ਜਲੰਧਰ, (ਜ. ਬ.)- ਸ਼ੁੱਕਰਵਾਰ ਰਾਤ ਨੂੰ ਮਕਸੂਦਾਂ ਥਾਣੇ ’ਚ ਹੋਏ ਇਕੱਠੇ 4 ਧਮਾਕਿਅਾਂ ਦੀ ਜਾਂਚ ਕਰ ਰਹੀ ਐੱਨ. ਐੱਸ. ਜੀ. (ਰਾਸ਼ਟਰੀ ਸੁਰੱਖਿਆ ਗਾਰਡ) ਦੀ ਟੀਮ ਐਤਵਾਰ ਨੂੰ ਦੁਬਾਰਾ ਮਕਸੂਦਾਂ ਥਾਣੇ ’ਚ ਪਹੁੰਚੀ ਤੇ ਇਕ ਵਾਰ ਫਿਰ ਚੱਪਾ-ਚੱਪਾ ਖੰਗਾਲਿਆ ਗਿਆ। ਘਟਨਾ ਦੀ ਅਗਲੀ ਸਵੇਰ ਪਏ ਹਲਕੇ ਮੀਂਹ ਕਾਰਨ ਬੰਬ ਧਮਾਕਿਅਾਂ ਦੇ ਨਿਸ਼ਾਨ ਮਿਟਣ ਕਾਰਨ ਜਾਂਚ ’ਚ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਵੇਰੇ 7 ਵਜੇ ਤੋਂ ਦੁਬਾਰਾ ਜਾਂਚ ਕਰ ਰਹੀ ਟੀਮ ਨੇ 11 ਵਜੇ ਜਾਂਚ ਖਤਮ ਕੀਤੀ। ਟੀਮ ਨੇ ਮਿੱਟੀ ਤੇ ਹੋਰ ਕਈ ਤਰ੍ਹਾਂ ਦੇ ਸੈਂਪਲ ਭਰੇ ਹਨ। ਇਸ ਤੋਂ ਇਲਾਵਾ ਥਾਣੇ ਦੇ ਆਸ-ਪਾਸ ਹਰ ਜਗ੍ਹਾ ਦੀ ਫੋਟੋਗ੍ਰਾਫੀ ਕੀਤੀ। ਇਸ ਦੌਰਾਨ ਟੀਮ ਨੇ ਇਕ ਮੈਂਬਰ ਨੇ ਦੱਸਿਆ ਕਿ ਮੀਂਹ ਕਾਰਨ ਮਿੱਟੀ ਤੋਂ ਨਿਸ਼ਾਨ ਮਿਟ ਗਏ ਹਨ ਜਿਸ ਕਾਰਨ ਜਾਂਚ ’ਚ ਮੁਸ਼ਕਲ ਹੋ ਰਹੀ ਹੈ। ਜਾਂਚ ਅਧਿਕਾਰੀ ਕਰਨਲ ਮੋਹੰਮਦ ਜਮਾਲ ਖਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਮਿੱਟੀ ਤੋਂ ਇਲਾਵਾ ਕਈ ਸੈਂਪਲ ਲਏ ਹਨ, ਜਿਨ੍ਹਾਂ ਦੀ ਲੈਬੋਰੇਟਰੀ ’ਚ ਜਾਂਚ ਉਪਰੰਤ ਜਲਦੀ ਰਿਪੋਰਟ ਬਣਾ ਕੇ ਪੁਲਸ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ।
ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਬੰਬ ਸੁੱਟਿਆ ਸੀ ਥਾਣਾ ਮੁਖੀ ਦੇ ਕਮਰੇ ’ਚ
ਪੁਲਸ ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਬੰਬ ਪਾਰਕਿੰਗ ਵਾਲੀ ਜਗ੍ਹਾ ਰਿਸੈਪਸ਼ਨ ਕੋਲ ਤੇ ਦੂਜਾ ਗੇਟ ਨਜ਼ਦੀਕ, ਜੋ ਘੱਟ ਸਮੱਰਥਾ ਵਾਲਾ ਸੀ, ਜਦਕਿ ਤੀਜਾ ਬੰਬ ਹਵਾਲਾਤ ਤੇ ਆਖਰੀ ਬੰਬ ਥਾਣਾ ਮੁਖੀ ਦੇ ਕਮਰੇ ’ਚ ਸੁੱਟਿਆ ਗਿਆ, ਜੋ ਪਹਿਲੇ ਬੰਬਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਫਿਲਹਾਲ ਪੁਲਸ ਜਾਂਚ ਟੀਮ ਇਸ ਮੁਸ਼ਕਲ ’ਚ ਹੈ ਕਿ ਥਾਣਾ ਮੁਖੀ ਦੇ ਕਮਰੇ ਕੋਲ ਸੁੱਟਿਆ ਬੰਬ ਕਿਸ ਸਾਈਡ ਤੋਂ ਸੁੱਟਿਆ ਗਿਆ ਹੈ। ਕੋਈ ਵੀ ਪੁਲਸ ਅਧਿਕਾਰੀ ਖੁੱਲ੍ਹ ਕੇ ਇਹ ਨਹੀਂ ਦੱਸ ਰਿਹਾ ਹੈ ਕਿ ਪੁਲਸ ਦੇ ਹੱਥ ਕਿਸੇ ਤਰ੍ਹਾਂ ਦਾ ਸੁਰਾਗ ਲੱਗਾ ਹੈ ਜਾਂ ਨਹੀਂ।
ਹੋਰ ਕਈ ਏਜੰਸੀਅਾਂ ਵੀ ਪਹੁੰਚੀਅਾਂ ਜਾਂਚ ਕਰਨ
ਦੂਜੇ ਪਾਸੇ ਪੁਲਸ ਦੇ ਉੱਚ ਅਧਿਕਾਰੀ ਦੱਸ ਰਹੇ ਹਨ ਕਿ ਜਾਂਚ ਲੰਬੀ ਚਲ ਸਕਦੀ ਹੈ। ਫਿਲਹਾਲ ਜਾਂਚ ਐੱਨ. ਐੱਸ. ਜੀ. ਦੀ ਰਿਪੋਰਟ ’ਤੇ ਟਿਕੀ ਹੈ। ਹੁਣ ਐੱਨ. ਐੱਸ. ਜੀ. ਦੀ ਰਿਪੋਰਟ ਦੱਸੇਗੀ ਕਿ ਕਿਹੜੇ ਪਦਾਰਥ ਤੇ ਸਮੱਗਰੀ ਬੰਬਾਂ ’ਚ ਵਰਤੀ ਗਈ ਸੀ। ਦੂਜੇ ਪਾਸੇ ਬੰਬਾਂ ਦੀ ਵਰਤੋਂ ਕਿਸ ਨੇ ਤੇ ਕਿਉਂ ਕੀਤੀ, ਇਸ ਦੀ ਤਹਿ ਤੱਕ ਪਹੁੰਚਣਾ ਪੰਜਾਬ ਪੁਲਸ ਲਈ ਸਖਤ ਕੰਮ ਲੱਗ ਰਿਹਾ ਹੈ। ਫਿਲਹਾਲ ਐੱਫ. ਐੱਸ. ਐੱਲ. ਦੀ ਜਾਂਚ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਐੱਨ. ਐੱਸ. ਜੀ. ਦੀ ਫਾਰੈਂਸਿਕ ਟੀਮ ਦੇ 8 ਮੈਂਬਰ ਤੇ ਫੌਜ ਦੀ ਟੁਕੜੀ, ਸੀ. ਬੀ. ਆਈ. ਕਾਊਂਟਰ ਇੰਟੈਲੀਜੈਂਸ ਸਮੇਤ ਕਈ ਏਜੰਸੀਅਾਂ ਜਾਂਚ ਲਈ ਪਹੁੰਚੀਅਾਂ।
ਥਾਣਾ ਹੈ ਪੂਰਾ ਸੀਲ, ਸ਼ਿਕਾਇਤਕਰਤਾ ਪ੍ਰੇਸ਼ਾਨ
ਸ਼ੁੱਕਰਵਾਰ ਰਾਤ ਮਕਸੂਦਾਂ ਥਾਣੇ ’ਚ ਕਿਸੇ ਅਣਪਛਾਤੇ ਵਿਅਕਤੀਅਾਂ ਵੱਲੋਂ 4 ਬੰਬ ਸੁੱਟੇ ਜਾਣ ਤੋਂ ਬਾਅਦ ਜਾਂਚ ਲਈ ਪੂਰੇ ਥਾਣੇ ਨੂੰ ਸੀਲ ਕਰਵਾ ਦਿੱਤਾ ਗਿਆ ਸੀ। ਥਾਣੇ ਦੇ ਮੇਨ ਗੇਟ ਨੂੰ ਬੰਦ ਕਰ ਕੇ ਸੁਰੱਖਿਆ ਵਧਾ ਦਿੱਤੀ ਗਈ। ਕਈ ਜਾਂਚ ਏਜੰਸੀਅਾਂ ਜਾਂਚ ’ਚ ਜੁਟੀਅਾਂ ਹਨ ਇਸ ਲਈ ਥਾਣੇ ਦਾ ਕੰਮਕਾਜ ਰੁਕਿਆ ਪਿਆ ਹੈ। ਨਵੀਅਾਂ ਸ਼ਿਕਾਇਤਾਂ ਦੇਣ ਲਈ ਲੋਕਾਂ ਨੂੰ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਕਸੂਦਾਂ ਪੁਲਸ ਸ਼ਿਕਾਇਤਾਂ ਥਾਣੇ ਦੇ ਬਾਹਰੋਂ ਲੈ ਰਹੀ ਹੈ ਤੇ ਇਕ ਵਿਅਕਤੀ ਨੂੰ ਹੀ ਅਧਿਕਾਰੀ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਉਥੇ, ਪੁਰਾਣੀਅਾਂ ਸ਼ਿਕਾਇਤਾਂ ’ਚ ਦੂਰ-ਦੂਰ ਦੇ ਪਿੰਡਾਂ ਤੋਂ ਪਹੁੰਚ ਰਹੇ ਲੋਕਾਂ ਨੂੰ ਬੇਰੰਗ ਵਾਪਸ ਭੇਜਿਆ ਜਾ ਰਿਹਾ ਹੈ।
ਟਰੱਸਟ ਦੀ ਲੇਡੀ ਸਿੰਘਮ ਨੇ ਛੁੱਟੀ ਵਾਲੇ ਦਿਨ ਵੀ ਲਾਈ ਕਰਮਚਾਰੀਆਂ ਦੀ ਕਲਾਸ
NEXT STORY