ਨੂਰਮਹਿਲ (ਗੋਪਾਲ ਸ਼ਰਮਾ)— ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਅੰਕਿਤ 'ਨੂਰਮਹਿਲ' ਆਪਣੇ ਅੰਦਰ ਇਤਿਹਾਸ ਨਾਲ ਸਬੰਧਤ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਸਮੋਈ ਬੈਠਾ ਹੈ। ਇਸ ਸ਼ਹਿਰ 'ਚ ਜਿੱਥੇ ਮਲਿਕਾ-ਏ-ਜਹਾਂਗੀਰ ਦੀ ਰੂਹ ਵਾਸ ਕਰਦੀ ਹੈ, ਉਥੇ ਹੀ ਇਸ ਧਰਤੀ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਪ੍ਰਾਪਤ ਹੈ। ਇਸ ਇਲਾਕੇ ਦੇ ਨੌਜਵਾਨ ਜਿੱਥੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸੰਭਾਲਣ 'ਚ ਯੋਗਦਾਨ ਪਾਉਂਦੇ ਹਨ, ਉੱਥੇ ਹੀ ਖੇਡਾਂ 'ਚ ਵੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ।
ਇਹ ਰਿਹਾ 'ਨੂਰਮਹਿਲ' ਦਾ ਪਿਛੋਕੜ ਇਤਿਹਾਸ
ਜ਼ਿਲਾ ਜਲੰਧਰ 'ਚ ਸਬ-ਤਹਿਸੀਲ ਪੱਧਰ ਦਾ ਕਸਬਾ ਹੈ 'ਨੂਰਮਹਿਲ'। ਪੁਰਾਤਨ ਕਾਲ 'ਚ ਇਹ ਲਾਹੌਰ ਤੋਂ ਦਿੱਲੀ ਜਾਂਦੀ ਜਰਨੈਲੀ ਸੜਕ 'ਤੇ ਸੁਲਤਾਨਪੁਰ ਤੋਂ 25 ਮੀਲ ਦੱਖਣ-ਪੂਰਬ, ਜਲੰਧਰ ਤੋਂ 16 ਮੀਲ ਦੱਖਣ ਅਤੇ ਫਿਲੌਰ ਤੋਂ 13 ਮੀਲ ਪੂਰਬ 'ਚ ਸਥਿਤ ਹੈ। ਜਰਨੈਲੀ ਸੜਕ 'ਤੇ 10-10 ਕੋਹ 'ਤੇ ਅੱਜ ਵੀ ਉਸ ਵਕਤ ਦੇ ਮੀਨਾਰਾਂ ਦੇ ਸੰਕੇਤ ਮਿਲਦੇ ਹਨ। ਇਸ ਕਸਬੇ ਦਾ ਨਾਮ ਪਹਿਲਾਂ ਕਿੱਤਾ-ਏ-ਗਹਿਲੂਰ ਸੀ ਪਰ ਬੇਗਮ ਨੂਰਜਹਾਂ ਦੇ ਜਨਮ ਉਪਰੰਤ ਇਸ ਦਾ ਨਾਮ ਬਦਲਕੇ ਨੂਰਮਹਿਲ ਰੱਖ ਦਿੱਤਾ ਗਿਆ। ਇਤਿਹਾਸ ਇਨ੍ਹਾਂ ਤੱਥਾਂ ਦੀ ਹਾਮੀ ਭਰਦਾ ਹੈ ਕਿ ਬੇਗਮ ਨੂਰਜਹਾਂ ਦੇ ਪਿਤਾ ਮਿਰਜ਼ਾ ਗਿਆਸ ਬੇਗ ਤੁਰਕਿਸਤਾਨ ਤੋਂ ਪੈਦਲ ਆਪਣੇ ਕਾਫਿਲੇ ਸਹਿਤ ਦਿੱਲੀ ਜਾ ਰਹੇ ਸਨ ਕਿ ਰਸਤੇ ਵਿਚ ਇਸ ਸ਼ਹਿਰ ਦੀ ਹਦੂਦ ਅੰਦਰ ਨੂਰਜਹਾਂ ਦਾ ਜਨਮ ਹੋਇਆ। ਨੂਰਜਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਸ ਜਗ੍ਹਾ ਇਕ ਸਰਾਂ ਦਾ ਨਿਰਮਾਣ ਕੀਤਾ ਗਿਆ ਜੋ 18ਵੀਂ ਸਦੀ ਦੇ ਤਾਮੀਰੀ ਹੁਨਰ ਦੀ ਝਲਕ ਦਿਖਾਉਂਦੀ ਹੈ। ਸਰਾਂ ਦੇ ਮੇਨ ਗੇਟ ਉੱਪਰ ਅਤੇ ਦਰਸ਼ਨੀ ਡਿਓੜੀ ਉੱਪਰ ਫਰਿਸ਼ਤਿਆਂ, ਪਰੀਆਂ, ਹਾਥੀਆਂ, ਦਰਿਆਈ ਘੋੜਿਆਂ, ਊਠਾਂ, ਬਾਂਦਰਾਂ ਤੇ ਮੋਰਾਂ ਦੇ ਅੰਕਿਤ ਚਿੱਤਰ ਮੂਰਤੀ ਕਲਾ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ। ਗੇਟਾਂ ਉੱਪਰ ਅੰਕਿਤ ਫਾਰਸੀ ਭਾਸ਼ਾ ਵਿਚ ਸ਼ੇਅਰ ਉਸ ਸਮੇਂ ਦੇ ਸਹਿਕਾਰਤਾ ਦੀ ਅੰਤਰਭਾਵਨਾ ਅਤੇ ਇਤਿਹਾਸਕ ਤਾਰੀਖਾਂ ਨੂੰ ਪ੍ਰਗਟ ਕਰਦੇ ਹਨ। 551 ਵਰਗ ਮੁਰੱਬਾ ਫੁੱਟ ਦੇ ਦਾਇਰੇ ਵਿਚ ਬਣੀ ਇਹ ਅਜ਼ੀਮ ਤਾਰੀਨ ਇਮਾਰਤ ਅੱਜ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ।
ਧਾਰਮਿਕ ਪਿਛੋਕੜ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਥੋਂ ਨਜ਼ਦੀਕੀ ਪਿੰਡ ਮਾਓ ਸਾਹਿਬ ਵਿਖੇ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਤਾਂ ਇਸ ਰਸਤੇ ਗਏ ਸਨ। ਉਨ੍ਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਪਿੰਡ ਭੰਗਾਲਾ ਵਿਖੇ ਅੱਜ ਵੀ ਉਹ ਕਿੱਲਾ ਮੌਜੂਦ ਹੈ, ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ, ਉਪਰੰਤ ਗੁਰੂ ਸਾਹਿਬ ਨੇ ਬਿਲਗਾ ਵਿਖੇ ਇਸ਼ਨਾਨ ਕੀਤਾ, ਵਸਤਰ ਬਦਲੇ ਜੋ ਅੱਜ ਵੀ ਗੁਰਦੁਆਰਾ ਵਿਖੇ ਦੇਖੇ ਜਾ ਸਕਦੇ ਹਨ। ਉਸ ਦੇ ਬਾਅਦ ਗੁਰੂ ਸਾਹਿਬ ਮਾਓ ਸਾਹਿਬ ਵਿਖੇ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਜਿਸ ਦੇ ਬਹੁਤ ਸਾਰੇ ਤੱਥ ਅੱਜ ਵੀ ਮੌਜੂਦ ਹਨ।
ਇਨਹਾਂਸਮੈਂਟ ਨੂੰ ਲੈ ਕੇ ਲੋਕਲ ਬਾਡੀਜ਼ ਸੈਕਟਰੀ ਦੀ ਪੇਸ਼ੀ 'ਤੇ ਫਸੀ ਟਰੱਸਟ ਦੀ ਘੁੰਢੀ
NEXT STORY