ਜਲੰਧਰ (ਖੁਰਾਣਾ) — ਮਾਡਲ ਟਾਊਨ ਦੇ ਕਾਂਗਰਸੀ ਆਗੂ ਮਨੋਜ ਅਰੋੜਾ ਦੀ ਧਰਮਪਤਨੀ ਸ਼੍ਰੀਮਤੀ ਅਰੁਣਾ ਅਰੋੜਾ ਵਿਰੁੱਧ ਪਾਈ ਗਈ ਇਲੈਕਸ਼ਨ ਪਟੀਸ਼ਨ ਨੂੰ ਅੱਜ ਡਿਪਟੀ ਕਮਿਸ਼ਨਰ ਕੇ. ਕੇ. ਯਾਦਵ ਵਲੋਂ ਖਾਰਿਜ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਅਗਸਤ 2012 ਦੀਆਂ ਨਗਰ ਨਿਗਮ ਚੋਣਾਂ ਵਿਚ ਅਰੁਣਾ ਅਰੋੜਾ ਨੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਡਾ. ਐੱਸ. ਐੱਸ. ਭੱਟੀ ਨੂੰ ਲਗਭਗ 800 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਤੇ ਕੁਝ ਹੀ ਸਮੇਂ ਬਾਅਦ ਡਾ. ਭੱਟੀ ਨੇ ਡਿਪਟੀ ਕਮਿਸ਼ਨਰ ਦਫਤਰ ਵਿਚ ਕੌਂਸਲਰ ਅਰੁਣਾ ਅਰੋੜਾ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ ਤੇ ਦੋਸ਼ ਲਗਾਇਆ ਕਿ ਕੁਝ ਬੂਥਾਂ ਵਿਚ ਜਿੰਨੀਆਂ ਵੋਟਾਂ ਵੋਟਰ ਸੂਚੀ ਵਿਚ ਦਰਸਾਈਆਂ ਗਈਆਂ ਸਨ, ਅਰੁਣਾ ਅਰੋੜਾ ਨੂੰ ਉਨ੍ਹਾਂ ਬੂਥਾਂ ਤੋਂ ਉਸ ਨਾਲੋਂ ਵੀ ਜ਼ਿਆਦਾ ਵੋਟਾਂ ਮਿਲੀਆਂ। ਡਾ. ਭੱਟੀ ਦੀ ਇਹ ਚੋਣ ਪਟੀਸ਼ਨ ਕਰੀਬ ਸਾਢੇ 4 ਸਾਲ ਚੱਲੀ ਤੇ ਇਸ ਦੌਰਾਨ ਕੇ. ਸ਼ਿਵਾ ਪ੍ਰਸਾਦ, ਸ਼ਰੂਤੀ ਸਿੰਘ, ਵਰੁਣ ਰੂਜ਼ਮ ਆਦਿ ਕਈ ਡੀ. ਸੀ. ਬਦਲੇ।
ਪਟੀਸ਼ਨਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸੀ ਆਗੂ ਮਨੋਜ ਅਰੋੜਾ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਹਾਈਕੋਰਟ ਗਏ, ਜਿੱਥੇ ਉਨ੍ਹਾਂ ਦੀ ਪਟੀਸ਼ਨ ਅੱਜ ਵੀ ਪੈਂਡਿੰਗ ਹੈ।
ਅੱਜ ਡਿਪਟੀ ਕਮਿਸ਼ਨਰ ਕੇ. ਕੇ. ਯਾਦਵ ਨੇ ਦੋਵਾਂ ਧਿਰਾਂ ਭਾਵ ਕੌਂਸਲਰ ਅਰੁਣਾ ਅਰੋੜਾ ਤੇ ਸ਼ਿਕਾਇਤਕਰਤਾ ਡਾ. ਐੱਸ. ਐੱਸ. ਭੱਟੀ ਨੂੰ ਆਪਣੇ ਦਫਤਰ ਬੁਲਾਇਆ ਤੇ ਦੋਵਾਂ ਦੀ ਮੌਜੂਦਗੀ ਵਿਚ 2012 ਵਿਚ ਮਾਡਲ ਟਾਊਨ ਦੀ ਚੋਣ ਪ੍ਰਕਿਰਿਆ ਦਾ ਰਿਕਾਰਡ ਮੰਗਵਾਇਆ ਗਿਆ। ਦੋਵਾਂ ਧਿਰਾਂ, ਉਨ੍ਹਾਂ ਦੇ ਵਕੀਲਾਂ ਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਡੀ. ਸੀ. ਨੇ ਇਸ ਵਾਰਡ ਦੇ ਬੂਥਾਂ ਵਿਚ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਤੇ ਬਾਕੀ ਰਿਕਾਰਡ ਨਾਲ ਇਨ੍ਹਾਂ ਦਾ ਮਿਲਾਨ ਕੀਤਾ ਜੋ ਬਿਲਕੁਲ ਠੀਕ ਪਾਇਆ ਗਿਆ। ਜਿਸ ਦੇ ਆਧਾਰ 'ਤੇ ਚੋਣ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੌਂਸਲਰ ਅਰੁਣਾ ਅਰੋੜਾ ਵਲੋਂ ਐਡਵੋਕੇਟ ਅਸ਼ੋਕ ਖੰਨਾ ਨੇ ਲਗਾਤਾਰ ਸਾਢੇ 4 ਸਾਲ ਇਸ ਕੇਸ ਦੀ ਪੈਰਵੀ ਕੀਤੀ ਪਰ ਸ਼ਿਕਾਇਤਕਰਤਾ ਵਲੋਂ ਆਪਣੇ ਗਵਾਹ ਕਾਫੀ ਲੇਟ ਭੁਗਤਾਉਣ ਕਾਰਨ ਕੇਸ ਵਿਚ ਦੇਰ ਹੋਈ। ਅੱਜ ਵੋਟਾਂ ਦੀ ਦੁਬਾਰਾ ਗਿਣਤੀ ਸਮੇਂ ਕੌਂਸਲਰ ਅਰੁਣਾ ਅਰੋੜਾ ਦੇ ਨਾਲ ਐਡਵੋਕੇਟ ਅਸ਼ੋਕ ਖੰਨਾ ਤੇ ਐਡਵੋਕੇਟ ਰੋਹਿਤ ਗੰਭੀਰ ਹਾਜ਼ਰ ਸਨ। ਜਦੋਂਕਿ ਡਾ. ਐੱਸ. ਐੱਸ. ਭੱਟੀ ਦੇ ਨਾਲ ਐਡਵੋਕੇਟ ਏ. ਪੀ. ਐੱਸ. ਪਠਾਨੀਆ ਵੀ ਮੌਜੂਦ ਰਹੇ।
ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਈ
ਡਿਪਟੀ ਕਮਿਸ਼ਨਰ ਵਲੋਂ ਅੱਜ ਮਾਡਲ ਟਾਊਨ ਵਾਰਡ ਦੀਆਂ ਵੋਟਾਂ ਦੀ ਦੁਬਾਰਾ ਗਿਣਤੀ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਗਈ ਤੇ ਸੀਲ ਖੋਲ੍ਹਣ ਤੋਂ ਬਾਅਦ ਉਸਨੂੰ ਦੁਬਾਰਾ ਸੀਲਬੰਦ ਕਰਕੇ ਰਿਕਾਰਡ ਵਿਚ ਰੱਖ ਦਿੱਤਾ ਗਿਆ।
'ਆਪ' ਬਿਨਾਂ ਲਾੜੇ ਦੀ ਬਾਰਾਤ, ਪੰਜਾਬ ਦੀ ਜਨਤਾ ਕੇਜਰੀਵਾਲ ਟੀਮ 'ਤੇ ਨਹੀਂ ਕਰੇਗੀ ਵਿਸ਼ਵਾਸ : ਸ਼ੋਭਾ ਓਝਾ
NEXT STORY