ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਪਟਨਾ, ਬਿਹਾਰ ਵਿਖੇ 9ਵੇਂ ਗੁਰੂ ਤੇਗ਼ ਬਹਾਦੁਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਇ ਸੀ।
ਉਸ ਸਮੇਂ ਮੁਗਲ ਸ਼ਾਸ਼ਕਾਂ ਦਾ ਅੱਤਿਆਚਾਰ ਬਹੁਤ ਵੱਧ ਚੁੱਕਾ ਸੀ। ਇਸ ਲਈ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਨੂੰ ਉੱਚ ਵਿੱਦਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਸ਼ਾਸ਼ਤਰ ਵਿੱਦਿਆ ਤੋਂ ਵੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਸੀ। ਗੁਰੂ ਸਾਹਿਬ ਜੀ ਨੇ ਆਪਣਾ ਜੀਵਨ ਸਾਂਝੀਵਾਲਤਾ ਦੇ ਉਦੇਸ਼ ਨੂੰ ਨਾਲ ਲੈ ਕੇ ਜੀਵਿਆ। ਬਚਪਨ ਵਿੱਚ ਜਦੋਂ ਉਨ੍ਹਾਂ ਦੀ ਉਮਰ ਸਿਰਫ਼ ਨੌਂ ਸਾਲ ਦੀ ਸੀ, ਤਾਂ ਉਨ੍ਹਾਂ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੁਰਬਾਨੀ ਦੇਣ ਲਈ ਭੇਜ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋਂ 9 ਸਾਲ ਦੀ ਉਮਰ ਵਿਚ ਗੁਰੂ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ 10ਵੇਂ ਵਾਰਸ ਦੇ ਰੂਪ ਵਿੱਚ ਗੁਰਿਆਈ ਪ੍ਰਾਪਤ ਹੋਈ। ਸਿਰਫ਼ 42 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਅਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਕੁਸ਼ਲਤਾ ਨਾਲ ਸਿਖਰ ‘ਤੇ ਪਹੁੰਚਾਇਆ।
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤ ਲੰਬਾ ਨਹੀਂ ਸੀ ਪਰ ਉਹ ਘਟਨਾਵਾਂ ਨਾਲ ਇੰਨਾ ਭਰਪੂਰ ਸੀ ਕਿ ਉਨ੍ਹਾਂ ਨੂੰ ਸ਼ਾਇਦ ਹੀ ਕਿਤੇ ਅਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਨ੍ਹਾਂ ਦੇ ਜੀਵਨ ਦਾ ਮਨੋਰਥ ਸੀ। ਇਸ ਮਨੋਰਥ ਦੀ ਪੂਰਤੀ ਲਈ ਉਨ੍ਹਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜ਼ਬਾਤੀ ਤੌਰ ’ਤੇ ਤਿਆਰ ਕਰਨ। ਇਸ ਕਰਵਾਈ ਕਰਕੇ ਗੁਰੂ ਸਾਹਿਬ ਜੀ ਦਾ ਉਨ੍ਹਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਨ੍ਹਾਂ ਦੇ ਦੇਸ਼ ਭਾਰਤੀ ਦੇ ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਕਰਦੇ ਸਨ। ਇਸੇ ਸਿੱਟੇ ਵਜੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ’ਤੇ 1688ਈ. ਵਿੱਚ ਹੋਈ। ਇਹ ਯੁੱਧ ਸੀਰੀਨਗਰ ਦੇ ਫਤਿਹਸ਼ਾਹ ਅਤੇ ਉਸ ਦੇ ਸਾਰੀਆਂ ਵਿੱਚ ਲੜਿਆ ਗਿਆ ਸੀ। ਕੋਈ ਡੇਢ ਸਾਲ ਪਿੱਛੋਂ ਗੁਰੂ ਜੀ ਨੇ ਨਦੌਣ ਦੇ ਯੁੱਧ ਵਿੱਚ ਭਾਗ ਲਿਆ ਅਤੇ ਮਹਾਨ ਹਮਲਾਵਰ ਅਲਫ਼ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ।
ਖਾਲਸੇ ਦੀ ਸਥਾਪਨਾ
13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ। ਇਸ ਸਮੇਂ ਅੰਮ੍ਰਿਤ ਤਿਆਰ ਕੀਤਾ ਗਿਆ। ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਪੂਰੀ ਕੀਤੀ, ਜਿਨ੍ਹਾਂ ਨੂੰ ਬਾਅਦ ਵਿੱਚ ਪੰਜ ਪਿਆਰਿਆਂ ਦਾ ਦਰਜਾ ਦਿੱਤਾ ਗਿਆ। ਇਸ ਉਪਰੰਤ ਸਾਰਿਆਂ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ। ਗੁਰੂ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸੇ ਲਈ ਫੁਰਮਾਇਆ ਗਿਆ ਹੈ:-
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ!!
ਜੀਵਨ ਕਾਲ ਵਿਚ ਲੱਗਭਗ 14 ਜੰਗਾਂ ਲੜਨੀਆਂ
ਸਰਬ ਧਰਮਾਂ ਦੀ ਰੱਖਿਆ ਅਤੇ ਲਿਤਾੜੇ ਹੋਏ ਲੋਕਾਂ ਦੀ ਰੱਖਿਆ ਲਈ ਗੁਰੂ ਸਾਹਿਬ ਜੀ ਨੇ ਨਾ ਸਿਰਫ਼ ਆਪਣਾ ਜੀਵਨ ਲਾਇਆ ਸਗੋਂ ਉਨ੍ਹਾਂ ਨੇ ਪੂਰਾ ਸਰਬੰਸ ਧਰਮ ਦੀ ਰੱਖਿਆ ਲਈ ਵਾਰ ਦਿੱਤਾ। ਗੁਰੂ ਜੀ ਨੂੰ ਜੀਵਨ ਕਾਲ ਵਿਚ ਲੱਗਭਗ 14 ਜੰਗਾਂ ਲੜਨੀਆਂ ਪਈਆਂ। ਪਹਿਲੀ ਜੰਗ ਭੰਗਾਣੀ ਦੀ ਅਤੇ ਆਖਰੀ ਜੰਗ ਉਨ੍ਹਾਂ ਨੇ (ਖਿਦਰਾਣੇ ਦੀ ਢਾਬ) ਮੁਕਤਸਰ ਸਾਹਿਬ ਦੇ ਸਥਾਨ ‘ਤੇ ਲੜੀ। ਚਮਕੌਰ ਸਾਹਿਬ ਦੇ ਸਥਾਨ ‘ਤੇ ਉਨ੍ਹਾਂ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਅਤੇ ਲਾਸਾਨੀ ਸੀ। ਉਨ੍ਹਾਂ ਨੇ ਭੁੱਖੇ-ਭਾਣੇ 40 ਸਿੰਘਾਂ ਨਾਲ ਬਹੁਤ ਵੱਡੀ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ। 1705 ਈ. ਵਿੱਚ ਖਿਦਰਾਣੇ ਦੀ ਢਾਬ ਦੇ ਅਸਥਾਨ ਤੇ ਉਨ੍ਹਾਂ ਨੇ ਫੇਰ ਮੁੱਠੀ ਭਰ ਸਿੰਘਾਂ ਨਾਲ ਸਰਹੰਦ ਦੀ ਮੁਗਲ ਫੌਜ ਦੇ ਦੰਦ ਖੱਟੇ ਕੀਤੇ। ਇਹ ਦੋਵੇ ਜੰਗਾਂ ਸੰਸਾਰ ਵਿਚ ਸਭ ਤੋਂ ਵੱਧ ਅਸਾਂਵੀਆਂ ਸਨ। ਇਨ੍ਹਾਂ ਵਿਚ ਗੁਰੂ ਜੀ ਨੇ ਸਿੱਧ ਕਰ ਦਿੱਤਾ ਸੀ ਕਿ ਇੱਕ-ਇੱਕ ਸਿੰਘ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ।
ਚਮਕੌਰ ਤੋਂ ਚੱਲ ਕੇ ਮਾਛੀਵਾੜੇ ਦੀ ਧਰਤੀ ਉੱਤੇ ਪਹੁੰਚੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ-ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਉਨ੍ਹਾਂ ਦੇ ਛੋਟੇ ਦੋ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹਿੰਦ ਦੇ ਸੂਬੇਦਾਰ ਨੇ ਗ੍ਰਿਫ਼ਤਾਰ ਕਰ ਕੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ਼ ਵਿੱਚ ਸ਼ਹੀਦੀ ਪਾ ਗਏ। ਸਭ ਕੁਝ ਕੁਰਬਾਨ ਹੋ ਜਾਣ ਦੇ ਬਾਵਜੂਦ ਗੁਰੂ ਸਾਹਿਬ ਜੀ ਅਡੋਲ, ਸਹਿਜ ਅਤੇ ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦਾ ਨਿਸ਼ਾਨਾ ਮੁਗਲਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣਾ ਸੀ। ਚਮਕੌਰ ਦੀ ਜੰਗ ਵਿੱਚ ਪੁੱਤਰਾਂ ਅਤੇ ਬਹੁਤ ਸਾਰੇ ਸਿੰਘਾਂ ਦੇ ਸ਼ਹੀਦ ਹੋ ਜਾਣ ਉਪਰੰਤ ਪੰਜ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਗੁਰਮਤੇ ਦੁਆਰਾ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਚਮਕੌਰ ਤੋਂ ਚੱਲ ਕੇ ਮਾਛੀਵਾੜੇ ਦੀ ਧਰਤੀ ਉੱਤੇ ਪਹੁੰਚੇ।
‘ਜ਼ਫ਼ਰਨਾਮਾ’ ਜਾਂ “ਫ਼ਤਿਹ ਦੀ ਚਿੱਠੀ”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਿਆ, ਜਿਸ ਨੂੰ ‘ਜ਼ਫ਼ਰਨਾਮਾ’ ਜਾਂ “ਫ਼ਤਿਹ ਦੀ ਚਿੱਠੀ” ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਕਿ ‘ਨਾ ਤੂੰ ਧਾਰਮਿਕ ਹੈਂ, ਨਾ ਬਹਾਦਰ ਹੈਂ ਅਤੇ ਨਾ ਚੰਗਾ ਰਾਜਨੀਤਕ ਹੈਂ। ਤੂੰ ਕੁਰਾਨ ਦੀਆਂ ਸੌਹਾਂ ਖਾ ਕੇ ਤੋੜੀਆਂ ਹਨ।‘ ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਦਾ ਕਤਲ ਕੀਤਾ ਹੈ। ਤੂੰ ਪਰਜਾ ਨਾਲ ਬੇ-ਇਨਸਾਫੀ ਕਰਦਾ ਹੈਂ। ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਧਰਮ ਅਤੇ ਨੈਤਿਕਤਾ ਦਾ ਉਪਦੇਸ਼ ਕੀਤਾ ਅਤੇ ਨਾਲ ਹੀ ਕਿਹਾ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਅਜੇ ਮੇਰਾ ਪੰਜਵਾਂ ਪੁੱਤਰ ਖਾਲਸਾ ਤਿਆਰ ਹੈ।
ਜ਼ੁਲਮ ਦਾ ਟਾਕਰਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ
ਸਤੰਬਰ 1707 ਈਸਵੀ ਵਿਚ ਗੁਰੂ ਜੀ ਦੱਖਣ ਵਿਚ ਮਹਾਰਾਸ਼ਟਰ ਦੇ ਨਾਂਦੇੜ ਨਾਮੀ ਸਥਾਨ ’ਤੇ ਚਲੇ ਗਏ, ਜਿਥੇ ਗੁਰੂ ਜੀ ਨੇ ਮਾਧੋ ਦਾਸ ਵੈਰਾਗੀ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ। ਇਥੇ 2 ਵਿਸ਼ਵਾਸਘਾਤੀ ਪਠਾਣਾਂ ਨੇ ਗੁਰੂ ਜੀ ’ਤੇ ਛੁਰੇ ਨਾਲ ਵਾਰ ਕਰ ਦਿੱਤਾ। ਗੁਰੂ ਜੀ ਨੇ ਆਪਣੀ ਤਲਵਾਰ ਨਾਲ ਇਕ ਪਠਾਣ ਨੂੰ ਤਾਂ ਮੌਕੇ ’ਤੇ ਹੀ ਮਾਰ ਦਿੱਤਾ, ਜਦਕਿ ਦੂਜਾ ਸਿੱਖਾਂ ਹੱਥੋਂ ਮਾਰਿਆ ਗਿਆ। ਗੁਰੂ ਜੀ ਦੇ ਜ਼ਖ਼ਮ ਕਾਫ਼ੀ ਗ਼ਹਿਰੇ ਸਨ ਤੇ 7 ਅਕਤੂਬਰ 1708 ਈਸਵੀਂ ਨੂੰ ਗੁਰੂ ਜੀ ਜੋਤਿ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ। ਗੁਰੂ ਜੀ ਨੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚ ਜਾਪ ਸਾਹਿਬ, ਸਵੱਈਏ, ਬਚਿੱਤਰ ਨਾਟਕ, ਵਾਰ ਸ੍ਰੀ ਭਗੌਤੀ ਜੀ ਕੀ (ਚੰਡੀ ਦੀ ਵਾਰ), ਅਕਾਲ ਉਸਤਤਿ, ਜਫ਼ਰਨਾਮਾ ਦੇ ਨਾਂਅ ਵਰਣਨਯੋਗ ਹਨ।
ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ : ਧਰਮ ਲਈ ਸਰਬੰਸ ਵਾਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
NEXT STORY