ਜਲੰਧਰ (ਸੁਨੀਲ)— ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ ਆਉਂਦੇ ਪਿੰਡ ਬੁਲੰਦਪੁਰ ਵਿਚ ਹੱਡਾ-ਰੋੜੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਪਿੰਡ ਵਾਸੀਆਂ ਨੂੰ ਬੀਤੇ ਦਿਨ ਕੁਝ ਰਾਹਤ ਮਿਲੀ ਹੈ। ਰੱਡਾ-ਰੋੜੀ 'ਤੇ ਪ੍ਰਸ਼ਾਸਨ ਵੱਲੋਂ ਪੰਚਾਇਤ ਸੈਕਟਰੀ ਨੇ ਮੌਕੇ 'ਤੇ ਆ ਕੇ ਹੱਡਾ-ਰੋੜੀ ਦੇ ਮਾਲਕ ਕੋਲੋਂ ਲਿਖਤੀ ਰੂਪ ਵਿਚ ਲਿਆ ਕਿ ਉਹ ਮੰਗਲਵਾਰ ਤੋਂ ਬਾਅਦ ਨਾ ਤਾਂ ਹੱਡਾ-ਰੋੜੀ 'ਚ ਕੋਈ ਪਸ਼ੂ ਲਿਆਵੇਗਾ ਅਤੇ ਨਾ ਹੀ ਇਥੇ ਕੋਈ ਹੱਡਾ-ਰੋੜੀ ਦਾ ਕੰਮ ਹੋਵੇਗਾ।
ਪੰਚਾਇਤ ਸੈਕਟਰੀ ਵਿਜੇ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਅਦਾਲਤ ਦਾ ਕੋਈ ਆਰਡਰ ਨਹੀਂ ਆ ਜਾਂਦਾ ਤਦ ਤੱਕ ਇਥੇ ਹੱਡਾ-ਰੋੜੀ ਬੰਦ ਰਹੇਗੀ। ਹੱਡਾ-ਰੋੜੀ ਦੇ ਮਾਲਕ ਅਮਰਜੀਤ ਨੇ ਮਾਣਯੋਗ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ ਅਤੇ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ, ਉਸ ਆਰਡਰ ਤਹਿਤ ਕੰਮ ਕੀਤਾ ਜਾਵੇਗਾ ਪਰ ਪੰਚਾਇਤ ਸੈਕਟਰੀ ਦੇ ਵਾਪਸ ਜਾਂਦਿਆਂ ਹੀ ਦੋਵੇਂ ਧਿਰਾਂ ਆਪਸ ਵਿਚ ਉਲਝ ਗਈਆਂ, ਜਿਸ ਵਿਚ ਦੋਵੇਂ ਧਿਰਾਂ ਦੇ ਕੁਝ ਲੋਕ ਜ਼ਖ਼ਮੀ ਹੋ ਗਏ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਲੋਕਾਂ ਨੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ।
ਕਈ ਸਾਲਾਂ ਤੋਂ ਪੀੜਤ ਸਨ ਲੋਕ
ਕਈ ਸਾਲਾਂ ਤੋਂ ਪਿੰਡ ਬੁਲੰਦਪੁਰ, ਪੰਜਾਬੀ ਬਾਗ ਅਤੇ ਰਮਨੀਕ ਐਵੇਨਿਊ ਦੇ ਵਸਨੀਕ ਹੱਡਾ-ਰੋੜੀ ਕਾਰਨ ਪ੍ਰੇਸ਼ਾਨ ਸਨ, ਪ੍ਰੇਸ਼ਾਨੀ ਦਾ ਕਾਰਨ ਸੀ ਹਰ ਸਮੇਂ ਆਉਣ ਵਾਲੀ ਗੰਦੀ ਬਦਬੂ ਅਤੇ ਉਥੇ ਘੁੰਮਦੇ ਆਵਾਰਾ ਕੁੱਤਿਆਂ ਵਲੋਂ ਵੱਢਣਾ। ਗੰਦੀ ਬਦਬੂ ਕਾਰਣ ਲੋਕ ਬੇਹੱਦ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਕੋਈ ਬੀਮਾਰੀ ਲੱਗਣ ਦਾ ਵੀ ਡਰ ਹਰ ਸਮੇਂ ਸਤਾ ਰਿਹਾ ਸੀ।
ਬਸਪਾ ਆਗੂ ਨੇ ਪਿੰਡ ਵਾਸੀਆਂ ਸਣੇ ਹੱਡਾ-ਰੋੜੀ ਵਾਲਿਆਂ ਅਤੇ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ
ਹੱਡਾ-ਰੋੜੀ ਦੇ ਬਾਹਰ ਬਸਪਾ ਆਗੂ ਬਲਵਿੰਦਰ ਕੁਮਾਰ ਨੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਤੇ ਹੱਡਾ-ਰੋੜੀ ਮਾਲਕ ਖਿਲਾਫ ਧਰਨਾ ਦਿੱਤਾ। ਉਨ੍ਹਾਂ ਮੰਗ ਰੱਖੀ ਕਿ ਪੁਲਸ ਹੱਡਾ-ਰੋੜੀ ਨੂੰ ਤੁਰੰਤ ਬੰਦ ਕਰਵਾਏ ਤੇ ਆਪਸ ਵਿਚ ਉਲਝਣ ਤੇ ਗਾਲੀ-ਗਲੋਚ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਦੋਵਾਂ ਧਿਰਾਂ ਦਾ ਆਪਸ ਵਿਚ ਫੈਸਲਾ ਕਰਵਾ ਕੇ ਧਰਨਾ ਚੁੱਕਵਾਇਆ। ਧਰਨੇ 'ਚ ਔਰਤਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਧਰਨੇ 'ਚ ਸਕੂਲੀ ਬੱਚੇ ਅਤੇ ਅਧਿਆਪਕਾਵਾਂ ਵੀ ਸ਼ਾਮਲ ਹੋਈਆਂ। ਇਸ ਮੌਕੇ ਸੁਰਜੀਤ ਲਾਲ ਸਰਪੰਚ, ਸਰਪੰਚ ਰਾਜ ਕੁਮਾਰ, ਲੇਬਰ ਰਾਮ, ਸ਼ਾਦੀ ਲਾਲ, ਬੱਬੂ, ਸੰਤੋਸ਼ ਕੁਮਾਰ, ਰਾਨੂ, ਬਲਬੀਰ ਕੌਰ, ਮਨਜੀਤ ਕੌਰ, ਲਾਡੀ, ਪ੍ਰੀਤੀ, ਸਿਮਰਨ, ਰਜਨੀ, ਨਿਸ਼ਾ, ਗੁਰਬਚਨ ਕੌਰ, ਪੰਚ ਸੰਜੀਵ ਭੱਟੀ, ਪੰਚ ਸੋਮ ਲਾਲ, ਪੰਚ ਬਰਿੰਦਰ ਕੁਮਾਰ, ਪੰਚ ਹਰਵਿੰਦਰ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ ਨੂਰਪੁਰ, ਬਸਪਾ ਆਗੂ ਬਲਵਿੰਦਰ ਕੁਮਾਰ, ਪੰਚ ਸ਼ਾਮ ਕਟਾਰੀਆ, ਕੁਲਦੀਪ ਦੀਪਾ, ਪਵਨ ਜੱਖੂ ਅਤੇ ਪਿੰਡ ਵਾਸੀ ਮੌਜੂਦ ਸਨ।
ਪਿੰਡ ਨੂਰਪੁਰ ਦੇ ਸਰਪੰਚ ਨੇ ਦਿੱਤਾ ਇਕ ਹਫਤੇ ਦਾ ਅਲਟੀਮੇਟਮ
ਪਿੰਡ ਨੂਰਪੁਰ ਦੇ ਸਰਪੰਚ ਰਾਜ ਕੁਮਾਰ ਨੇ ਪੁਲਸ ਤੇ ਪ੍ਰਸ਼ਾਸਨ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਇਹ ਇਸ ਹੱਡਾ-ਰੋੜੀ ਨੂੰ ਇਥੋਂ ਚੁੱਕਵਾਉਣ ਨਹੀਂ ਤਾਂ ਉਹ ਆਪਣੇ ਸਮਰਥਕਾਂ ਸਣੇ ਮੇਨ ਹਾਈਵੇ ਨੂੰ ਜਾਮ ਕਰਨਗੇ।
ਅਦਾਲਤ ਦਾ ਜੋ ਫੈਸਲਾ ਹੋਵੇਗਾ ਸਾਨੂੰ ਮਨਜ਼ੂਰ ਹੋਵੇਗਾ : ਅਮਰਜੀਤ
ਹੱਡਾ-ਰੋੜੀ ਦੇ ਮਾਲਕ ਅਮਰਜੀਤ ਨੇ ਕਿਹਾ ਕਿ ਉਸ ਨੇ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ, ਜੋ ਵੀ ਅਦਾਲਤ ਦਾ ਫੈਸਲਾ ਹੋਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ।
ਨਿਗਮ ਦੀਆਂ ਦੋ ਯੂਨੀਅਨਾਂ ਦੇ ਨੁਮਾਇੰਦੇ ਹੋਏ ਆਹਮੋ-ਸਾਹਮਣੇ
NEXT STORY