ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਮਾਲ, ਆਫ਼ਤਾ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਜ਼ਿਲ੍ਹੇ ਦਾ ਪਿੰਡ ਦਬੁਰਜੀ ਗੰਦੇ ਪਾਣੀ ਦੇ ਪ੍ਰਬੰਧਨ ਕਰਕੇ ਸੂਬੇ ਭਰ 'ਚ ਮਾਡਲ ਪਿੰਡ ਵਜੋਂ ਉੱਭਰਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਬੁਰਜੀ 'ਚ ਗੰਦੇ ਪਾਣੀ ਨੂੰ ਥਾਪਰ ਮਾਡਲ ਰਾਹੀਂ ਸੋਧ ਕੇ ਪਿੰਡ ਦੀ 100 ਏਕੜ ਜ਼ਮੀਨ ਦੀ ਸਿੰਚਾਈ ਲਈ ਲਈ ਵਰਤਿਆ ਜਾ ਰਿਹਾ ਹੈ। ਹੋਰ ਤਾਂ ਹੋਰ ਜਿਸ ਥਾਂ ਇਹ ਪ੍ਰਾਜੈਕਟ ਸਥਾਪਤ ਕੀਤਾ ਗਿਆ ਹੈ, ਉਸ ਸਾਈਟ ਨੂੰ ਪੇਂਟ ਕਰਕੇ ਖ਼ੂਬਸੂਰਤ ਰੰਗਤ ਦਿੱਤੀ ਗਈ ਹੈ ਅਤੇ ਰੁੱਖ-ਬੂਟਿਆਂ ਨੇ ਇਸ ਥਾਂ ਨੂੰ ਰਮਣੀਕ ਬਣਾ ਦਿੱਤਾ ਹੈ। ਇੱਥੇ ਸਟਰੀਟ ਲਾਈਟਾਂ ਅਤੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਸਥਾਨ ਦੀ ਸਫਾਈ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਇਸ ਦੇ ਆਲੇ-ਦੁਆਲੇ ਖਾਲੀ ਥਾਂ ਵਿੱਚ ਪਿੰਡ ਵਾਸੀ ਹੁਣ ਸੈਰ ਕਰਦੇ ਹਨ।
ਇਹ ਵੀ ਪੜ੍ਹੋ : ਦਰੀਆਪੁਰ ਰਜਵਾਹੇ ਤੋਂ ਅਣਪਛਾਤੇ ਵਿਅਕਤੀ ਦਾ ਲਾਸ਼ ਬਰਾਮਦ, ਪੁਲਿਸ ਨੇ ਸ਼ਨਾਖਤ ਲਈ ਮੁਰਦਾਘਰ 'ਚ ਰੱਖੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਦਬੁਰਜੀ 'ਚ ਹੋਰ ਪੰਚਾਇਤਾਂ ਲਈ ਰੋਲ ਮਾਡਲ ਵਜੋਂ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਆਪਣੇ ਨਕਸ਼ੇ ਕਦਮ ’ਤੇ ਚੱਲਣ ਲਈ ਪ੍ਰੇਰਿਤ ਕਰ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੁੱਲ 170 ਘਰ ਹਨ ਅਤੇ 1400 ਆਬਾਦੀ ਹੈ। ਪਿੰਡ ਦੇ ਸਾਰੇ ਘਰਾਂ ਕੋਲ ਟੂਟੀ ਵਾਲੇ ਪੀਣ ਯੋਗ ਪਾਣੀ ਦੇ ਕੁਨੈਕਸ਼ਨ ਹਨ। ਸਪਲਾਈ ਕੀਤੇ ਪਾਣੀ ਦਾ 65-70 ਫੀਸਦੀ ਹਿੱਸਾ ਘਰਾਂ ਦੀ ਸਾਫ਼-ਸਫ਼ਾਈ, ਰਸੋਈ ਤੇ ਬਾਥਰੂਮ 'ਚ ਵਰਤਣ ਤੋਂ ਬਾਅਦ ਖੁੱਲ੍ਹੇ ਵਿੱਚ ਜਾਂ ਪਾਣੀ ਦੇ ਹੋਰ ਸਰੋਤਾਂ ਵਿਚ ਵਹਿ ਜਾਂਦਾ ਸੀ। ਇਹ ਗੰਦਾ ਪਾਣੀ ਕਈ ਬਿਮਾਰੀਆਂ ਦਾ ਕਾਰਨ ਬਣਦਾ ਅਤੇ ਇਸ ਨਾਲ ਵਾਤਾਵਰਣ ਅਤੇ ਸਿਹਤ ਨੂੰ ਨੁਕਸਾਨ ਵੀ ਪੁੱਜਦਾ। ਪਿੰਡ ਪੱਧਰ ’ਤੇ ਇਸ ਪਾਣੀ ਦੀ ਟ੍ਰੀਟਮੈਂਟ ਲਈ ਸਿਸਟਮ ਦੀ ਅਣਹੋਂਦ ਨੂੰ ਮਹਿਸੂਸ ਕੀਤਾ ਗਿਆ। ਭਾਵੇਂ 170 ਘਰਾਂ ਦੇ ਗੰਦੇ ਪਾਣੀ ਨੂੰ ਡਰੇਨੇਜ਼ ਲਾਈਨ ਨਾਲ ਜੋੜ ਕੇ ਖੁੱਲ੍ਹੀ ਥਾਂ ਵਿੱਚ ਛੱਡ ਦਿੱਤਾ ਜਾਂਦਾ ਸੀ, ਪਰ ਇਹ ਹੱਲ ਆਰਜ਼ੀ ਸੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਅਤੇ ਜਾਗਰੂਕਤਾ ਫੈਲਾਉਣ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀਆਂ ਟੀਮਾਂ ਨੇ ਵੀ ਦੌਰਾ ਕੀਤਾ। ਟੀਮ ਦੇ ਮੈਂਬਰ ਦੇ ਵਿਚਾਰ ਉਪਰੰਤ, ਇਹ ਪਲਾਂਟ ਪਿਛਲੇ ਸਾਲ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੋ ਗਿਆ। ਇਸ ਮੰਤਵ ਲਈ ਪਿੰਡ ਵੱਲੋਂ ਕੇਂਦਰੀ/ਰਾਜ ਸਕੀਮਾਂ ਰਾਹੀਂ 35 ਲੱਖ 39,080 ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪ੍ਰਾਜੈਕਟ ਸਾਈਟ ਨੂੰ ਕੁੱਲ 1 ਏਕੜ ਰਕਬੇ ਵਿੱਚ ਸਥਾਪਤ ਕੀਤਾ ਗਿਆ ਹੈ। ਗੰਦੇ ਪਾਣੀ ਦੀ ਸੋਧ ਤੋਂ ਬਾਅਦ ਇਸ ਦੀ ਵਰਤੋਂ ਪਾਈਪ ਰਾਹੀਂ ਪਿੰਡ ਦੀ 100 ਏਕੜ ਜ਼ਮੀਨ ਦੀ ਸਿੰਜਾਈ ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਮਾਨ ਨੇ ਸਹਿਕਾਰੀ ਅਦਾਰੇ ਵੱਲੋਂ ਬਣਾਏ ਲੀਚੀ ਸ਼ਹਿਦ, ਲੀਚੀ ਜੈਮ, ਮਾਰਕਪਿਕ ਤੇ ਮਾਰਕਫਿਨਾਇਲ ਕੀਤੇ ਜਾਰੀ
ਖੇਤਾਂ ਵਿੱਚ ਪਾਣੀ ਦੇ ਬਿਹਤਰ ਵਹਾਅ ਲਈ ਹਾਲ ਹੀ ਵਿੱਚ ਇੱਕ ਮੋਟਰ ਵੀ ਲਗਾਈ ਗਈ ਹੈ। ਪਲਾਂਟ ਦੀ ਸਥਾਪਨਾ ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ ਅਤੇ ਪਿੰਡ ਦੀ ਦਿੱਖ ਵੀ ਬਿਹਤਰ ਹੋਈ ਹੈ। ਇਸ ਪ੍ਰਾਜੈਕਟ ਵਿਚ ਬਣੇ ਪੌਂਡਾਂ ਦੀ ਸਫਾਈ ਲਈ ਇੱਕ ਸੈਨੀਟੇਸ਼ਨ ਕਰਮਚਾਰੀ ਨੂੰ ਮਹੀਨਾਵਾਰ ਤਨਖਾਹ ’ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਾਜੈਕਟ ਦੀ ਸੁਚੱਜੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਮੇਟੀ ਮੈਂਬਰਾਂ ਵੱਲੋਂ ਸਮੇਂ-ਸਮੇਂ ’ਤੇ ਚੈਕਿੰਗ ਵੀ ਕੀਤੀ ਜਾਂਦੀ ਹੈ।
ਜਿੰਪਾ ਨੇ ਦੱਸਿਆ ਕਿ ਪਿੰਡ ਵਿੱਚ ਇਹ ਪ੍ਰਾਜੈਕਟ ਸਥਾਪਿਤ ਹੋਣ ਤੋਂ ਬਾਅਦ ਇੱਕ ਮਹੱਤਵਪੂਰਨ ਬਦਲਾਅ ਦੇਖਿਆ ਗਿਆ ਹੈ।
ਪਿੰਡ ਵਿਚ ਨਾ ਤਾਂ ਹੁਣ ਆਲੇ-ਦੁਆਲੇ ਗੰਦਾ ਪਾਣੀ ਖੜ੍ਹਾ ਦਿਖਾਈ ਦਿੰਦਾ ਹੈ ਅਤੇ ਨਾ ਹੀ ਕੂੜੇ ਜਾਂ ਖੜ੍ਹੇ ਪਾਣੀ ਦੀ ਬਦਬੂ ਆਉਂਦੀ ਹੈ। ਪ੍ਰਾਜੈਕਟ ਸਾਈਟ ਪਿੰਡ ਦੇ ਲੋਕਾਂ ਦੀ ਸਭ ਤੋਂ ਮਨਪਸੰਦ ਥਾਂ ਬਣ ਗਈ ਹੈ। ਹਰ ਉਮਰ ਵਰਗ ਦੇ ਲੋਕ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਇੱਥੇ ਆਉਂਦੇ ਹਨ ਅਤੇ ਵਿਹਲਾ ਸਮਾਂ ਬਿਤਾਉਂਦੇ ਹਨ। ਸਾਈਟ ਦੇ ਆਲੇ-ਦੁਆਲੇ ਰੰਗਦਾਰ ਬੈਂਚਾਂ ’ਤੇ ਬੈਠ ਕੇ ਲੋਕ ਆਰਾਮ ਕਰਦੇ ਹਨ ਅਤੇ ਇੱਥੇ ਲਗਾਏ ਰੁੱਖ ਵਾਤਾਵਰਣ-ਪੱਖੀ ਮਾਹੌਲ ਸਿਰਜਦੇ ਹਨ। ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਰਾਤ ਸਮੇਂ ਵੀ ਰੌਸ਼ਨੀ ਦਾ ਪ੍ਰਬੰਧ ਰਹੇ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਸਾਲ 2020-21 ਲਈ ਪਿੰਡ ਦਬੁਰਜੀ ਨੂੰ ਨੌਜਵਾਨ ਸਰਪੰਚ ਜਸਵੀਰ ਸਿੰਘ ਵਿੱਕੀ ਦੀ ਅਗਵਾਈ ਵਿਚ ਪੰਜਾਬ ਦੇ ਸਾਫ਼ ਅਤੇ ਹਰੇ-ਭਰੇ ਪਿੰਡ ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਰੈਸਲਿੰਗ ਐਸੋਸੀਏਸ਼ਨ ਦਾ ਮਾਮਲਾ, ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਨੋਟਿਸ
ਮਾਪਿਆਂ ਦੇ ਇਕਲੌਤੇ ਪੁੱਤ ਨੇ ਨਸ਼ਾ ਨਾ ਮਿਲਣ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਸਰੀਰ ਦੇ ਹੋਏ 2 ਹਿੱਸੇ
NEXT STORY