇ ਅੰਦਰ ਸਥਿਤ ਗੁਰਦੁਆਰਾ ਪ੍ਰਤੱਖ ਦਰਸ਼ਨ ਪਾਤਸ਼ਾਹੀ ਛੇਵੀਂ ਦੂਰ-ਦੁਰਾਡੇ ਅਤੇ ਪੱਛੜੇ ਖੇਤਰਾਂ ਤੋਂ ਇਲਾਜ ਲਈ ਪੀ.ਜੀ.ਆਈ. ਆਉਣ ਵਾਲੇ ਮਰੀਜ਼ਾਂ ਲਈ ਉਮੀਦ ਦੀ ਇਕ ਕਿਰਨ ਹੈ। ਇਸ ਗੁਰਦੁਆਰਾ ਸਾਹਿਬ ਨੇ ਸਿੱਖ ਧਰਮ ਦੀ ਸੇਵਾ ਦੀ ਵਿਲੱਖਣ ਵਿਸ਼ੇਸ਼ਤਾ ਨੂੰ ਜਿਊਂਦਾ ਰੱਖਿਆ ਹੋਇਆ ਹੈ। ਇੱਥੇ ਮਰੀਜ਼ਾਂ ਦੀ ਰਿਹਾਇਸ਼ ਅਤੇ ਭੋਜਨ ਦੀਆਂ ਬਹੁਤ ਹੀ ਵਧੀਆਂ ਸਹੂਲਤਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਦੱਸਣਯੋਗ ਹੈ ਕਿ ਪਿਛਲੇ ਲੱਗਭਗ 12 ਸਾਲਾਂ ਤੋਂ ਗੁਰਦੁਆਰਾ ਸਾਹਿਬ ਹਰ ਰੋਜ਼ ਲੱਗਭਗ 6000 ਲੋਕਾਂ ਨੂੰ ਲੰਗਰ ਵਰਤਾਉਂਦਾ ਹੈ, ਜਿਸ ਵਿੱਚ ਮੁੱਖ ਤੌਰ ’ਤੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ। ਹਰ ਰਾਤ ਲੱਗਭਗ 1500 ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕਰਦਾ ਹੈ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਗੁਰਦੁਆਰੇ ਦੀ ਨਿਰਸਵਾਰਥ ਸੇਵਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ਵੈੱਲਫੇਅਰ ਟਰੱਸਟ (ਸੀ.ਡਬਲਿਊ.ਟੀ.) ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਅਤੇ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਨਾਲ 21 ਜੁਲਾਈ ਨੂੰ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।
ਸੀ.ਡਬਲਿਊ.ਟੀ. ਵੱਲੋਂ ਆਯੋਜਿਤ ਇਸ ਦੌਰੇ ਦੌਰਾਨ ਪੁਰੋਹਿਤ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੂੰ ਹਰ ਰੋਜ਼ ਵੱਖ-ਵੱਖ ਸੂਬਿਆਂ ਤੋਂ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ। ਇੱਥੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਤੋਂ ਲੈ ਕੇ ਮੈਡੀਕਲ ਟੈਸਟਾਂ ਤੱਕ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ 'ਤੇ ਮਰੀਜ਼ਾਂ ਨੂੰ ਸਪੈਸ਼ਲ ਡਾਈਟ ਵੀ ਦਿੱਤੀ ਜਾਂਦੀ ਹੈ। ਕੁਝ ਲੋਕਾਂ ਨੂੰ ਆਉਣ-ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਪੀ. ਜੀ. ਆਈ. ਦੇ ਬਾਹਰ ਵੀ ਕੀਮੋਥੈਰੇਪੀ ਅਤੇ ਡਾਇਲਸਿਸ ਵਰਗੇ ਹੋਰ ਪ੍ਰਬੰਧਾਂ ਨਾਲ ਮਰੀਜ਼ਾਂ ਦੀ ਮਦਦ ਕਰਦਾ ਹੈ।
ਗੁਰਦੁਆਰੇ ਦਾ ਦੌਰਾ ਕਰਦਿਆਂ ਰਾਜਪਾਲ ਨੂੰ ਗੁਰਦੁਆਰੇ ਨੂੰ ਦਰਪੇਸ਼ ਕਈ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਬਨਵਾਰੀਲਾਲ ਪੁਰੋਹਿਤ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਮਨੁੱਖਤਾ ਦੀ ਸੇਵਾ ਲਈ ਅਣਥੱਕ ਯਤਨਾਂ ਨੂੰ ਸਵੀਕਾਰ ਕੀਤਾ, ਨੇ ਕਿਹਾ, “ਗੁਰਦੁਆਰਾ “ਸੇਵਾ” ਦੀ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ, ਜੋ ਸਿੱਖ ਧਰਮ ਦੀਆਂ ਸਰਵਉੱਚ ਸੇਵਾਵਾਂ ਵਿਚੋਂ ਇਕ ਹੈ। ਲੋੜਵੰਦਾਂ ਦੀ ਮਦਦ ਕਰਨ ਵਿਚ ਸਿੱਖ ਕੌਮ ਹਮੇਸ਼ਾ ਮੋਹਰੀ ਰਹੀ ਹੈ। ਇਹ ਸ਼ਲਾਘਾਯੋਗ ਹੈ ਕਿ ਕਿਸ ਤਰ੍ਹਾਂ ਇਹ ਗੁਰਦੁਆਰਾ ਅਤੇ ਇਸ ਦੀ ਪ੍ਰਬੰਧਕ ਕਮੇਟੀ ਉਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ, ਜੋ ਦੁਖੀ ਅਤੇ ਨਿਰਾਸ਼ ਹੋ ਕੇ ਇਸ ਹਸਪਤਾਲ ਆਉਂਦੇ ਹਨ।
ਉਨ੍ਹਾਂ ਕਿਹਾ, “ਚੰਡੀਗੜ੍ਹ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਦੀਆਂ ਸਹੂਲਤਾਂ ਨੂੰ ਵਧਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਜੋ ਲੋੜ ਦੇ ਸਮੇਂ ਵੱਧ ਤੋਂ ਵੱਧ ਲੋਕਾਂ ਨੂੰ ਮਦਦ ਮਿਲ ਸਕੇ।" ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨੇ ਗੁਰਦੁਆਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਗੁਰਦੁਆਰਾ ਪਿਛਲੇ 12 ਸਾਲਾਂ ਤੋਂ ਪੀ.ਜੀ.ਆਈ. ਆਉਣ ਵਾਲੇ ਮਰੀਜ਼ਾਂ ਅਤੇ ਰਿਸ਼ਤੇਦਾਰਾਂ ਦੀ ਸੇਵਾ ਕਰ ਰਿਹਾ ਹੈ, ਜੋ ਮਾਨਵਤਾ ਦੀ ਅਨੋਖੀ ਮਸਾਲ ਹੈ।
ਉਨ੍ਹਾਂ ਕਿਹਾ ਕਿ ਸੀ.ਡਬਲਿਊ.ਟੀ. ਚੰਡੀਗੜ੍ਹ ਸ਼ਹਿਰ ਦੀ ਭਲਾਈ ਲਈ ਵੀ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਨੂੰ ਮਨੁੱਖਤਾ ਦੀ ਸੇਵਾ ਕਰਨ ਦੇ ਆਪਣੇ ਮਿਸ਼ਨ ਵਿਚ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰੇਗਾ।" ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਮੁੱਖ ਮੈਡੀਕਲ ਅਦਾਰਿਆਂ ’ਚੋਂ ਇਕ ਹੋਣ ਕਰਕੇ ਇਥੇ ਹਜ਼ਾਰਾਂ ਮਰੀਜ਼ ਆਉਂਦੇ ਹਨ। 2021-22 ਦੇ ਅੰਕੜਿਆਂ ਮੁਤਾਬਕ ਹਰ ਸਾਲ 1552894 ਮਰੀਜ਼ ਪੀ.ਜੀ.ਆਈ. ਆਉਂਦੇ ਹਨ ਅਤੇ 81387 ਮਰੀਜ਼ ਹਰ ਸਾਲ ਦਾਖ਼ਲ ਹੁੰਦੇ ਹਨ। ਮਰੀਜ਼ਾਂ ਦੀ ਇੰਨੀ ਵੱਡੀ ਤਾਦਾਦ ਦਾ ਭਾਰ ਕਈ ਵਾਰ ਹਸਪਤਾਲ ’ਚ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ, ‘‘ਅਸੀਂ ਗੁਰਦੁਆਰਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਰਮਿਆਨ ਇਕ ਪੂਲ ਵਜੋਂ ਕੰਮ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਦੀਆਂ ਸੇਵਾਵਾਂ ਨੂੰ ਹੋਰ ਵਧਾਉਣ ਲਈ ਪ੍ਰਸ਼ਾਸਨ ਤੋਂ ਲੋੜੀਂਦੀ ਮਦਦ ਮਿਲੇ। ਉਨ੍ਹਾਂ ਕਿਹਾ, ‘‘ਚੰਡੀਗੜ੍ਹ ਨੂੰ ਮੈਡੀਸਿਟੀ ਬਣਾਇਆ ਜਾ ਸਕਦਾ ਹੈ। ਮੋਹਾਲੀ ਨੇ ਇਸ ਉਦੇਸ਼ ਵੱਲ ਕਾਫ਼ੀ ਕੰਮ ਕੀਤਾ ਹੈ ਅਤੇ ਹੁਣ ਚੰਡੀਗੜ੍ਹ ਦੀ ਵਾਰੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੋਲ ਇਕ ਮੈਡੀਸਿਟੀ ਬਣਨ ਦੀਆਂ ਸਾਰੀਆਂ ਖੂਬੀਆਂ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਚ ਇਸ ਸਮੇਂ ਪੀ.ਜੀ.ਆਈ., 4 ਸਰਕਾਰੀ ਹਸਪਤਾਲ, 16 ਪ੍ਰਾਈਵੇਟ ਹਸਪਤਾਲ, 3 ਪ੍ਰਾਇਮਰੀ ਹੈਲਥ ਸੈਂਟਰ, ਅਤੇ 34 ਡਿਸਪੈਂਸਰੀਆਂ, 7 ਮੈਡੀਕਲ ਸੈਂਟਰ ਅਤੇ 17 ਸਬ-ਸੈਂਟਰ ਹਨ। ਇਸ ਤੋਂ ਇਲਾਵਾ 12 ਚੈਰੀਟੇਬਲ ਹਸਪਤਾਲ ਅਤੇ ਟਰੱਸਟ ਹਨ ਅਤੇ ਵੱਖ-ਵੱਖ ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਪ੍ਰਬੰਧਿਤ 70 ਡਾਇਗਨਿਸਟਿਕ ਲੈਬਾਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਲਗਭਗ ਸਾਰੇ ਸੂਬਿਆਂ ਨਾਲ ਇਸ ਸ਼ਹਿਰ ਦੀ ਕੁਨੈਕਟਿਵਿਟੀ ਬਹੁਤ ਵਧੀਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਇੱਥੇ ਮੈਡੀਕਲ ਟੂਰਿਜ਼ਮ ਨੂੰ ਵੀ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ। ਸੋ ਸੀ.ਡਬਲਿਊ.ਟੀ. ਸ਼ਹਿਰ ’ਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣ ’ਤੇ ਧਿਆਨ ਕੇਂਦਰਿਤ ਕਰੇਗਾ ਅਤੇ ਇਸ ਨੂੰ ਇਕ ਮੈਡੀਕਲ ਹੱਬ ਬਣਾਉਣ ਦੀ ਕੋਸ਼ਿਸ਼ ਕਰੇਗਾ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਨੇ ਕਿਹਾ ਕਿ ਪੀ. ਜੀ. ਆਈ. ਐੱਮ. ਈ. ਆਰ. ਕੈਂਪਸ ਦਾ ਗੁਰਦੁਆਰਾ ਪਿਛਲੇ ਸਾਲਾਂ ਦੌਰਾਨ ਆਪਣੀਆਂ ਨਿਰਸਵਾਰਥ ਸੇਵਾਵਾਂ ਰਾਹੀਂ ਮਨੁੱਖਤਾ ਦੇ ਮੁਕਤੀਦਾਤਾ ਵਜੋਂ ਉੱਭਰਿਆ ਹੈ। ਸਿੱਖ ਭਾਈਚਾਰਾ ਜਾਤ, ਰੰਗ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਸਭ ਦੀ ਸੇਵਾ ਕਰਨ ਦੀ ਆਪਣੀ ਅਮੀਰ ਜੀਵਨ ਪ੍ਰੰਪਰਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਸਿੱਖ ਧਰਮ ਦਾ ਆਧਾਰ ਹੈ। ਇਹ ਗੁਰਦੁਆਰਾ ਦੂਰ-ਦੁਰਾਡੇ ਤੋਂ ਇਲਾਜ ਲਈ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਕੇ ਮਨੁੱਖਤਾ ਦੀ ਮਹਾਨ ਸੇਵਾ ਕਰ ਰਿਹਾ ਹੈ।
ਸਿੰਗਾਪੁਰ ਜਾ ਰਹੇ ਪ੍ਰਿੰਸੀਪਲਾਂ ਨਾਲ ਮੁਲਾਕਾਤ ਦੌਰਾਨ ਸਰਕਾਰੀ ਸਕੂਲਾਂ ਬਾਰੇ ਬੋਲੇ ਸਿੱਖਿਆ ਮੰਤਰੀ, ਕਹੀਆਂ ਅਹਿਮ ਗੱਲਾਂ
NEXT STORY