ਨਵਾਂਸ਼ਹਿਰ (ਤ੍ਰਿਪਾਠੀ): 2 ਵੱਖ-ਵੱਖ ਮਾਮਲਿਆਂ ਵਿਚ ਕੈਨੇਡਾ ਦਾ ਜਾਅਲੀ ਵੀਜ਼ਾ ਲਵਾ ਕੇ 46 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਜੋੜੇ ਏਜੰਟਾਂ ਸਣੇ 3 ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਜਤਿੰਦਰ ਕੁਮਾਰ ਪੁੱਤਰ ਦੀਦਾਰ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ਕਰ ਕੇ ਉਸਨੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਕਾਲੂਪੁਰ ਥਾਣਾ ਮਾਹਿਲਪੁਰ ਦੇ ਏਜੰਟ ਸੁਖਦੇਵ ਸਿੰਘ ਉਰਫ ਸੋਨਾ ਪੁੱਤਰ ਅਜੀਤ ਸਿੰਘ ਅਤੇ ਉਸਦੀ ਪਤਨੀ ਤ੍ਰਿਪਤਾ ਅਤੇ ਹੋਰ ਸਾਥੀਆਂ ਪਰਮਜੀਤ ਦੇ ਨਾਲ ਕੈਨੇਡਾ ਜਾਣ ਦੀ ਗੱਲ ਕੀਤੀ ਸੀ। ਉਪਰੋਕਤ ਏਜੰਟ ਪਤੀ-ਪਤਨੀ ਨੇ ਉਸਨੂੰ ਝਾਂਸੇ ਵਿਚ ਲੈ ਕੇ 23 ਲੱਖ ਰੁਪਏ ਵਿਚ ਕੈਨੇਡਾ ਭੇਜਣ ਦੀ ਗੱਲ ਕੀਤੀ।
ਉਪਰੋਕਤ ਲੋਕਾਂ ਨੇ ਉਸਦੇ ਘਰ ਆ ਕੇ ਉਸਦਾ ਪਾਸਪੋਰਟ ਅਤੇ 5 ਹਜ਼ਾਰ ਯੂ.ਐੱਸ.ਏ. ਡਾਲਰ ਲੈ ਲਏ ਅਤੇ ਕੁਝ ਦਿਨਾਂ ਬਾਅਦ ਹੀ ਉਹ ਉਸਨੂੰ ਆਪਣੇ ਨਾਲ ਦੁਬਈ ਲੈ ਗਿਆ। ਉੱਥੇ ਉਸਨੇ ਕਰੀਬ 1 ਮਹੀਨੇ ਤਕ ਰੱਖਿਆ ਅਤੇ ਉਸਦੇ ਪਾਸਪੋਰਟ 'ਤੇ ਕੈਨੇਡਾ ਦਾ ਜਾਅਲੀ ਵੀਜ਼ਾ ਲਵਾ ਕੇ ਉਸਨੂੰ ਦੁਬਈ ਛੱਡ ਕੇ ਖੁਦ ਵਾਪਸ ਇੰਡੀਆ ਆ ਗਿਆ ਅਤੇ ਉਸਦੇ ਘਰ ਵਾਲਿਆਂ ਨੂੰ ਜਾਅਲੀ ਵੀਜ਼ਾ ਦਿਖਾ ਕੇ ਬਾਕੀ ਰਕਮ ਲੈ ਲਈ। ਪੈਸੇ ਲੈਣ ਦੇ ਬਾਵਜੂਦ ਉਪਰੋਕਤ ਏਜੰਟਾਂ ਨੇ ਉਸ ਨੂੰ ਕੈਨੇਡਾ ਨਹੀਂ ਭੇਜਿਆ, ਸਗੋਂ ਉਸਨੂੰ ਇਕ ਹੋਟਲ ਦੇ ਕਮਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ, ਜਿੱਥੇ ਕੁਝ ਅਣਪਛਾਤੇ ਲੋਕ ਉਸ 'ਤੇ ਨਜ਼ਰ ਰੱਖਦੇ ਸਨ। ਦੁਬਈ ਵਿਚ ਓਵਰ ਸਟੇਅ ਹੋਣ ਕਰ ਕੇ ਉਸਨੂੰ 6300 ਦਰਾਮ ਜੁਰਮਾਨਾ ਭਰਨਾ ਪਿਆ ਜੋ ਉਸਨੇ ਆਪਣੇ ਦੋਸਤਾਂ ਤੋਂ ਇਕੱਠਾ ਕਰ ਕੇ ਦਿੱਤਾ ਅਤੇ ਵਾਪਸ ਇੰਡੀਆ ਆ ਗਿਆ। ਉਸਨੇ ਦੱਸਿਆ ਕਿ ਇਸ ਉਪਰੰਤ ਵੀ ਉਪਰੋਕਤ ਏਜੰਟ ਉਨ੍ਹਾਂ ਪੈਸਿਆਂ 'ਤੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੰਦੇ ਰਹੇ।
ਇਕ ਹੋਰ ਸ਼ਿਕਾਇਤ ਵਿਚ ਬਲਵਿੰਦਰ ਕੌਰ ਪਤਨੀ ਬਲਰਾਮਜੀਤ ਨੇ ਦੱਸਿਆ ਕਿ ਉਸਨੇ ਆਪਣੇ ਲੜਕੇ ਨੂੰ ਕੈਨੇਡਾ ਭੇਜਣ ਦਾ ਸੌਦਾ ਉਪਰੋਕਤ ਏਜੰਟਾਂ ਨਾਲ 23 ਲੱਖ ਰੁਪਏ ਵਿਚ ਕੀਤਾ ਸੀ। ਜਿਸ ਉਪਰੰਤ ਉਪਰੋਕਤ ਏਜੰਟਾਂ ਨੇ ਉਸਦੇ ਘਰ ਆ ਕੇ 5 ਹਜ਼ਾਰ ਯੂ.ਐੱਸ.ਏ. ਡਾਲਰ ਅਤੇ ਪਾਸਪੋਰਟ ਲੈ ਕੇ ਕੁਝ ਦਿਨਾਂ ਬਾਅਦ ਉਸਦੇ ਲੜਕੇ ਨੂੰ ਦੁਬਈ ਲੈ ਗਿਆ, ਜਿੱਥੇ ਕਰੀਬ 1 ਮਹੀਨਾ ਉਸਨੂੰ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਨਕਲੀ ਵੀਜ਼ਾ ਲਵਾ ਕੇ ਬਾਕੀ ਦੀ ਰਕਮ ਵਸੂਲ ਕਰ ਲਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਏਜੰਟਾਂ ਨੇ ਕੈਨੇਡਾ ਭੇਜਣ ਦੇ ਨਾਂ 'ਤੇ ਉਨ੍ਹਾਂ ਤੋਂ 23-23 ਲੱਖ ਰੁਪਏ ਲੈ ਕੇ ਧੋਖਾ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਆਪਣੀ ਰਕਮ ਵਾਪਸ ਕਰਵਾਉਣ ਅਤੇ ਫਰਜ਼ੀ ਏਜੰਟਾਂ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ, ਜਾਂਚ ਅਫ਼ਸਰ ਵੱਲੋਂ ਕਰਨ ਅਤੇ ਡੀ.ਏ. ਲੀਗਲ ਦੀ ਸਲਾਹ ਲੈਣ ਉਪਰੰਤ ਥਾਣਾ ਮੁਕੰਦਪੁਰ ਵਿਖੇ ਏਜੰਟ ਸੁਖਦੇਵ ਸਿੰਘ, ਉਸ ਦੀ ਪਤਨੀ ਤ੍ਰਿਪਤਾ ਅਤੇ ਪਰਮਜੀਤ ਸਿੰਘ ਪੁੱਤਰ ਮੱਸਾ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab Wrap Up : ਪੜ੍ਹੋ 13 ਮਾਰਚ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY