ਨਵੀਂ ਦਿੱਲੀ (ਨੈਸ਼ਨਲ ਡੈਸਕ)– ਰੂਸ ਅਤੇ ਯੂਕ੍ਰੇਨ ਦੇ ਸੰਕਟ ਦਰਮਿਆਨ ਪੋਲੈਂਡ ਨਾਲ ਯੂਕ੍ਰੇਨ ਦੀ ਹੱਦ ’ਤੇ ਯਾਤਰਾ ਕਰਨ ਵਾਲੇ ਵਿਦਿਆਰਥੀਆਂ ਲਈ ਟਰੇਨ ਵਿਚ ਲੰਗਰ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਕ ਵੈਸ਼ਵਿਕ ਸਿੱਖ ਐੱਨ. ਜੀ. ਓ. ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਗਈ ਵੀਡੀਓ ਵਿਚ ਵਿਦਿਆਰਥੀਆਂ ਨੂੰ ਚੱਲਦੀ ਟਰੇਨ ਵਿਚ ਲੰਗਰ ਪਰੋਸਦੇ ਹੋਏ ਵਿਖਾਇਆ ਗਿਆ ਹੈ। ਟਵੀਟ ਵਿਚ ਕਿਹਾ ਗਿਆ ਹੈ ਕਿ ਸੰਗਠਨ ਦਾ ਇਕ ਸਵੈਮ ਸੇਵਕ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਲੰਗਰ ਤੇ ਸਹਾਇਤਾ ਪ੍ਰਦਾਨ ਕਰਦਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਇਸ ਟਰੇਨ ’ਤੇ ਚੜ੍ਹਨ ਦਾ ਸੁਭਾਗ ਮਿਲਿਆ ਜੋ ਯੂਕ੍ਰੇਨ ਦੇ ਪੂਰਬ ਤੋਂ ਪੱਛਮ ਵੱਲ (ਪੋਲਿਸ਼ ਹੱਦ ਤਕ) ਜਾ ਰਹੀ ਸੀ। ਹਰਦੀਪ ਸਿੰਘ ਵੱਖ-ਵੱਖ ਦੇਸ਼ਾਂ ਦੇ ਕਈ ਵਿਦਿਆਰਥੀਆਂ ਨੂੰ ਲੰਗਰ ਤੇ ਸਹਾਇਤਾ ਪ੍ਰਦਾਨ ਕਰਦੇ ਰਹੇ ਹਨ। ਯੂਕ੍ਰੇਨ ਵਿਚ ਫਸੇ ਕਈ ਪੰਜਾਬੀ ਵਿਦਿਆਰਥੀ ਠੰਡ ਵਿਚ ਅੰਡਰਗਰਾਊਂਡ ਮੈਟਰੋ ਸਟੇਸ਼ਨ ਦੇ ਫਰਸ਼ ’ਤੇ ਸੌਣ ਲਈ ਮਜਬੂਰ ਹਨ। ਉਨ੍ਹਾਂ ਦੇ ਮਾਤਾ-ਪਿਤਾ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ
ਪ੍ਰਸ਼ਾਸਨ ਕੋਲ ਪਹੁੰਚੇ ਬੱਚਿਆਂ ਦੇ ਮਾਤਾ-ਪਿਤਾ
ਫਸੇ ਹੋਏ ਵਿਦਿਆਰਥੀਆਂ ਦੇ ਮਾਤਾ-ਪਿਤਾ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੱਚਿਆਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਚਿੱਠੀਆਂ ਲਿਖ ਰਹੇ ਹਨ। ਇਸੇ ਸਿਲਸਿਲੇ ’ਚ ਬੱਚਿਆਂ ਦੇ ਮਾਤਾ-ਪਿਤਾ ਨੇ ਏ. ਡੀ. ਸੀ. ਅਜੇ ਅਰੋੜਾ ਨੂੰ ਚਿੱਠੀ ਸੌਂਪੀ ਹੈ, ਜਿਸ ਵਿਚ ਕੇਂਦਰ ਨੂੰ ਉਨ੍ਹਾਂ ਨੂੰ ਤੁਰੰਤ ਕੱਢਣ ਦੀ ਕੋਸ਼ਿਸ਼ ਕਰਨ ਦੀ ਬੇਨਤੀ ਕੀਤੀ ਗਈ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਯੂਕ੍ਰੇਨ ਵਿਚ ਫਸੇ ਮੌੜ ਮੰਡੀ ਦੇ ਲਵਕੇਸ਼ ਨੇ ਸੁਨੇਹਾ ਦਿੱਤਾ ਹੈ ਕਿ ਅਸੀਂ ਦਿਨ ਵਿਚ ਇਕੋ ਵਾਰ ਖਾਣਾ ਖਾ ਰਹੇ ਹਾਂ ਅਤੇ ਗੋਲਾਬਾਰੀ ਕਾਰਨ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਪੋਲਿਸ਼ ਤੇ ਹੰਗੇਰੀਅਨ ਹੱਦਾਂ ਇੱਥੋਂ 1500 ਕਿ. ਮੀ. ਦੂਰ ਹਨ, ਜਦੋਂਕਿ ਰੂਸੀ ਹੱਦ ਸਿਰਫ 60 ਕਿ. ਮੀ. ਦੂਰ ਹੈ ਪਰ ਇੱਥੋਂ ਜਾਣਾ ਸੌਖਾ ਨਹੀਂ। ਮੌੜ ਮੰਡੀ ਦੇ ਸੰਜੀਵ ਸ਼ਰਮਾ ਕਹਿੰਦੇ ਹਨ ਕਿ ਉਨ੍ਹਾਂ ਦੀ ਬੇਟੀ ਦ੍ਰਿਸ਼ਟੀ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੀ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਹ ਸਰਕਾਰ ਨੂੰ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਦੀ ਬੇਨਤੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ।
ਇਹ ਵੀ ਪੜ੍ਹੋ : ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਕਾਰਨ ਗਰਭ ’ਚ ਆਕਸੀਜਨ ਦੀ ਘਾਟ ਨਾਲ ਜਾ ਸਕਦੀ ਹੈ ਬੱਚੇ ਦੀ ਜਾਨ
ਯੂਕ੍ਰੇਨ ਦੇ ਕਈ ਹਿੱਸਿਆਂ ’ਚ ਵਿਦਿਆਰਥੀ ਪ੍ਰੇਸ਼ਾਨ
ਬਠਿੰਡਾ ਜ਼ਿਲ੍ਹੇ ਦੇ ਇਕ ਹੋਰ ਵਿਅਕਤੀ ਸੰਜੀਵ ਕੁਮਾਰ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਤਨੀਸ਼ ਗਰਗ ਐੱਮ. ਬੀ. ਬੀ. ਐੱਸ. ਕਰਨ ਲਈ 3 ਮਹੀਨੇ ਪਹਿਲਾਂ ਯੂਕ੍ਰੇਨ ਗਿਆ ਸੀ। ਕੇਂਦਰ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਯੂਕ੍ਰੇਨ ਵਿਚ ਫਸੇ ਐੱਮ. ਬੀ. ਬੀ. ਐੱਸ. ਦੇ ਤੀਜੇ ਸਾਲ ਦੇ ਵਿਦਿਆਰਥੀ ਸ਼ਿਵਾਂਗਿਨੀਆ ਨੇ ਟਵਿਟਰ ’ਤੇ ਪੋਸਟ ਕੀਤਾ ਹੈ ਕਿ ਅਸੀਂ ਯੂਕ੍ਰੇਨ ਦੇ ਉੱਤਰ-ਪੂਰਬੀ ਹਿੱਸੇ ਵਿਚ ਫਸ ਗਏ ਹਾਂ। ਵਾਰ-ਵਾਰ ਸਾਇਰਨ ਵੱਜ ਰਹੇ ਹਨ। ਸਪਲਾਈ ਤੇ ਟਰਾਂਸਪੋਰਟ ਸਹੂਲਤਾਂ ਦੀ ਕਮੀ ਹੈ। ਟਵਿੱਟਰ ’ਤੇ ਵਿਦੇਸ਼ ਮੰਤਰਾਲਾ ਨੂੰ ਭੇਜੇ ਆਪਣੇ ਸੁਨੇਹੇ ਵਿਚ ਸਥਾਨਕ ਵਸਨੀਕ ਰੌਣਕ ਸੇਠ ਨੇ ਲਿਖਿਆ ਕਿ ਸਰਹੱਦ ਤੇ ਅੰਬੈਸੀ ਵਿਚ ਤੁਹਾਡੇ ਲੋਕ ਕਾਲ ਦਾ ਜਵਾਬ ਨਹੀਂ ਦੇ ਰਹੇ। ਤੁਸੀਂ ਵਿਦਿਆਰਥੀਆਂ ਤੋਂ ਕਿਵੇਂ ਸ਼ਾਂਤ ਰਹਿਣ ਦੀ ਉਮੀਦ ਕਰੋਗੇ? ਮੇਰੀ ਬੇਟੀ ਬਹੁਤ ਜ਼ਿਆਦਾ ਠੰਡ ਵਿਚ ਪੋਲੈਂਡ ਦੀ ਸਰਹੱਦ ’ਤੇ ਫਸੀ ਹੋਈ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ
ਪੋਲੈਂਡ ਦੇ ਗੁਰੂ ਘਰ ’ਚ ਪਹੁੰਚੇ ਯੂਕ੍ਰੇਨ ਦੇ ਲੋਕ
ਓਧਰ ਗੁਰਦੁਆਰਾ ਸਿੰਘ ਸਭਾ ਵਾਰਸਾ (ਪੋਲੈਂਡ) ਨੇ ਦੱਸਿਆ ਕਿ ਉੱਥੇ ਯੂਕ੍ਰੇਨ ਤੋਂ ਲਗਭਗ 50-60 ਲੋਕ ਗੁਰੂ ਘਰ ਵਿਚ ਸ਼ਰਨ ਲੈਣ ਪਹੁੰਚੇ ਹਨ। ਸਿੰਘ ਸਭਾ ਨੇ ਉਨ੍ਹਾਂ ਲਈ ਲੰਗਰ ਅਤੇ ਰਹਿਣ ਦਾ ਇੰਤਜ਼ਾਮ ਕੀਤਾ ਹੈ। ਇੱਥੇ ਹੋਰ ਵੀ ਲੋਕਾਂ ਦੇ ਆਉਣ ਦੀ ਉਮੀਦ ਹੈ। ਸਭਾ ਨੇ ਦੱਸਿਆ ਕਿ ਇੱਥੇ ਜਗ੍ਹਾ ਦੀ ਕਮੀ ਹੈ ਪਰ ਫਿਰ ਵੀ ਜਿੰਨੀ ਵੀ ਹੋ ਸਕੇ, ਅਸੀਂ ਮਦਦ ਕਰਾਂਗੇ ਤਾਂ ਜੋ ਅਜਿਹੀ ਮੁਸ਼ਕਿਲ ਘੜੀ ਵਿਚ ਅਸੀਂ ਅੱਗੇ ਆ ਕੇ ਮਨੁੱਖਤਾ ਦੀ ਭਲਾਈ ਕਰ ਸਕੀਏ, ਜਿਸ ਦੇ ਲਈ ਸਿੱਖ ਪੰਥ ਹਮੇਸ਼ਾ ਤੋਂ ਜਾਣਿਆ ਜਾਂਦਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ’ਚ ਹੁਣ ਨਹੀਂ ਮਿਲੇਗੀ ਸਸਤੀ ਸ਼ਰਾਬ
NEXT STORY