ਜਲੰਧਰ (ਪੁਨੀਤ)— ਪਾਵਰ ਨਿਗਮ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਆਲਮ ਇਹ ਹੈ ਕਿ ਮਹਿਕਮੇ ਦੀ ਕਾਰਜਪ੍ਰਣਾਲੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ, ਜਿਸ ਨਾਲ ਮਹਿਕਮੇ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬਸਤੀ ਦਾਨਿਸ਼ਮੰਦਾਂ ਨੇੜੇ ਸਥਿਤ ਉਜਾਲਾ ਨਗਰ ਦਾ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਦੇ ਘਰਾਂ ਉਪਰੋਂ 11 ਕੇ. ਵੀ. ਤਾਰਾਂ ਲੰਘ ਰਹੀਆਂ ਹਨ, ਜਿਹੜੀਆਂ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਅਣਹੋਣੀ ਤੋਂ ਬਚਣ ਲਈ ਲੋਕਾਂ ਨੇ ਪਾਵਰ ਨਿਗਮ ਦੀ ਮਾਡਲ ਹਾਊਸ ਸਬ-ਡਿਵੀਜ਼ਨ 'ਚ ਤਾਰਾਂ ਹਟਵਾਉਣ ਲਈ 86918 ਰੁਪਏ ਜਮ੍ਹਾ ਕਰਵਾਏ। ਪਾਵਰ ਨਿਗਮ ਦੀ ਢਿੱਲੀ ਕਾਰਜਪ੍ਰਣਾਲੀ ਦਾ ਆਲਮ ਇਹ ਹੈ ਕਿ 9 ਮਹੀਨੇ ਪਹਿਲਾਂ ਪੈਸੇ ਜਮ੍ਹਾ ਕਰਵਾਉਣ ਦੇ ਬਾਵਜੂਦ ਘਰਾਂ ਉਪਰੋਂ ਲੰਘ ਰਹੀਆਂ ਮੌਤ ਰੂਪੀ 11 ਕੇ. ਵੀ. ਤਾਰਾਂ ਦਾ ਪਰਛਾਵਾਂ ਅਜੇ ਤੱਕ ਨਹੀਂ ਹਟਿਆ, ਜਿਸ ਕਾਰਨ ਲੋਕ ਖ਼ੌਫ਼ ਵਿਚ ਜ਼ਿੰਦਗੀ ਬਿਤਾ ਰਹੇ ਹਨ। ਪੈਸੇ ਜਮ੍ਹਾ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪਾਵਰ ਨਿਗਮ ਦੇ ਮਾਡਲ ਹਾਊਸ ਸਬ-ਡਿਵੀਜ਼ਨ ਦੇ ਚੱਕਰ ਲਾ ਚੁੱਕੇ ਹਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਮਿਲੀ ਜਾਣਕਾਰੀ ਮੁਤਾਬਕ ਮਾਡਲ ਹਾਊਸ ਸਬ-ਡਿਵੀਜ਼ਨ 'ਚ 18.11.2019 ਨੂੰ ਬਿਜਲੀ ਦੀਆਂ ਤਾਰਾਂ ਹਟਾਉਣ ਸਬੰਧੀ ਇਕ ਪੱਤਰ ਦਿੱਤਾ ਗਿਆ। ਇਸ ਤੋਂ ਬਾਅਦ ਮਹਿਕਮੇ ਵੱਲੋਂ 86918 ਰੁਪਏ ਜਮ੍ਹਾ ਕਰਵਾਉਣ ਦਾ ਐਸਟੀਮੇਟ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਹਿਕਮੇ ਵੱਲੋਂ ਇਸਦਾ ਵਰਕ ਆਰਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਪੈਸੇ ਜਮ੍ਹਾ ਕਰਵਾਇਆਂ 9 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਉਪਰੋਂ ਬਿਜਲੀ ਦੀਆਂ ਤਾਰਾਂ ਹਟਵਾਉਣ ਲਈ ਕੋਈ ਉਚਿਤ ਕਦਮ ਨਹੀਂ ਚੁੱਕਿਆ ਗਿਆ।
ਇਸ ਸਬੰਧੀ ਜਦੋਂ ਪਾਵਰ ਨਿਗਮ ਦੇ ਸਬੰਧਤ ਅਧਿਕਾਰੀ ਨੂੰ ਫੋਨ ਕੀਤਾ ਤਾਂ ਉਹ ਫੋਨ ਜੇ. ਈ.-1 ਨਿਰਮਲ ਕੋਲ ਸੀ। ਉਨ੍ਹਾਂ ਕਿਹਾ ਕਿ ਐੱਸ. ਡੀ. ਓ. ਛੁੱਟੀ 'ਤੇ ਹਨ ਅਤੇ ਚਾਰਜ ਉਸ ਕੋਲ ਹੈ ਪਰ ਤਾਰਾਂ ਹਟਾਉਣ ਬਾਰੇ ਅਜਿਹੇ ਕਿਸੇ ਐਸਟੀਮੇਟ ਬਾਰੇ ਕੋਈ ਜਾਣਕਾਰੀ ਨਹੀਂ। ਇਸ ਸਬੰਧੀ ਐੱਸ. ਡੀ. ਓ. ਹੀ ਦੱਸ ਸਕਦੇ ਹਨ।
ਨੋਟ: ਪਾਵਰ ਨਿਗਮ ਦੀ ਇਸ ਢਿੱਲੀ ਕਾਰਜਪ੍ਰਣਾਲੀ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ 'ਚ ਦਿਓ ਜਵਾਬ
ਟਾਂਡਾ 'ਚ ਦਿਨ ਚੜ੍ਹਦਿਆਂ ਹੀ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ (ਤਸਵੀਰਾਂ)
NEXT STORY