ਜਲੰਧਰ, (ਖੁਰਾਣਾ)- ਇਕ ਪਾਸੇ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਨੇ ਮਾਡਲ ਟਾਊਨ ਦੇ ਨਾਲ ਲੱਗਦੇ ਲਤੀਫਪੁਰਾ ਤੇ ਨਿਊ ਗਰੀਨ ਮਾਡਲ ਟਾਊਨ ਵਿਚੋਂ ਲੰਘਦੀ 120 ਫੁੱਟੀ ਰੋਡ ’ਤੇ ਹੋਏ ਕਬਜ਼ੇ ਹਟਾਉਣ ਦੀ ਤਿਆਰੀ ਪੂਰੀ ਕਰ ਲਈ ਹੈ ਤੇ 31 ਅਕਤੂਬਰ ਨੂੰ ਜੁਆਇੰਟ ਆਪ੍ਰੇਸ਼ਨ ਲਈ ਹੋਰ ਪੁਲਸ ਫੋਰਸ ਵੀ ਮੰਗ ਲਈ ਗਈ ਹੈ, ਉਥੇ ਅੱਜ ਕਾਰਵਾਈ ਦੇ ਡਰੋਂ ਲਤੀਫਪੁਰਾ ਦੇ ਦਰਜਨਾਂ ਵਾਸੀ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਖਿਲਾਫ ਧਰਨੇ ’ਤੇ ਬੈਠ ਗਏ।
ਖਾਸ ਗੱਲ ਇਹ ਰਹੀ ਕਿ ਮਾਡਲ ਟਾਊਨ ਇਲਾਕੇ ਦੀ ਕਾਂਗਰਸੀ ਕੌਂਸਲਰ ਅਰੁਣਾ ਅਰੋੜਾ ਪ੍ਰਦਰਸ਼ਨਕਾਰੀਆਂ ਦੇ ਹੱਕ ਵਿਚ ਖੁੱਲ੍ਹ ਕੇ ਆ ਗਈ ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ 70 ਸਾਲ ਤੋਂ ਮਾਡਲ ਟਾਊਨ ਡੇਅਰੀਆਂ ਵਾਲੇ ਇਲਾਕੇ ਭਾਵ ਲਤੀਫਪੁਰਾ ਵਿਚ ਬੈਠੇ ਪਰਿਵਾਰਾਂ ਨੂੰ ਉਜੜਣ ਨਹੀਂ ਦਿੱਤਾ ਜਾਵੇਗਾ। ਕੌਂਸਲਰ ਅਰੁਣਾ ਅਰੋੜਾ ਨੇ ਸਾਫ ਕਿਹਾ ਕਿ ਜੇਕਰ ਇਥੇ ਡਿੱਚ ਮਸ਼ੀਨ ਚਲਾਈ ਗਈ ਤਾਂ ਉਹ ਸਭ ਤੋਂ ਪਹਿਲਾਂ ਉਥੇ ਲੇਟ ਜਾਵੇਗੀ।
ਦੁਪਹਿਰ ਨੂੰ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਦੇਰ ਸ਼ਾਮ ਤੱਕ ਜਾਰੀ ਰਿਹਾ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਐਕਸਚੇਂਜ ਵਾਲੇ ਚੌਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਨਤੀਜੇ ਵਜੋਂ ਪੂਰੇ ਇਲਾਕੇ ਦੇ ਹਜ਼ਾਰਾਂ ਲੋਕ ਟਰੈਫਿਕ ਜਾਮ ਕਾਰਨ ਪ੍ਰੇਸ਼ਾਨ ਰਹੇ। ਮੌਕੇ ’ਤੇ ਭਾਰੀ ਪੁਲਸ ਫੋਰਸ ਨੂੰ ਭੇਜਿਆ ਗਿਆ ਤੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਸਮਝਾ-ਬੁਝਾ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਸ਼ਾਮ ਨੂੰ ਅਰੁਣਾ ਅਰੋੜਾ ਦੀ ਅਗਵਾਈ ਵਿਚ ਇਲਾਕਾ ਵਾਸੀ ਸੰਸਦ ਮੈਂਬਰ ਚੌ. ਸੰਤੋਖ ਸਿੰਘ ਨੂੰ ਵੀ ਮਿਲੇ ਤੇ ਉਨ੍ਹਾਂ ਕੋਲ ਦਖਲ ਦੇਣ ਦੀ ਮੰਗ ਕੀਤੀ। ਪਤਾ ਲੱਗਾ ਹੈ ਕਿ ਸੰਸਦ ਮੈਂਬਰ ਨੇ ਨਿਗਮ ਕਮਿਸ਼ਨਰ ਨੂੰ ਲੋਕਾਂ ਕੋਲ ਪਏ ਦਸਤਾਵੇਜ਼ ਵੇਖਣ ਲਈ ਕਿਹਾ ਹੈ।
ਸਿਆਸੀ ਅਖਾੜਾ ਬਣਿਆ ਲਤੀਫਪੁਰਾ, ਮੱਕੜ ਵੀ ਵਿਵਾਦ ਵਿਚ ਕੁੱਦੇ
ਲਤੀਫਪੁਰਾ ਦੇ ਕਬਜ਼ੇ ਸਿਆਸੀ ਅਖਾੜੇ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਇਕ ਪਾਸੇ ਜਿਥੇ ਸੱਤਾਧਾਰੀ ਭਾਵ ਕਾਂਗਰਸ ਦੀ ਅਰੁਣਾ ਅਰੋੜਾ ਲਤੀਫਪੁਰਾ ਵਾਸੀਆਂ ਦੇ ਹੱਕ ਵਿਚ ਖੜ੍ਹੀ ਹੋ ਗਈ ਹੈ, ਉਥੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਮੱਕੜ ਨੇ ਵੀ ਇਲਾਕੇ ਦਾ ਦੌਰਾ ਕਰ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ।
ਨਿਸ਼ਾਨਦੇਹੀ ਦੀ ਮੰਗ ਉਠੀ
ਕੌਂਸਲਰ ਅਰੁਣਾ ਅਰੋੜਾ ਨੇ ਕਿਹਾ ਕਿ ਲਤੀਫਪੁਰਾ ਮਾਮਲੇ ਵਿਚ ਅਦਾਲਤੀ ਕੇਸ ਅਜੇ ਚੱਲ ਰਿਹਾ ਹੈ। ਸੁਪਰੀਮ ਕੋਰਟ ਦੇ ਫੈਸਲੇ ਵਿਚ ਸਾਫ ਕਿਹਾ ਗਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਇਨ੍ਹਾਂ ਬਾਰੇ ਫੈਸਲੇ ਨਹੀਂ ਲੈਂਦੀ ਤਦ ਤੱਕ ਡਿਮਾਲੇਸ਼ਨ ਨਹੀਂ ਹੋਵੇਗੀ। ਕੌਂਸਲਰ ਅਰੁਣਾ ਨੇ ਕਿਹਾ ਕਿ ਇਲਾਕੇ ਦੇ ਲੋਕ ਕਈ ਵਾਰ ਨਿਸ਼ਾਨਦੇਹੀ ਦੀ ਮੰਗ ਕਰ ਚੁੱਕੇ ਹਨ ਪਰ ਇਸ ਮੰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦੇਸ਼ ਦਾ ਕੋਈ ਵੀ ਕਾਨੂੰਨ 70 ਸਾਲ ਤੋਂ ਵਸੇ ਲੋਕਾਂ ਨੂੰ ਉਜਾੜਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਆਦਰਸ਼ ਨਗਰ ਦੇ ਨਾਲ ਲੱਗਦੇ ਕ੍ਰਿਸ਼ਨਾ ਨਗਰ ਅਤੇ ਕਈ ਹੋਰ ਥਾਵਾਂ ’ਤੇ ਅਜਿਹੇ ਹੀ ਕਬਜ਼ੇ ਹਨ, ਉਨ੍ਹਾਂ ’ਤੇ ਕਦੀ ਕਾਰਵਾਈ ਨਹੀਂ ਹੋਈ।
ਅਰੁਣਾ ਨੇ ਨਵਜੋਤ ਸਿੱਧੂ ’ਤੇ ਵੀ ਕੱਢਿਆ ਗੁੱਸਾ
ਵਿਧਾਇਕ ਸੁਸ਼ੀਲ ਰਿੰਕੂ ਵਾਂਗ ਕਾਂਗਰਸੀ ਕੌਂਸਲਰ ਅਰੁਣਾ ਅਰੋੜਾ ਨੇ ਵੀ ਅੱਜ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਆਪਣਾ ਗੁੱਸਾ ਕੱਢਿਆ ਤੇ ਕਿਹਾ ਕਿ ਇਕ ਪਾਸੇ ਸਿੱਧੂ ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈਣ ਦੀਆਂ ਗੱਲਾਂ ਕਰਦੇ ਹਨ ਪਰ ਦੂਜੇ ਪਾਸੇ ਜਲੰਧਰ ਦੇ ਪਰਿਵਾਰਾਂ ਨੂੰ ਉਜਾੜਣ ਦੇ ਹੁਕਮ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਕੇ ਟਰੱਸਟ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਕਰਜ਼ੇ ਲਾਹੁਣ ਲਈ ਲਤੀਫਪੁਰਾ ਜਿਹੀਆਂ ਥਾਵਾਂ ਤੋਂ ਕਬਜ਼ੇ ਖਾਲੀ ਕਰਵਾ ਕੇ ਉਨ੍ਹਾਂ ਦੀ ਸਹੀ ਵਰਤੋਂ ਕਰੇ। ਅਰੁਣਾ ਅਰੋੜਾ ਨੇ ਕਿਹਾ ਕਿ ਗਰੀਬਾਂ ਨੂੰ ਉਜਾੜ ਕੇ ਟਰੱਸਟ ਦੇ ਕਰਜ਼ੇ ਲਾਹੁਣਾ ਕਿਥੋਂ ਤੱਕ ਸਹੀ ਹੈ।
ਵਰਜਿਤ ਰੰਗਾਂ ਨਾਲ ਬਣੀ 8 ਕਿਲੋ ਕੋਕੋਨਟ ਬਰਫੀ ਕੀਤੀ ਨਸ਼ਟ, 10 ਮਠਿਅਾਈਅਾਂ ਦੇ ਭਰੇ ਸੈਂਪਲ
NEXT STORY