ਜਲੰਧਰ (ਖੁਰਾਣਾ)– ਇਕ ਨਾਟਕੀ ਘਟਨਾਕ੍ਰਮ ਤਹਿਤ ਪੀ. ਏ. ਪੀ. (ਪੰਜਾਬ ਆਰਮਡ ਪੁਲਸ) ਦੇ ਅਧਿਕਾਰੀਆਂ ਨੇ ਉਸ ਜ਼ਮੀਨ ’ਤੇ ਆਪਣਾ ਦਾਅਵਾ ਠੋਕਿਆ ਹੈ, ਜਿੱਥੇ ਕੁਝ ਦਿਨ ਪਹਿਲਾਂ ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਨੇ ਇਕ ਪਾਰਕ ਬਣਾਉਣ ਦਾ ਉਦਘਾਟਨ ਕੀਤਾ ਸੀ। ਪੀ. ਏ. ਪੀ. ਦੇ ਅਧਿਕਾਰੀਆਂ ਨੇ ਹਿੰਮਤ ਦਿਖਾਉਂਦਿਆਂ ਵਿਧਾਇਕ ਅਤੇ ਮੇਅਰ ਦਾ ਨਾਂ ਲਿਖੇ ਉਦਘਾਟਨੀ ਪੱਥਰ ’ਤੇ ਹੀ ਨੋਟਿਸ ਚਿਪਕਾ ਦਿੱਤਾ, ਜਿਸ ਵਿਚ ਲਿਖਿਆ ਗਿਆ ਹੈ ਕਿ ਇਹ ਕੁੱਲ 8.33 ਏਕੜ ਜ਼ਮੀਨ ਪ੍ਰੋਵਿੰਸ਼ੀਅਲ ਗਵਰਨਮੈਂਟ ਪੰਜਾਬ ਸਰਕਾਰ (ਸਟੇਟ ਆਰਮਡ ਪੁਲਸ) ਦੀ ਮਾਲਕੀ ਹੈ ਅਤੇ ਇਸ ਜ਼ਮੀਨ ’ਤੇ ਕੋਈ ਗੈਰ-ਕਾਨੂੰਨੀ ਅੰਦਰ ਦਾਖਲ ਨਹੀਂ ਹੋ ਸਕਦਾ।
ਜ਼ਿਕਰਯੋਗ ਹੈ ਕਿ ਇਹ ਜਗ੍ਹਾ ਰਾਮਾ ਮੰਡੀ ਤੋਂ ਪ੍ਰੋਫੈਸਰ ਕਾਲੋਨੀ ਦੇ ਪਿੱਛੇ ਅਤੇ ਓਲਡ ਬੇਅੰਤ ਨਗਰ ਦੇ ਗੁਰਦੁਆਰੇ ਦੇ ਨੇੜੇ ਪੈਂਦੀ ਹੈ, ਜਿਹੜੀ ਕਈ ਸਾਲਾਂ ਤੋਂ ਖਾਲੀ ਪਈ ਹੋਈ ਸੀ। ਇਲਾਕਾ ਨਿਵਾਸੀਆਂ ਦੀ ਮੰਗ ’ਤੇ ਵਿਧਾਇਕ ਬੇਰੀ ਨੇ ਇਸ ਜਗ੍ਹਾ ’ਤੇ ਪਾਰਕ ਬਣਵਾਉਣ ਲਈ 10.33 ਲੱਖ ਰੁਪਏ ਦਾ ਐਸਟੀਮੇਟ ਨਗਰ ਨਿਗਮ ਤੋਂ ਤਿਆਰ ਕਰਵਾਇਆ ਸੀ, ਜਿਸ ਤਹਿਤ ਇਸ ਜਗ੍ਹਾ ਵਾਕਿੰਗ ਟਰੈਕ, ਓਪਨ ਜਿਮ ਬਣਾ ਕੇ ਲਾਈਟਾਂ ਲਾਈਆਂ ਜਾਣੀਆਂ ਸਨ ਪਰ ਪੀ. ਏ. ਪੀ. ਦੇ ਅਧਿਕਾਰੀਆਂ ਨੇ ਇਸ ਜਗ੍ਹਾ ’ਤੇ ਆਪਣਾ ਹੱਕ ਜਤਾ ਕੇ ਕਾਂਗਰਸੀਆਂ ਦੇ ਮਨਸੂਬਿਆਂ ’ਤੇ ਫਿਲਹਾਲ ਪਾਣੀ ਫੇਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਵਿਧਾਇਕ ਨੇ ਮੌਕੇ ’ਤੇ ਜਾ ਕੇ ਪਾੜ ਦਿੱਤਾ ਨੋਟਿਸ
ਜਗ੍ਹਾ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇਥੇ ਹੀ ਸ਼ਾਂਤ ਨਹੀਂ ਹੋਇਆ। ਵਿਧਾਇਕ ਬੇਰੀ ਨੂੰ ਜਦੋਂ ਉਦਘਾਟਨੀ ਪੱਥਰ ’ਤੇ ਅਜਿਹਾ ਨੋਟਿਸ ਚਿਪਕਾਉਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਸਮਰਥਕਾਂ ਸਮੇਤ ਉਥੇ ਜਾ ਕੇ ਪੀ. ਏ. ਪੀ. ਦੇ ਅਧਿਕਾਰੀਆਂ ਵੱਲੋਂ ਲਾਏ ਗਏ ਨੋਟਿਸ ਨੂੰ ਪਾੜ ਦਿੱਤਾ ਅਤੇ ਵਿਰੋਧ ਜਤਾਇਆ ਕਿ ਉਨ੍ਹਾਂ ਅਤੇ ਮੇਅਰ ਦੇ ਨਾਂ ’ਤੇ ਇਹ ਨੋਟਿਸ ਕਿਸ ਨੇ ਅਤੇ ਕਿਉਂ ਚਿਪਕਾਇਆ?
ਬੇਰੀ ਨੇ ਕਿਹਾ ਕਿ ਇਸ ਨੋਟਿਸ ’ਤੇ ਕਿਸੇ ਅਧਿਕਾਰੀ ਦਾ ਨਾਂ ਅੰਕਿਤ ਨਹੀਂ ਹੈ। ਉਨ੍ਹਾਂ ਕਿਹਾ ਕਿ 25-30 ਸਾਲਾਂ ਤੋਂ ਇਹ ਜਗ੍ਹਾ ਬੰਜਰ ਪਈ ਹੋਈ ਸੀ, ਜਿਸ ਕਾਰਨ ਇਲਾਕਾ ਨਿਵਾਸੀ ਪਾਰਕ ਬਣਾਉਣ ਦੀ ਮੰਗ ਕਰ ਰਹੇ ਸਨ ਤਾਂ ਕਿ ਬੱਚੇ ਇਥੇ ਖੇਡ ਸਕਣ। ਇਸ ਮੰਗ ਦੇ ਮੱਦੇਨਜ਼ਰ ਉਨ੍ਹਾਂ ਰੈਵੇਨਿਊ ਵਿਭਾਗ ਕੋਲੋਂ ਇਸ ਫਰਦ ਕਢਵਾਈ, ਜਿਸ ਤੋਂ ਪਤਾ ਲੱਗਾ ਹੈ ਕਿ ਇਹ ਜ਼ਮੀਨ ਪੰਜਾਬ ਸਰਕਾਰ ਦੇ ਨਾਂ ਹੈ ਅਤੇ ਵਾਹੀ ਵਾਲੇ ਕਾਲਮ ਵਿਚ ਪੀ. ਏ. ਪੀ. ਲਿਖਿਆ ਹੈ। ਇਸ ਜਗ੍ਹਾ ਨੂੰ ਪੀ. ਏ. ਪੀ. ਨੇ ਬੰਜਰ ਬਣਾ ਕੇ ਛੱਡਿਆ ਹੋਇਆ ਸੀ। ਹੁਣ ਇਸ ਜਗ੍ਹਾ ’ਤੇ ਕਿਸੇ ਪਾਰਟੀ ਦਾ ਕਬਜ਼ਾ ਨਹੀਂ ਹੋ ਰਿਹਾ, ਅਜਿਹੇ ਵਿਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਕਿ ਇਹ ਜ਼ਮੀਨ ਪੰਜਾਬ ਸਰਕਾਰ ਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ
ਪੰਜਾਬ ਪੁਲਸ ਦਾਅਵਾ ਛੱਡੇਗੀ ਜਾਂ ਪਾਰਕ ਬਣੇਗਾ, ਭੰਬਲਭੂਸਾ ਬਰਕਰਾਰ
ਖਾਲੀ ਪਈ ਸਰਕਾਰੀ ਜ਼ਮੀਨ ’ਤੇ ਪਾਰਕ ਬਣਵਾਉਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿਚ ਹੁਣ ਇਹ ਭੰਬਲਭੂਸਾ ਬਰਕਰਾਰ ਹੈ ਕਿ ਪੰਜਾਬ ਆਰਮਡ ਪੁਲਸ ਵੱਲੋਂ ਇਸ ਜ਼ਮੀਨ ’ਤੇ ਆਪਣਾ ਦਾਅਵਾ ਛੱਡਿਆ ਜਾਵੇਗਾ ਜਾਂ ਕਾਂਗਰਸੀ ਜਨ-ਪ੍ਰਤੀਨਿਧੀ ਇਸ ਜ਼ਮੀਨ ’ਤੇ ਪਾਰਕ ਬਣਵਾਉਣ ਵਿਚ ਕਾਮਯਾਬ ਹੋ ਜਾਣਗੇ। ਅੱਜ ਉਦਘਾਟਨੀ ਪੱਥਰ ’ਤੇ ਨੋਟਿਸ ਚਿਪਕਾ ਕੇ ਜਿਥੇ ਪੀ. ਏ. ਪੀ. ਦੇ ਅਧਿਕਾਰੀਆਂ ਨੇ ਆਪਣੀ ਮਨਸ਼ਾ ਜ਼ਾਹਰ ਕਰ ਦਿੱਤੀ, ਉਥੇ ਹੀ ਵਿਧਾਇਕ ਬੇਰੀ ਨੇ ਉਸ ਨੋਟਿਸ ਨੂੰ ਪਾੜ ਕੇ ਇਹ ਚੈਲੇਂਜ ਵੀ ਕੀਤਾ ਕਿ ਇਥੇ ਪਾਰਕ ਬਣ ਕੇ ਰਹੇਗਾ। ਹੁਣ ਦੇਖਣਾ ਹੈ ਕਿ ਇਹ ਮਾਮਲਾ ਕਿਥੋਂ ਤੱਕ ਜਾਂਦਾ ਹੈ ਅਤੇ ਕਿਸ ਦੀ ਜਿੱਤ ਹੁੰਦੀ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
50 ਫ਼ੀਸਦੀ ਯਾਤਰੀ ਬਿਠਾਉਣ ਤੇ ਨਾਈਟ ਕਰਫ਼ਿਊ ਲੱਗਣ ਨਾਲ ਸਰਕਾਰੀ ਬੱਸਾਂ ਨੂੰ ਰੋਜ਼ਾਨਾ 56 ਲੱਖ ਰੁਪਏ ਘਾਟਾ ਪੈਣਾ ਸ਼ੁਰੂ
NEXT STORY