ਜਲੰਧਰ (ਵਰੁਣ)— ਮੈਕਸਿਕੋ ਭੇਜ ਕੇ ਨੌਜਵਾਨ ਨੂੰ ਫਸਾਉਣ ਦੇ ਮਾਮਲੇ ਤੋਂ ਬਾਅਦ ਏਜੰਟਾਂ ਦੀ ਖੋਹੀ ਗੱਡੀ ਪੁਲਸ ਨੇ ਮੁਲਜ਼ਮ ਧਿਰ ਦੇ ਘਰੋਂ ਬਰਾਮਦ ਕਰ ਲਈ ਹੈ। ਪੁਲਸ ਨੇ ਮੈਕਸਿਕੋ 'ਚ ਫਸੇ ਨੌਜਵਾਨ ਦੀ ਮਾਂ ਸਮੇਤ ਕੁਲ 5 ਲੋਕਾਂ 'ਤੇ ਲੁੱਟ ਦਾ ਕੇਸ ਦਰਜ ਕਰਕੇ ਭਾਲ 'ਚ ਰੇਡ ਕੀਤੀ ਪਰ ਸਾਰੇ ਫਰਾਰ ਮਿਲੇ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਸਾਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਲਾਂਕਿ ਇਹ ਵੀ ਚਰਚਾ ਹੈ ਕਿ ਨਾਮਜ਼ਦ ਹੋਈ ਧਿਰ ਹੁਣ ਰਾਜ਼ੀਨਾਮੇ ਲਈ ਏਜੰਟਾਂ ਤੱਕ ਪਹੁੰਚ ਕਰ ਰਹੀ ਹੈ। ਏ. ਸੀ. ਪੀ. ਸਕਿਓਰਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੇਰ ਰਾਤ ਹੀ ਗੱਡੀ ਨੂੰ ਬਰਾਮਦ ਕਰ ਲਿਆ ਸੀ। ਏ. ਸੀ. ਪੀ. ਨੇ ਕਿਹਾ ਕਿ ਮੈਕਸਿਕੋ 'ਚ ਫਸੇ ਗੁਰਪਾਲ ਸਿੰਘ ਦੀ ਮਾਂ ਸ਼ਰਨਜੀਤ ਕੌਰ ਵਾਸੀ ਨਿਜਾਮਪੁਰ ਸਮੇਤ ਸ਼ੇਰਾ ਅਤੇ 3 ਹੋਰ ਅਣਪਛਾਤੇ ਲੋਕਾਂ 'ਤੇ ਲੁੱਟ ਦਾ ਕੇਸ ਦਰਜ ਕਰ ਲਿਆ ਗਿਆ ਹੈ। ਸ਼ਰਨਜੀਤ ਕੌਰ ਦੇ ਘਰ 'ਚ ਰੇਡ ਕੀਤੀ ਗਈ ਪਰ ਉਹ ਫਰਾਰ ਮਿਲੀ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਾਕੀ ਦੇ ਤਿੰਨ ਅਣਪਛਾਤੇ ਲੋਕਾਂ ਦੀ ਪਛਾਣ ਵੀ ਸ਼ਰਨਜੀਤ ਕੌਰ ਕੋਲੋਂ ਕਰਵਾਈ ਜਾਵੇਗੀ।
ਦੱਸ ਦੇਈਏ ਕਿ ਸ਼ਰਨਜੀਤ ਕੌਰ ਨੇ ਆਪਣੇ ਬੇਟੇ ਗੁਰਪਾਲ ਸਿੰਘ ਨੂੰ ਅਮਰੀਕਾ ਭੇਜਣ ਲਈ ਟਰੈਵਲ ਏਜੰਟ ਕੁਲਦੀਪ ਸਿੰਘ ਅਤੇ ਅਮਰਜੀਤ ਕੌਰ ਨਾਲ ਸੰਪਰਕ ਕੀਤਾ ਸੀ। ਇਨ੍ਹਾਂ ਦੋਵਾਂ ਏਜੰਟਾਂ ਨੇ ਸ਼ਰਨਜੀਤ ਕੌਰ ਕੋਲੋਂ ਲੱਖਾਂ ਰੁਪਏ ਲੈ ਕੇ ਗੁਰਪਾਲ ਸਿੰਘ ਨੂੰ ਮੈਕਸਿਕੋ ਭੇਜ ਦਿੱਤਾ, ਜਿੱਥੇ ਜਾ ਕੇ ਉਹ ਫਸ ਗਿਆ। ਉਦੋਂ ਤੋਂ ਸ਼ਰਨਜੀਤ ਕੌਰ ਅਤੇ ਏਜੰਟਾਂ 'ਚ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਦੀ ਸ਼ਾਮ ਨੰਦਨਪੁਰ ਪਾਰਕ ਕੋਲ ਦੋਵੇਂ ਧਿਰਾਂ ਆਹਮਣੇ-ਸਾਹਮਣੇ ਹੋਈਆਂ ਤਾਂ ਸ਼ਰਨਜੀਤ ਕੌਰ ਦੇ ਕਹਿਣ 'ਤੇ ਸ਼ੇਰਾ ਤੇ 3 ਅਣਪਛਾਤੇ ਲੋਕਾਂ ਨੇ ਏਜੰਟਾਂ ਦੀ ਟਾਟਾ ਨੈਕਸਨ ਗੱਡੀ ਖੋਹ ਲਈ ਤੇ ਭਜਾ ਲੈ ਗਏ। ਥਾਣਾ ਨੰ. 1 'ਚ ਦੋਵਾਂ ਏਜੰਟਾਂ ਦੇ ਬਿਆਨਾਂ 'ਤੇ ਲੁੱਟ ਦਾ ਕੇਸ ਦਰਜ ਕੀਤਾ ਗਿਆ ਸੀ।
ਅਕਾਲੀ ਆਗੂ ਸਾਥੀਆਂ ਸਣੇ ਕਾਬੂ, ਕਾਂਗਰਸੀ ਸਰਪੰਚ ਦੇ ਪਤੀ ਦੀ ਕਰਨੀ ਸੀ ਹੱਤਿਆ
NEXT STORY