ਮੁੰਬਈ : '90 ਦੇ ਦਹਾਕੇ 'ਚ ਟੀ.ਵੀ. ਸ਼ੋਅ 'ਉਲਟਾ ਪੁਲਟਾ' ਅਤੇ 'ਫਲਾਪ ਸ਼ੋਅ' ਨਾਲ ਲਾਈਮਲਾਈਟ 'ਚ ਆਏ ਜਸਪਾਲ ਭੱਟੀ ਦਾ ਅੱਜ 61ਵਾਂ ਜਨਮ ਦਿਨ ਹੈ। ਹਾਲਾਂਕਿ ਅੱਜ ਉਹ ਸਾਡੇ ਵਿਚਾਲੇ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਤੇ ਸਿਨੇਮਾ ਨੂੰ ਦਿੱਤਾ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰਹੇਗਾ।
2012 'ਚ ਇਕ ਸੜਕ ਹਾਦਸੇ 'ਚ ਕਾਮੇਡੀ ਕਿੰਗ ਜਸਪਾਲ ਭੱਟੀ ਦਾ ਦਿਹਾਂਤ ਹੋ ਗਿਆ ਪਰ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਚੰਡੀਗੜ੍ਹ ਵਿਖੇ ਹਿਊਮਰ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। 3 ਅਤੇ 4 ਮਾਰਚ ਨੂੰ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਅਤੇ ਬੇਟਾ ਜਸਰਾਜ ਭੱਟੀ ਇਸ ਹਿਊਮਰ ਫੈਸਟੀਵਲ ਦਾ ਆਯੋਜਨ ਕਰਨਗੇ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਫੈਸਟੀਵਲ 'ਚ ਦੇਸ਼ ਦੇ ਕਈ ਮੰਨੇ-ਪ੍ਰਮੰਨੇ ਕਾਮੇਡੀਅਨ ਸ਼ਾਮਲ ਹੋਣਗੇ। ਵੀਰਵਾਰ ਨੂੰ ਟੈਗੋਰ 'ਚ ਸ਼ੁਰੂ ਹੋਣ ਵਾਲੇ ਇਸ ਫੈਸਟੀਵਲ ਸੰਬੰਧੀ ਜਦੋਂ ਸ਼੍ਰੀਮਤੀ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਾਮੇਡੀ ਸਿਰਫ ਜਸਪਾਲ ਭੱਟੀ ਤੱਕ ਹੀ ਸੀਮਤ ਨਹੀਂ ਹੈ। ਇਸ 'ਚ ਤਾਜ਼ਗੀ ਹੋਣੀ ਜ਼ਰੂਰੀ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਹਿਊਮਰ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪਤੀ ਨੂੰ ਯਾਦ ਕਰਦਿਆਂ ਸਵਿਤਾ ਭੱਟੀ ਨੇ ਕਿਹਾ ਕਿ ਜਸਪਾਲ ਭੱਟੀ ਦੀ ਕਮੀ ਹਮੇਸ਼ਾ ਰਹੇਗੀ। ਉਨ੍ਹਾਂ ਵਰਗੀ ਰਚਨਾਤਮਕਤਾ ਦਿਖਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਖਾਸ ਗੱਲ ਇਹ ਸੀ ਕਿ ਜਸਾਪਲ ਭੱਟੀ ਨੇ ਇੰਜੀਨੀਅਰਿੰਗ 'ਚ ਡਿਗਰੀ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਾਮੇਡੀ 'ਚ ਇਕ ਖਾਸ ਮੁਕਾਮ ਹਾਸਲ ਕੀਤਾ। ਉਨ੍ਹਾਂ ਦੇ ਯੋਗਦਾਨ ਲਈ ਸਰਕਾਰ ਵਲੋਂ ਉਨ੍ਹਾਂ ਨੂੰ 2013 'ਚ ਪਦਮ ਭੂਸ਼ਣ (ਮਰਨ ਉਪਰੰਤ) ਨਾਲ ਨਿਵਾਜਿਆ ਗਿਆ ਸੀ।
ਇਸ ਮੌਕੇ ਅਫਸੋਸ ਜਤਾਉਂਦਿਆਂ ਸ਼੍ਰੀਮਤੀ ਭੱਟੀ ਨੇ ਕਿਹਾ ਕਿ 2013 'ਚ ਉਨ੍ਹਾਂ ਦੇ ਬੇਟੇ ਜਸਰਾਜ ਨੇ ਜਸਪਾਲ ਭੱਟੀ ਫਿਲਮ ਫੈਸਟੀਵਲ ਆਯੋਜਿਤ ਕਰਨ ਦੀ ਯੋਜਨਾ ਬਣਾਈ ਸੀ। ਇੰਨੇ ਵੱਡੇ ਆਯੋਜਨ ਲਈ ਸਰਕਾਰ ਜਾਂ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰੀ ਸੀ ਪਰ ਕੋਈ ਵੀ ਇਸ ਕੰਮ ਲਈ ਅੱਗੇ ਨਹੀਂ। ਇਸ ਪਿੱਛੋਂ ਇਕ ਵਾਰ ਜਦੋਂ ਉਨ੍ਹਾਂ ਨੇ ਐਡਵਾਈਜ਼ਰ ਵਿਜੇ ਕੁਮਾਰ ਦੇਵ ਨਾਲ ਇਸ ਫੈਸਟੀਵਲ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ 'ਚ ਇਸ ਫੈਸਟੀਵਲ ਨੂੰ ਆਯੋਜਿਤ ਕਰਨ 'ਚ ਪੂਰੀ ਮਦਦ ਕੀਤੀ।
1955 'ਚ ਅੰਮ੍ਰਿਤਸਰ 'ਚ ਪੈਦਾ ਹੋਏ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸ਼ੋਅ 'ਉਲਟਾ ਪੁਲਟਾ' ਨਾਲ ਸ਼ੁਰੂਆਤ ਕਰਕੇ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਤੱਕ ਆਪਣੀ ਪਛਾਣ ਬਣਾਈ। ਟੀ.ਵੀ. ਲਈ ਉਨ੍ਹਾਂ ਨੇ 'ਫਲਾਪ ਸ਼ੋਅ', 'ਥੈਂਕ ਯੂ ਜੀਜਾ ਜੀ' ਅਤੇ 'ਹਾਏ ਜ਼ਿੰਦਗੀ, ਬਾਏ ਜ਼ਿੰਦਗੀ' ਆਦਿ ਵਰਗੇ ਮਨੋਰੰਜਕ ਸ਼ੋਅਜ਼ ਕੀਤੇ।
ਉਨ੍ਹਾਂ ਦੀਆਂ ਮਸ਼ਹੂਰ ਹਿੰਦੀ ਫਿਲਮਾਂ 'ਚ 'ਕਾਲਾ ਸਾਮਰਾਜਯ', 'ਆ ਅਬ ਲੌਟ ਚਲੇਂ', 'ਹਮਾਰਾ ਦਿਲ ਆਪਕੇ ਪਾਸ ਹੈ', 'ਕੋਈ ਮੇਰੇ ਦਿਲ ਸੇ ਪੂਛੇ', 'ਤੁਝੇ ਮੇਰੀ ਕਸਮ' ਅਤੇ 'ਕੁਛ ਨਾ ਕਹੋ' ਆਦਿ ਦਾ ਨਾਂ ਲਿਆ ਜਾ ਸਕਦਾ ਹੈ। ਪੰਜਾਬੀ ਫਿਲਮ ਜਗਤ 'ਚ ਉਨ੍ਹਾਂ ਦੀਆਂ ਚਰਚਿਤ ਫਿਲਮਾਂ 'ਚ 'ਮਾਹੌਲ ਠੀਕ ਹੈ', 'ਦਿਲ ਪਰਦੇਸੀ ਹੋ ਗਿਆ' ਅਤੇ 'ਪਾਵਰ ਕੱਟ' ਆਦਿ ਸ਼ਾਮਲ ਹਨ।
BIRTHDAY GIRL ਦਾ ਸਾਹਮਣੇ ਆਇਆ ਨਵਾਂ ਅਵਤਾਰ
NEXT STORY