ਜਲੰਧਰ (ਪੁਨੀਤ)–ਰਾਤ ਨੂੰ 8.30 ਵਜੇ ਦੇ ਲਗਭਗ 5-10 ਮਿੰਟ ਦੀ ਹਨੇਰੀ ਆਉਣ ਨਾਲ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਇਸ ਦੌਰਾਨ ਬਿਜਲੀ ਦੀ ਖ਼ਰਾਬੀ ਨੇ 3500 ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਉੱਤਰੀ ਜ਼ੋਨ ਅਧੀਨ ਵੱਖ-ਵੱਖ ਥਾਵਾਂ ’ਤੇ ਤਾਰਾਂ ਟੁੱਟਣ ਅਤੇ ਸਪਾਰਕਿੰਗ ਕਰ ਕੇ ਫਾਲਟ ਪੈਣ ਕਾਰਨ ਕਈ ਘੰਟੇ ਬਿਜਲੀ ਬੰਦ ਰਹੀ। ਹਨੇਰੀ ਚੱਲਣ ਤੋਂ ਬਾਅਦ ਪਾਵਰਕਾਮ ਵੱਲੋਂ ਅਹਿਤਿਆਤ ਵਜੋਂ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ ਪਰ ਫੀਡਰਾਂ ਨੂੰ ਚਾਲੂ ਕਰਨ ਤੋਂ ਬਾਅਦ ਕਈ ਸਬ-ਡਿਵੀਜ਼ਨਾਂ ਅਧੀਨ ਫਾਲਟ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਕਾਰਨ ਪਾਵਰਕਾਮ ਕਰਮਚਾਰੀਆਂ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। ਦੇਰ ਰਾਤ ਤਕ ਫਾਲਟ ਠੀਕ ਕਰਨ ਦਾ ਸਿਲਸਿਲਾ ਜਾਰੀ ਸੀ ਅਤੇ ਲੋਕਾਂ ਦੀ ਪ੍ਰੇਸ਼ਾਨੀ ਹੱਲ ਨਹੀਂ ਹੋ ਸਕੀ ਸੀ। ਉਥੇ ਹੀ, ਕੁਝ ਦੇਰ ਦੀ ਬਾਰਿਸ਼ ਦੌਰਾਨ ਕਈ ਥਾਵਾਂ ’ਤੇ ਬਿਜਲੀ ਦੀ ਖ਼ਰਾਬੀ ਦੇ ਕੇਸ ਸੁਣਨ ਨੂੰ ਮਿਲੇ। ਲੋਕਾਂ ਦੀਆਂ ਸ਼ਿਕਾਇਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਫੀਲਡ ਸਟਾਫ਼ ਨੂੰ 2 ਮਿੰਟ ਦੀ ਵੀ ਫੁਰਸਤ ਨਹੀਂ ਮਿਲ ਪਾ ਰਹੀ, ਜਦਕਿ ਬਿਜਲੀ ਖਪਤਕਾਰਾਂ ਵਿਚ ਕਰਮਚਾਰੀਆਂ ਦੇ ਦੇਰੀ ਨਾਲ ਆਉਣ ਨੂੰ ਲੈ ਕੇ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਦਾ ਕਹਿਣਾ ਹੈ ਕਿ ਫਾਲਟ ਪੈਣ ਤੋਂ ਬਾਅਦ 5-6 ਘੰਟੇ ਤਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ। ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਦੀ ਲੁਕਣ-ਮੀਟੀ ਨੂੰ ਲੈ ਕੇ ਸ਼ਿਕਾਇਤਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ਵਿਚ ਕਈ-ਕਈ ਵਾਰ ਬਿਜਲੀ ਬੰਦ ਰਹਿਣ ਕਾਰਨ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਪੂਰੇ ਘਟਨਾਕ੍ਰਮ ਵਿਚ ਬਿਜਲੀ ਦੀ ਲੁਕਣ-ਮੀਟੀ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਸਰਪਲੱਸ ਬਿਜਲੀ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਆਲਮ ਇਹ ਹੈ ਕਿ ਦਿਨ ਵਿਚ 4-5 ਵਾਰ 1-1 ਘੰਟੇ ਦਾ ਕੱਟ ਲੱਗ ਜਾਂਦਾ ਹੈ, ਜਿਸ ਕਾਰਨ ਆਰਾਮ ਕਰਨਾ ਨਸੀਬ ਨਹੀਂ ਹੋ ਪਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਰੁਟੀਨ ਦੇ ਕੰਮਕਾਜ ਹੋਣ ਵਿਚ ਵੀ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ।
ਇਹ ਵੀ ਪੜ੍ਹੋ- ਕੇਸਰੀ ਪੱਗ ਬੰਨ੍ਹ ਜਲੰਧਰ ਪਹੁੰਚੇ PM ਨਰਿੰਦਰ ਮੋਦੀ, ਬੋਲੇ-ਇੰਡੀਆ ਗਠਜੋੜ ਦਾ ਗੁਬਾਰਾ ਫੁੱਟ ਚੁੱਕਿਐ
ਉਥੇ ਹੀ, ਇਸ ’ਤੇ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਤੇ ਵੀ ਐਲਾਨਿਆ ਕੱਟ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਤਾਪਮਾਨ ਵਧਣ ਕਾਰਨ ਫਾਲਟ ਪੈ ਰਹੇ ਹਨ ਅਤੇ ਇਸਦੇ ਹੱਲ ਸਬੰਧੀ ਪੂਰਾ ਸਿਸਟਮ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਖਪਤਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਗਰਮੀ ਵਧਣ ਕਾਰਨ ਜੋ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਉਸਦੇ ਪੱਕੇ ਹੱਲ ਲਈ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਵਾਰ-ਵਾਰ ਬਿਜਲੀ ਬੰਦ ਰਹਿਣ ਨਾਲ ਜਵਾਬ ਦੇ ਰਹੇ ਇਨਵਰਟਰ
ਦੂਜੇ ਪਾਸੇ ਵਾਰ-ਵਾਰ ਬਿਜਲੀ ਬੰਦ ਰਹਿਣ ਨਾਲ ਕਈ ਇਲਾਕਿਆਂ ਵਿਚ ਇਨਵਰਟਰ ਜਵਾਬ ਦੇ ਰਹੇ ਹਨ, ਜਿਸ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਆ ਕੇ ਸ਼ਿਕਾਇਤਾਂ ਸਬੰਧੀ ਪੱਕਾ ਹੱਲ ਕਰਨਾ ਚਾਹੀਦਾ ਹੈ। ਇਨਵਰਟਰ ਜਵਾਬ ਦੇ ਜਾਣ ਕਾਰਨ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਉਹ ਪਾਵਰਕਾਮ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖਰਾਬੀ ਤੋਂ ਬਾਅਦ ਕਰਮਚਾਰੀ ਸਮਾਂ ਰਹਿੰਦੇ ਮੌਕੇ ’ਤੇ ਨਹੀਂ ਆਉਂਦੇ, ਜਿਸ ਕਾਰਨ ਘੰਟਿਆਂਬੱਧੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਉਡੀਕ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ- ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼
ਨਿਊ ਰਸੀਲਾ ਨਗਰ ਨਿਵਾਸੀਆਂ ਵੱਲੋਂ ਪ੍ਰਦਰਸ਼ਨ ਦੀ ਚਿਤਾਵਨੀ
ਬਸਤੀ ਦਾਨਿਸ਼ਮੰਦਾਂ ਨਜ਼ਦੀਕ ਪੈਂਦੇ ਰਸੀਲਾ ਨਗਰ ਦੇ ਨਿਊ ਇੰਡੋ-ਜਰਮਨ ਸਕੂਲ ਨੇੜਲੇ ਨਿਵਾਸੀਆਂ ਵੱਲੋਂ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਗਈ। ਸਕੂਲ ਨਜ਼ਦੀਕ ਸਥਿਤ ਖਪਤਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਖਰਾਬੀ ਕਾਰਨ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਇਸ ਬਾਰੇ ਬਿਜਲੀ ਘਰ ਅਤੇ ਕੰਟਰੋਲ ਰੂਮ ਵਿਚ ਸ਼ਿਕਾਇਤ ਲਿਖਵਾਈ ਗਈ ਹੈ। ਖਪਤਕਾਰਾਂ ਨੇ ਕਿਹਾ ਕਿ ਪਾਵਰਕਾਮ ਵੱਲੋਂ ਹਰ ਵਾਰ ਸ਼ਿਕਾਇਤ ਹੱਲ ਹੋਣ ਦਾ ਰਿਪਲਾਈ ਭੇਜ ਦਿੱਤਾ ਜਾਂਦਾ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਸਮੱਸਿਆ ਦਾ ਪੱਕਾ ਹੱਲ ਨਾ ਹੋਇਆ ਤਾਂ ਉਹ ਪ੍ਰਦਰਸ਼ਨ ਕਰਨ ’ਤੇ ਮਜਬੂਰ ਹੋ ਜਾਣਗੇ, ਜਿਸ ਦੇ ਲਈ ਅਧਿਕਾਰੀ ਜ਼ਿੰਮੇਵਾਰ ਹੋਣਗੇ।
ਸੈਦਾਂ ਗੇਟ ਦੇ ਲੋਕਾਂ ਨੇ ਕਿਹਾ-ਇਲਾਕਿਆਂ ਨੂੰ ਲੈ ਕੇ ਉਲਝਦੇ ਹਨ ਕਰਮਚਾਰੀ
ਸੈਦਾਂ ਗੇਟ ਨਿਵਾਸੀਆਂ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਲੈ ਕੇ ਸ਼ੁੱਕਰਵਾਰ ਸਵੇਰ ਤਕ ਬਿਜਲੀ ਬੰਦ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਪਤਕਾਰਾਂ ਨੇ ਦੱਸਿਆ ਕਿ ਵੈਸਟ ਡਵੀਜ਼ਨ ਅਧੀਨ 1912 ’ਤੇ ਸ਼ਿਕਾਇਤ ਲਿਖਵਾਉਣ ਤੋਂ ਬਾਅਦ ਮੋਬਾਈਲ ’ਤੇ ਰਿਪਲਾਈ ਆਇਆ, ਜਿਸ ਵਿਚ ਉਨ੍ਹਾਂ ਦਾ ਸ਼ਿਕਾਇਤ ਨੰਬਰ 66856000 ਦੱਸਿਆ ਗਿਆ ਸੀ। ਇਸ ਸਬੰਧ ਵਿਚ ਜਦੋਂ ਬਿਜਲੀ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਇਲਾਕਿਆਂ ਨੂੰ ਲੈ ਕੇ ਉਲਝਦੇ ਰਹੇ, ਜਿਸ ਕਾਰਨ ਸਮੱਸਿਆ ਦਾ ਸਮਾਂ ਰਹਿੰਦੇ ਹੱਲ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਪਿਛਲੇ 5 ਸਾਲ ਦਾ ਇਤਿਹਾਸ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਆਏ PM ਮੋਦੀ ਨੇ ਕੀਤੇ ਅਹਿਮ ਐਲਾਨ, ਬਜ਼ੁਰਗਾਂ ਨੂੰ ਦਿੱਤੀ ਮੁਫ਼ਤ ਇਲਾਜ ਦੀ 'ਗਾਰੰਟੀ'
NEXT STORY