ਜਲੰਧਰ (ਮਹੇਸ਼ ਖੋਸਲਾ)- ਦੂਸਰੀ ਕੈਪੀਟਲ ਸਮਾਲ ਫਾਈਨਾਂਸ ਬੈਂਕ ‘ਵਨ ਰੇਸ’ ਜਲੰਧਰ ਹਾਫ ਮੈਰਾਥਨ ‘ਦੌੜ ਜਲੰਧਰ’ ਦਾ ਆਯੋਜਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਐਤਵਾਰ ਨੂੰ ਕੀਤਾ ਗਿਆ, ਜਿਸ ਨੂੰ ਅੰਤਰਰਾਸ਼ਟਰੀ ਵੈਟਰਨ ਐਥਲੀਟ ਫੌਜਾ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਮਰਜੀਤ ਸਿੰਘ ਸਮਰਾ ਨੇ ਹਰੀ ਝੰਡਾ ਵਿਖਾ ਕੇ ਰਵਾਨਾ ਕੀਤਾ। ਇਸ ਰੇਸ ’ਚ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਮੁੰਬਈ ਤੋਂ ਤਕਰੀਬਨ 3200 ਤੋਂ ਵੱਧ ਐਥਲੀਟਸ ਨੇ ਹਿੱਸਾ ਲਿਆ। ਕੈਪੀਟਲ ਸਮਾਲ ਫਾਈਨਾਂਸ ਬੈਂਕ ਤੇ ‘ਵਨ ਰੇਸ’ ਦੇ ਸਹਿਯੋਗ ਨਾਲ ਹੋਈ ਇਸ ਦੌੜ ’ਚ 5, 10 ਤੇ 21.1 ਕਿਲੋਮੀਟਰ ਦੀਆਂ 3 ਸ਼੍ਰੇਣੀਆਂ ’ਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਗਿਣਤੀ ’ਚ ਸੀਨੀ. ਸਿਟੀਜ਼ਨਜ਼ ਨੇ ਹਿੱਸਾ ਲਿਆ।
ਦੌੜ ’ਚ ‘ਪੰਜਾਬ ਕੇਸਰੀ’ ਪੱਤਰ ਸਮੂਹ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ, ਡੀ. ਸੀ. ਪੀ. ਅੰਕੁਰ ਗੁਪਤਾ, ਡੀ. ਸੀ. ਪੀ. ਜਗਮੋਹਣ ਸਿੰਘ, ਏ. ਡੀ. ਸੀ. ਪੀ. ਟਰੈਫਿਕ ਕਮਲਪ੍ਰੀਤ ਸਿੰਘ ਚਾਹਲ , ਅਮਰਜੀਤ ਸਿੰਘ ਸਮਰਾ, ਸਰਵਜੀਤ ਸਿੰਘ ਸਮਰਾ, ਅਮਰਦੀਪ ਸਿੰਘ ਸਮਰਾ ਤੇ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਈ. ਜੀ. ਕੈਪੀਟਲ ਦੇ ਰਾਜੇਸ਼ ਕਟੋਚ ਨੇ ਰਨਰਜ਼ ਨਾਲ ਦੌੜ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਦੌੜ ਜਲੰਧਰ ’ਚ ਵਿਸ਼ੇਸ਼ ਤੌਰ ’ਤੇ ਆਟਿਜ਼ਮ ਦੇ ਸ਼ਿਕਾਰ ਬੱਚਿਆਂ ਨੂੰ ਸੋਚ ਆਟਿਜ਼ਮ ਸੋਸਾਇਟੀ ਵੱਲੋਂ ਦੌੜ ਦਾ ਹਿੱਸਾ ਬਣਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ।
ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਹੱਸਦਾ-ਖੇਡਦਾ ਪਰਿਵਾਰ, ਅੱਗ 'ਚ ਝੁਲਸੇ 6ਵੇਂ ਵਿਅਕਤੀ ਦੀ ਵੀ ਮੌਤ, ਮਚਿਆ ਚੀਕ-ਚਿਹਾੜਾ
ਹਾਫ ਮੈਰਾਥਨ ’ਚ ਪੁਰਸ਼ਾਂ ਦੀ 21.1 ਕਿਲੋਮੀਟਰ ਦੌੜ ’ਚ ਮਹਿੰਦਰ ਮੌਰਿਆ ਪਹਿਲੇ, ਸੋਨੂੰ ਕੁਸ਼ਵਾਹ ਦੂਸਰੇ ਤੇ ਵਰਿੰਦਰ ਸਿੰਘ ਤੀਸਰੇ ਸਥਾਨ ’ਤੇ ਰਹੇ, ਜਦਕਿ ਮਹਿਲਾ ਵਰਗ ’ਚ ਪ੍ਰਿੰਸੀ ਨੇ ਪਹਿਲਾ, ਸ਼੍ਰੇਆ ਨੇ ਦੂਸਰਾ ਤੇ ਸੀਮਾ ਦੇਵੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੁਰਸ਼ਾਂ ਦੀ 10 ਕਿਲੋਮੀਟਰ ਦੌੜ ’ਚ ਅਨੀਸ਼ ਚੰਦੇਲ, ਗੁਰਪਿੰਦਰ ਸਿੰਘ ਤੇ ਗੁਰਪੀਰਥ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਹਿਲਾ ਵਰਗ ’ਚੋਂ ਸੀਮਾਨਾ ਚੌਹਾਨ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਸਰਾ ਤੇ ਦੀਪਕ ਬਜਾਰ ਤੇ ਦਵਿੰਦਰ ਕੌਰ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ। 5 ਕਿਲੋਮੀਟਰ ਦੌੜ ਦੇ ਪੁਰਸ਼ ਵਰਗ ’ਚ ਪਵਨ, ਸਚਿਨ ਕੁਮਾਰ ਤੇ ਅਭਿਸ਼ੇਕ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮਹਿਲਾ ਵਰਗ ’ਚ ਅੰਜੂ ਯਾਦਵ, ਵੰਦਨਾ ਕੁਮਾਰੀ ਤੇ ਵਰਸ਼ਾ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਹਰੇਕ ਉਮਰ ਵਰਗ ਕੈਟਾਗਿਰੀ ’ਚ ਵੀ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ’ਤੇ ਆਉਣ ਵਾਲੇ ਜੇਤੂਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 12 ਤੋਂ 18 ਉਮਰ ਵਰਗ ’ਚ ਜੇਤੂ ਬੱਚਿਆਂ ਨੂੰ ਮੇਜਰ ਡੀ. ਪੀ. ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਰਵਜੀਤ ਸਿੰਘ ਸਮਰਾ ਨੇ ਕਿਹਾ ਕਿ ਸਿਹਤਮੰਦ ਜੀਵਨ ਜਿਊਣ ਲਈ ਸਾਨੂੰ ਸਾਰਿਆਂ ਨੂੰ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤੇ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਖੇਡ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਵੈਟਰਨ ਐਥਲੀਟ ਫੌਜਾ ਸਿੰਘ ਨੇ ਕਿਹਾ ਕਿ ਕੈਪੀਟਲ ਬੈਂਕ ਵੱਲੋਂ ਸ਼ਹਿਰ ’ਚ ‘ਵਨ ਰੇਸ’ ਜਲੰਧਰ ਹਾਫ ਮੈਰਾਥਨ ਵਰਗੀ ਵਿਸ਼ਵ ਪੱਧਰੀ ਦੌੜ ਦਾ ਆਯੋਜਨ ਕਰਕੇ ਸ਼ਹਿਰ ਵਾਸੀਆਂ ਨੂੰ ਦੌੜਨ ਲਈ ਪ੍ਰੇਰਿਤ ਕਰਨਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਸਾਰਿਆਂ ਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪੰਜਾਬ ਦੇ ਗੱਭਰੂਆਂ ਨੇ ਭੰਗੜਾ ਵੀ ਪੇਸ਼ ਕੀਤਾ, ਜੋ ਕਿ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣਿਆ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ
ਪੂਰੀ ਦੌੜ ਦੌਰਾਨ ਜਲੰਧਰ ਰਨਿੰਗ ਕਲੱਬ ਦੇ ਵਾਲੰਟੀਅਰਜ਼ ਵੱਲੋਂ ਭਰਪੂਰ ਸਹਿਯੋਗ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ ਦੇ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਦੇ 100 ਤੋਂ ਵੱਧ ਵਿਦਿਆਰਥੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ। ਦੌੜ ਦੀ ਸਫਲਤਾ ’ਚ ਜ਼ਿਲਾ ਪ੍ਰਸ਼ਾਸਨ ਨੇ ਭਰਪੂਰ ਸਹਿਯੋਗ ਕੀਤਾ। ਜਲੰਧਰ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। ਜਲੰਧਰ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਵੀ ਸਫਾਈ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸ੍ਰੀਮਨ ਹਸਪਤਾਲ ਦੀਆਂ ਐਂਬੂਲੈਂਸ ਰੇਸ ਦੇ ਨਾਲ-ਨਾਲ ਚੱਲ ਰਹੀਆਂ ਸਨ। ਜਲੰਧਰ ਦੇ ਮਸ਼ਹੂਰ ਸਾਈਕਲਿੰਗ ਕਲੱਬ ਦੇ ਮੈਂਬਰ ਬਤੌਰ ਮਾਰਸ਼ਲਜ਼ ਰਨਰਜ਼ ਦੇ ਨਾਲ-ਨਾਲ ਚੱਲ ਰਹੇ ਸਨ। ਰੇਸ ਦੌਰਾਨ ਜਗ੍ਹਾ-ਜਗ੍ਹਾ ’ਤੇ ਕੈਪੀਟਲ ਬੈਂਕ ਤੇ ਸਥਾਨਕ ਲੋਕਾਂ ਵੱਲੋਂ ਰਨਰਜ਼ ਦੀ ਹੌਂਸਲਾ-ਅਫ਼ਜ਼ਾਈ ਲਈ ਪਾਣੀ, ਫਲ-ਫਰੂਟ, ਚਾਕਲੇਟਸ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।
‘ਦੌੜ ਜਲੰਧਰ’ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਮਿਸ਼ਨ ਚੌਕ, ਸੌਕਰ ਚੌਕ, ਨਾਮਦੇਵ ਚੌਕ, ਬੀ. ਐੱਮ. ਸੀ. ਚੌਕ, ਕੂਲ ਰੋਡ ਤੋਂ ਹੁੰਦੇ ਹੋਏ, ਜੌਹਲ ਮਾਰਕੀਟ, ਇਨਕਮ ਟੈਕਸ ਕਾਲੋਨੀ, ਅਰਬਨ ਅਸਟੇਟ-2, 66 ਫੁੱਟ ਰੋਡ ਰਾਹੀਂ ਏ. ਜੀ. ਆਈ.-2 ਫਲੈਟਾਂ ਤੋਂ ਵਾਪਸ ਹੋ ਕੇ, ਮਾਲ ਰੋਡ ਮਾਡਲ ਟਾਊਨ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਈ। ਦੌੜ ਨੂੰ ਕਾਮਯਾਬ ਕਰਨ ਲਈ ਜਲੰਧਰ ਰਨਿੰਗ ਕਲੱਬ, ਸ੍ਰੀਮਨ ਹਸਪਤਾਲ, ਹਾਕ ਰਾਈਡਰਜ਼, ਲਾਇਲਪੁਰ ਖਾਲਸਾ ਕਾਲਜ, ਇਨਕਲਾਬ ਜਿਮ, ਪਰਿੰਦੇ ਜਿਮ, ਸੋਚ ਆਟਿਮਜ਼ ਸੋਸਾਇਟੀ, ਬਿਸਲੇਰੀ, ਪਾਲਿਸੀ ਬਾਜ਼ਾਰ, ਰੋਜ਼ਾ ਹਰਬਲ ਤੇ ਰੂਹਅਫਜ਼ਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੇ ਕੋਚਿੰਗ ਸੈਂਟਰਾਂ 'ਚ IELTS ਕਰਨ ਵਾਲਿਆਂ ਦੀ ਗਿਣਤੀ ਘਟੀ, ਇਸ ਪਾਸੇ ਹੋਇਆ ਵਿਦਿਆਰਥੀਆਂ ਦਾ ਰੁਝਾਨ
NEXT STORY