ਭੋਗਪੁਰ, (ਸੂਰੀ)- ਥਾਣਾ ਭੋਗਪੁਰ ਨੇੜੇ ਪਿੰਡ ਲੜੋਆ 'ਚ ਇਕ ਨੌਜਵਾਨ ਵਲੋਂ ਪ੍ਰੇਸ਼ਾਨੀ ਕਾਰਨ ਫਾਹ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਭੋਗਪੁਰ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਲੜੋਆ 'ਚ ਇਕ ਨੌਜਵਾਨ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਡਿਊਟੀ ਅਫਸਰ ਥਾਣੇਦਾਰ ਨਰਿੰਦਰ ਸਿੰਘ ਪਿੰਡ ਲੜੋਆ ਵਿਚ ਮ੍ਰਿਤਕ ਨੌਜਵਾਨ ਸੁਨੀਲ (19) ਪੁੱਤਰ ਬਿਕਰਮਜੀਤ ਸਿੰਘ ਦੇ ਘਰ ਪੁੱਜੇ। ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ। ਪਿੰਡ ਦੇ ਲੋਕਾਂ ਨੇ ਪੁਲਸ ਨੂੰ ਦਿੱਤੇ ਸਾਂਝੇ ਬਿਆਨਾਂ ਵਿਚ ਦੱਸਿਆ ਹੈ ਕਿ ਸੁਨੀਲ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਸੁਨੀਲ ਆਪਣੇ ਪਿਤਾ ਤੋਂ ਵੱਖ ਆਪਣੀ ਦਾਦੀ ਨਾਲ ਰਹਿੰਦਾ ਸੀ। ਸੁਨੀਲ ਮਜ਼ਦੂਰੀ ਕਰ ਕੇ ਪਰਿਵਾਰ ਪਾਲਦਾ ਸੀ। ਕੁਝ ਦਿਨਾਂ ਤੋਂ ਸੁਨੀਲ ਦੀ ਦਾਦੀ ਬੀਮਾਰ ਸੀ ਅਤੇ ਹਸਪਤਾਲ ਵਿਚ ਦਾਖਲ ਸੀ। ਉਸ ਦੀ ਦਾਦੀ ਨੂੰ 2 ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਸ਼ੁੱਕਰਵਾਰ ਸਵੇਰ ਸਮੇਂ ਜਦੋਂ ਘਰ ਵਿਚ ਕੋਈ ਵੀ ਹਾਜ਼ਰ ਨਹੀ ਸੀ ਤਾਂ ਉਸ ਨੇ ਕਮਰੇ ਦੀ ਛੱਤ ਦੇ ਗਾਰਡਰ ਨਾਲ ਰੱਸੀ ਪਾ ਕੇ ਫਾਹ ਲੈ ਲਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣੇਦਾਰ ਨਰਿੰਦਰ ਸਿੰਘ ਵਲੋਂ ਪਿੰਡ ਦੇ ਮੋਹਤਬਰ ਲੋਕਾਂ ਦੇ ਬਿਆਨ ਲੈਣ ਪਿੱਛੋਂ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਜਾ ਰਿਹਾ ਹੈ।
ਪਾਲੀਥੀਨ ਜ਼ਬਤ ਕਰਨ ਗਈ ਨਿਗਮ ਟੀਮ ’ਤੇ ਮਕਸੂਦਾਂ ਮੰਡੀ ’ਚ ਅਟੈਕ
NEXT STORY