ਜਲੰਧਰ (ਖੁਰਾਣਾ)–ਸਾਲਿਡ ਵੇਸਟ ਮੈਨੇਜਮੈਂਟ ਦੇ ਮਾਮਲੇ 'ਚ ਹੁਣ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ, ਜਿਸ ਦੇ ਤਹਿਤ ਹਰ ਸਰਕਾਰੀ ਸਕੂਲ ਵਿਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕਰਨਾ ਲਾਜ਼ਮੀ ਹੋਵੇਗਾ ਅਤੇ ਹਰ ਸਕੂਲ ਵਿਚ ਪਿਟ ਕੰਪੋਸਟਿੰਗ ਦੇ ਜ਼ਰੀਏ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ। ਇਸ ਦੇ ਲਈ ਸਰਕਾਰ ਨੇ ਹਰ ਸਰਕਾਰੀ ਸਕੂਲ ਨੂੰ 10-10 ਹਜ਼ਾਰ ਰੁਪਏ ਭੇਜ ਦਿੱਤੇ ਹਨ ਅਤੇ ਇਹ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਨਿਗਮ ਦੇ ਹੈਲਥ ਆਫੀਸਰ ਡਾ. ਕ੍ਰਿਸ਼ਨ ਸ਼ਰਮਾ ਨੇ ਲਾਡੋਵਾਲੀ ਰੋਡ ਸਥਿਤ ਸਰਕਾਰੀ ਸਕੂਲ ਵਿਚ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਵੀ ਖਾਸ ਤੌਰ 'ਤੇ ਹਾਜ਼ਰ ਹੋਏ। ਉਨ੍ਹਾਂ ਸਕੂਲ ਪ੍ਰਿੰਸੀਪਲਾਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਵਿਚ ਸਹਿਯੋਗ ਦੇਣ ਲਈ ਸੈਗਰੀਗੇਸ਼ਨ ਅਤੇ ਪਿਟ ਕੰਪੋਸਟਿੰਗ ਦੀ ਅਪੀਲ ਕੀਤੀ।
ਬੱਚਿਆਂ ਕੋਲੋਂ ਵੀ ਲਿਖ ਕੇ ਲਿਆ ਜਾਏਗਾ
ਇਸ ਸੈਮੀਨਾਰ ਵਿਚ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਹਰ ਬੱਚੇ ਕੋਲੋਂ ਲਿਖ ਕੇ ਲਿਆ ਜਾਵੇਗਾ ਕਿ ਉਹ ਆਪਣੇ ਘਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕਰਿਆ ਕਰੇਗਾ। ਇਸ ਚਿੱਠੀ 'ਤੇ ਬੱਚੇ ਦੇ ਮਾਤਾ-ਪਿਤਾ ਦੇ ਹਸਤਾਖਰ ਵੀ ਹੋਣਗੇ ਅਤੇ ਇਹ ਸਾਰੀਆਂ ਚਿੱਠੀਆਂ ਕਲਾਸ ਟੀਚਰ ਦੇ ਜ਼ਰੀਏ ਨਿਗਮ ਤੱਕ ਪਹੁੰਚਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਅਤੇ ਹੈਲਥ ਅਫਸਰ ਨੇ ਬੀਤੇ ਦਿਨ ਬਸਤੀਆਂ ਇਲਾਕੇ 'ਚ ਚੱਲ ਰਹੀ ਦਰਸ਼ਨ ਅਕੈਡਮੀ ਦਾ ਦੌਰਾ ਕੀਤਾ, ਜਿੱਥੇ 500 ਬੱਚਿਆਂ ਨੇ ਸੈਗਰੀਗੇਸ਼ਨ ਕਰਨ ਅਤੇ ਪਲਾਸਟਿਕ ਨਾ ਵਰਤਣ ਬਾਰੇ ਲਿਖ ਕੇ ਦਿੱਤਾ।
ਗਿੱਲਾ ਤੇ ਸੁੱਕਾ ਕੂੜਾ ਮਿਕਸ ਹੋਇਆ ਤਾਂ ਕੱਟਿਆ ਜਾਵੇਗਾ ਚਲਾਨ
ਨਗਰ ਨਿਗਮ ਨੇ ਸ਼ਹਿਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਰੱਖਣ ਬਾਰੇ ਜੋ ਮੁਹਿੰਮ ਚਲਾਈ ਹੋਈ ਹੈ, ਜੋ ਘਰ ਉਸਦੀ ਪਾਲਣਾ ਨਹੀਂ ਕਰੇਗਾ, ਉਸਦਾ ਚਲਾਨ ਕੱਟਿਆ ਜਾਵੇਗਾ। ਚਲਾਨ ਕੱਟਣ ਦੀ ਪ੍ਰਕਿਰਿਆ ਵਾਰਡ ਨੰਬਰ 33 ਦੇ ਮੁਹੱਲਿਆਂ ਅਵਤਾਰ ਨਗਰ ਆਦਿ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਥੇ ਹਰੇਕ ਘਰ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਚੁੱਕਾ ਹੈ। ਸੋਮਵਾਰ ਤੋਂ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਗੁਰੂ ਨਾਨਕਪੁਰਾ ਡੰਪ ਨੂੰ ਲੈ ਕੇ ਵਿਰੋਧ ਸ਼ੁਰੂ
ਲਾਡੋਵਾਲੀ ਰੋਡ ਤੋਂ ਗੁਰੂ ਨਾਨਕਪੁਰਾ ਵਲ ਜਾਂਦੀ ਸੜਕ ਕੰਢੇ ਕੂੜੇ ਦੇ ਵਿਸ਼ਾਲ ਡੰਪ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਵੱਖ-ਵੱਖ ਸੋਸਾਇਟੀਆਂ ਨੇ ਮਿਲ ਕੇ ਉਥੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਗੁਰੂ ਨਾਨਕਪੁਰਾ ਵੈੱਲਫੇਅਰ ਸੋਸਾਇਟੀ, ਐੱਨ. ਜੀ. ਓ. ਅਲਫਾ ਮਹਿੰਦਰੂ, ਹਰਿਮੰਦਰ ਪ੍ਰਬੰਧਕ ਕਮੇਟੀ, ਇੰਟਰਨੈਸ਼ਨਲ ਗੀਤਾ ਸੋਸਾਇਟੀ, ਹੈਲਥ ਕਲੱਬ ਅਤੇ ਰੇਲਵੇ ਸੰਗਠਨਾਂ ਆਦਿ ਵਲੋਂ ਕੀਤਾ ਜਾ ਰਿਹਾ ਹੈ।
ਸੋਸਾਇਟੀਆਂ ਦੇ ਨੁਮਾਇੰਦੇ ਰਮੇਸ਼ ਮਹਿੰਦਰੂ, ਲਲਿਤ ਮਹਿਤਾ, ਜਗਜੀਤ ਰਿੰਪੂ, ਐਡਵੋਕੇਟ ਸੁਖਬੀਰ ਸਿੰਘ, ਐਡਵੋਕੇਟ ਜੇ. ਪੀ. ਸ਼ਰਮਾ, ਗੁਰਪ੍ਰੀਤ ਸਿੰਘ, ਅਮਿਤ ਕੰਡਾ, ਦੇਵ ਸ਼ਰਮਾ, ਰਮੇਸ਼ ਭੱਲਾ, ਡਾ. ਵਿਨੀਤ ਸ਼ਰਮਾ ਅਤੇ ਡਾ. ਚੰਦਰ ਪ੍ਰਕਾਸ਼ ਆਦਿ ਨੇ ਕਿਹਾ ਕਿ ਇਹ ਪੂਰਾ ਇਲਾਕਾ ਕਾਫੀ ਹਰਿਆਵਲ ਤੇ ਸਾਫ-ਸੁਥਰਾ ਹੁੰਦਾ ਸੀ ਪਰ ਕੂੜੇ ਦੇ ਡੰਪ ਨੇ ਇਸ ਨੂੰ ਨਰਕ ਵਿਚ ਤਬਦੀਲ ਕਰ ਦਿੱਤਾ ਹੈ। ਨਿਗਮ ਕੋਲੋਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਅਤੇ ਲੋਕਾਂ ਨੇ ਸੈਰ ਕਰਨੀ ਤੱਕ ਛੱਡ ਦਿੱਤੀ ਹੈ। ਧਰਨਾ ਤਾਂ ਹੀ ਚੁੱਕਿਆ ਜਾਵੇਗਾ, ਜਦੋਂ ਇਥੋਂ ਡੰਪ ਸ਼ਿਫਟ ਹੋਵੇਗਾ।
ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ 21 ਲੱਖ ਦੀ ਪ੍ਰਾਪਰਟੀ ਕੀਤੀ ਜ਼ਬਤ
NEXT STORY