ਚਿਰਾਂ ਤੋਂ ਉਡੀਕੀ ਜਾ ਰਹੀ ਰੋਮ-ਕੋਮ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ 29 ਜੂਨ ਯਾਨੀ ਇਸੇ ਵੀਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਵੈਭਵ ਸੁਮਨ ਤੇ ਸ਼ਰੇਆ ਸ੍ਰੀਵਾਸਤਵ ਵਲੋਂ ਲਿਖੀ ਗਈ ਹੈ। ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਹਾਲ ਹੀ ’ਚ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖੋ ਵੀਡੀਓ ਇੰਟਰਵਿਊ–
ਸਵਾਲ– ਸ਼ੂਟ ਦੌਰਾਨ ਤੁਸੀਂ ਬੇਹੱਦ ਮਸਤੀ ਕੀਤੀ ਤੇ ਹਾਸਾ ਵੀ ਬਹੁਤ ਪਾਇਆ। ਸੁਣਿਆ ਕੁਝ ਸ਼ੋਟ ਵੀ ਇਸ ਦੇ ਚੱਲਦਿਆਂ ਫ਼ਿਲਮ ’ਚ ਨਹੀਂ ਲੱਗੇ?
ਸੋਨਮ ਬਾਜਵਾ– ਮੈਨੂੰ ਲੱਗਦਾ ਕਿ ਬਹੁਤ ਸਾਰੇ ਅਜਿਹੇ ਸ਼ੋਟ ਹਨ, ਜੋ ਮੇਰੇ ਹਾਸੇ ਕਰਕੇ ਫ਼ਿਲਮ ’ਚ ਨਹੀਂ ਲੱਗੇ। ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਨੂੰ ਇਕ ਵਰਕਸ਼ਾਪ ਲਗਾਉਣੀ ਚਾਹੀਦੀ ਹੈ, ਜਿਸ ’ਚ ਮੈਨੂੰ ਇਹ ਦੱਸਿਆ ਜਾਵੇ ਕਿ ਹਾਸਾ ਕਿਵੇਂ ਕੰਟਰੋਲ ਕਰਨਾ ਹੈ।
ਗਿੱਪੀ ਗਰੇਵਾਲ– ਜਦੋਂ ਅਸੀਂ ‘ਕੈਰੀ ਆਨ ਜੱਟਾ 4’ ਬਣਾਵਾਂਗੇ ਤਾਂ ਸੋਨਮ ਦੀ ਹਫ਼ਤਾ ਪਹਿਲਾਂ ਇਸ ਚੀਜ਼ ਦੀ ਵਰਕਸ਼ਾਪ ਲਗਾਵਾਂਗੇ ਕਿਉਂਕਿ ਸੈੱਟ ’ਤੇ ਜਿੰਨਾ ਸਮਾਂ ਵਾਧੂ ਲੱਗਦਾ ਹੈ, ਉਹ ਘਟੇਗਾ। ਸੈੱਟ ’ਤੇ ਜਿਥੇ 150 ਬੰਦਿਆਂ ਦਾ ਵਾਧੂ ਸਮਾਂ ਲੱਗਦਾ ਹੈ, ਉਥੇ ਸਾਡੇ 4 ਬੰਦਿਆਂ ਦਾ ਅਸੀਂ ਮੈਨੇਜ ਕਰ ਲਵਾਂਗੇ।
ਸਵਾਲ– ਸੋਨਮ ਨੂੰ ਸ਼ੂਟ ’ਤੇ ਇੰਨਾ ਤੰਗ ਕਿਉਂ ਕੀਤਾ ਗਿਆ?
ਗਿੱਪੀ ਗਰੇਵਾਲ– (ਹੱਸਦਿਆਂ) ਤੰਗ ਕੁਝ ਨਹੀਂ ਕੀਤਾ, ਮੈਂ ਤਾਂ ਈਮਾਨਦਾਰੀ ਵਾਲੀ ਗੱਲ ਕੀਤੀ ਸੀ। ਸੋਨਮ ਦੀ ਇਕ ਕੌਫੀ ਵਾਲੀ ਗੱਲ ਇੰਟਰਨੈੱਟ ’ਤੇ ਬਹੁਤ ਮਸ਼ਹੂਰ ਹੈ। ਸੋਨਮ ਨੇ ਕੌਫੀ ਵਾਲੀ ਗੱਲ ਨੂੰ ਲੈੱਗ ਪੁਲਿੰਗ ਕਹਿ ਕੇ ਗੇਮ ਬਣਾ ਲਈ ਤੇ ਸਾਰੀ ਗੱਲ ਬਦਲ ਦਿੱਤੀ।
ਸੋਨਮ– (ਮਜ਼ਾਕ ’ਚ) ਮੇਰੇ ਸਾਰੇ ਪ੍ਰਸ਼ੰਸਕਾਂ ਤੇ ਸੁਪੋਰਟਰਾਂ ਨੂੰ ਪਤਾ ਹੈ ਕਿ ਮੈਂ ਕਦੇ ਵੀ ਅਜਿਹੀ ਕੌਫੀ ਨਹੀਂ ਪੀਤੀ ਤੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ।
ਸਵਾਲ– ਜ਼ਿੰਦਗੀ ’ਚ ਕਦੇ ਅਜਿਹਾ ਪਲ ਆਇਆ ਜਦੋਂ ਖ਼ੁਦ ਨੂੰ ਕਿਹਾ ਹੋਵੇ ‘ਕੈਰੀ ਆਨ’?
ਗਿੱਪੀ ਗਰੇਵਾਲ– ਜ਼ਿੰਦਗੀ ’ਚ ਅਜਿਹੇ ਬਹੁਤ ਸਾਰੇ ਪਲ ਹੁੰਦੇ ਹਨ। ਇਕ ਕਲਾਕਾਰ ਨੂੰ ਹੀ ਲੈ ਲਓ, ਜਦੋਂ ਸ਼ੁੱਕਰਵਾਰ ਨੂੰ ਫ਼ਿਲਮ ਰਿਲੀਜ਼ ਹੁੰਦੀ ਹੈ ਤੇ ਉਹ ਨਾ ਚੱਲੇ ਤਾਂ ਬੰਦਾ ਦੁਖੀ ਜ਼ਰੂਰ ਹੁੰਦਾ ਹੈ ਪਰ ਥੋੜ੍ਹੇ ਦਿਨਾਂ ਬਾਅਦ ਖ਼ੁਦ ਨੂੰ ਇਹ ਕਹਿ ਕੇ ਅੱਗੇ ਕਰਨਾ ਪੈਂਦਾ ਹੈ ਕਿ ‘ਕੈਰੀ ਆਨ’ ਅਸੀਂ ਹੋਰ ਵਧੀਆ ਕਰਾਂਗੇ। ਤੁਹਾਡੀ ਜ਼ਿੰਦਗੀ ’ਚ ਕੋਈ ਅਜਿਹਾ ਖ਼ਾਸ ਬੰਦਾ ਵਿਛੜ ਜਾਵੇ ਤੇ ਉਸ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਜ਼ਿੰਦਗੀ ਤੁਰਦੇ ਰਹਿਣ ਦਾ ਨਾਂ ਹੈ। ਮੈਂ ਤਾਂ ‘ਅਰਦਾਸ’ ਫ਼ਿਲਮ ਵੀ ਇਸੇ ਕਰਕੇ ਬਣਾਈ ਸੀ। ਮੇਰੇ ਪਿਤਾ ਜੀ ਇਸ ਦੁਨੀਆ ’ਚ ਨਹੀਂ ਹਨ, ਮੇਰੀ ਉਨ੍ਹਾਂ ਨਾਲ ਬਹੁਤ ਬਣਦੀ ਸੀ। ਮੈਨੂੰ ਉਦੋਂ ਇੰਝ ਲੱਗਦਾ ਸੀ ਕਿ ਮੇਰਾ ਜ਼ਿੰਦਗੀ ’ਚ ਹੁਣ ਕੁਝ ਨਹੀਂ ਹੋਣਾ, ਮੇਰੀ ਜ਼ਿੰਦਗੀ ਰੁਕ ਗਈ। ਕੁਝ ਮਹੀਨਿਆਂ ਬਾਅਦ ਹੌਲੀ-ਹੌਲੀ ਚੀਜ਼ਾਂ ਵਾਪਸ ਸ਼ੁਰੂ ਹੋਣ ਲੱਗੀਆਂ। ਫਿਰ ਮੈਨੂੰ ਉਹ ਚੀਜ਼ਾਂ ਯਾਦ ਆਈਆਂ ਜਦੋਂ ਮੇਰੇ ਪਿਤਾ ਜੀ ਕਹਿੰਦੇ ਸਨ ਕਿ ਮੈਂ ਸਟਾਰ ਬਣਾ, ਮੈਂ ਐਕਟਰ ਬਣਾ, ਹੁਣ ਉਹ ਤਾਂ ਇਸ ਦੁਨੀਆ ’ਤੇ ਨਹੀਂ ਸਨ ਤੇ ਮੈਂ ਉਦੋਂ ਉਨ੍ਹਾਂ ਲਈ ਕੁਝ ਕਰ ਵੀ ਨਹੀਂ ਰਿਹਾ ਸੀ। ਫਿਰ ਮੈਂ ਸੋਚਿਆ ਕਿ ਇਸ ਚੀਜ਼ ਨੂੰ ਕਰੀਏ। ਹਿੰਮਤ ਮਾਰ ਕੇ ਅੱਗੇ ਉੱਠਣਾ ਪੈਂਦਾ ਹੈ।
ਸੋਨਮ ਬਾਜਵਾ– ਅਜਿਹੇ ਕਈ ਪੁਲ ਹਨ, ਹੁਣ ਮੈਂ ਉਨ੍ਹਾਂ ’ਤੇ ਡਿਟੇਲ ’ਚ ਨਹੀਂ ਜਾਵਾਂਗੀ ਪਰ ਭਾਵੇਂ ਕੋਈ ਕਲਾਕਾਰ ਹੋਵੇ ਜਾਂ ਇਕ ਆਮ ਇਨਸਾਨ, ਹਰ ਇਕ ਦੀ ਜ਼ਿੰਦਗੀ ’ਚ ਅਜਿਹਾ ਦਿਨ ਤੇ ਹਾਦਸਾ ਹੁੰਦਾ ਹੀ ਹੈ। ਉਸ ਪਲ ਸ਼ਾਇਦ ਹਰ ਕੋਈ ਉਮੀਦ ਛੱਡ ਚੁੱਕਾ ਹੋਵੇ ਪਰ ਇਹ ਦੁਨੀਆ ਦੀ ਰੀਤ ਹੈ ਤੇ ਰੱਬ ਨੇ ਵੀ ਇਹੀ ਬਣਾਇਆ ਕਿ ਜੇ ਰਾਤ ਹੈ ਤਾਂ ਸਵੇਰ ਆਉਣੀ ਹੀ ਆਉਣੀ ਹੈ। ਉਦੋਂ ਅਜਿਹਾ ਲੱਗਦਾ ਹੈ ਕਿ ਕੋਈ ਤੁਹਾਡਾ ਦੁੱਖ ਤੇ ਦਰਦ ਨਹੀਂ ਸਮਝ ਰਿਹਾ। ਮੈਂ ਇੰਨਾ ਕਹਾਂਗੀ ਕਿ ਕੋਈ ਤੁਹਾਡੀ ਸੁਪੋਰਟ ’ਚ ਖੜ੍ਹਾ ਹੋਵੇ ਜਾਂ ਨਾ ਤੁਸੀਂ ਆਪਣੀ ਸੁਪੋਰਟ ’ਚ ਆਪ ਖੜ੍ਹੇ ਹੋਵੋ ਤੇ ਉਸ ਰੱਬ ’ਤੇ ਵਿਸ਼ਵਾਸ ਰੱਖੋ। ਜੇ ਨੀਅਤ ਚੰਗੀ ਹੈ ਤੇ ਰੱਬ ’ਤੇ ਯਕੀਨ ਹੈ ਤਾਂ ਹਰ ਇਕ ਦੇ ਦਿਨ ਫਿਰਦੇ ਹਨ। ਹਿੰਮਤ ਨਹੀਂ ਹਾਰਨੀ ਚਾਹੀਦੀ, ਸਾਨੂੰ ‘ਕੈਰੀ ਆਨ’ ਕਰਨਾ ਹੀ ਪੈਣਾ।
ਸਵਾਲ– ਉਹ ਪਹਿਲਾ ਗੀਤ ਦੱਸੋ, ਜੋ ਤੁਸੀਂ ਹੋਸ਼ ਸੰਭਾਲਦੇ ਸੁਣਿਆ ਹੋਵੇ?
ਗਿੱਪੀ ਗਰੇਵਾਲ– ਮੈਂ ਚਮਕੀਲਾ ਜੀ ਦਾ ਗੀਤ ਸੁਣਿਆ ਸੀ, ਜਿਸ ਦਾ ਨਾਂ ਸੀ ‘ਐਵੇਂ ਨਾ ਜਿੰਦੇ ਮਾਣ ਕਰੀਂ’। ਇਹ ਪਿੰਡ ਰੇਡੀਓ ਦੇ ’ਤੇ ਲੱਗਾ ਹੁੰਦਾ ਸੀ, ਜਦੋਂ ਕਿਤੇ ਪਿੰਡ ’ਚ ਵਿਆਹ ਜਾਂ ਕਿਤੇ ਮਰਗ ਹੋ ਜਾਵੇ, ਇਹ ਪੱਕਾ ਹੀ ਲੱਗਾ ਰਹਿੰਦਾ ਸੀ। ਕੋਠੇ ਜਦੋਂ ਮੰਝੇ ਜੋੜ ਕੇ ਸਪੀਕਰ ਲਗਾਉਂਦੇ ਹੁੰਦੇ ਸੀ, ਉਦੋਂ ਇਹ ਗੀਤ ਬਹੁਤ ਸੁਣਿਆ।
ਸੋਨਮ ਬਾਜਵਾ– ਮੈਨੂੰ ਯਾਦ ਹੈ ਕਿ ਮੈਂ ਬੱਬੂ ਮਾਨ ਦਾ ਗੀਤ ‘ਸਾਉਣ ਦੀ ਝੜੀ’ ਬਹੁਤ ਸੁਣਿਆ ਹੈ। ਮੇਰੇ ਘਰ ’ਚ ਇਹ ਗੀਤ ਬਹੁਤ ਚੱਲਦਾ ਸੀ।
‘ਹਾਰਰ ਤੋਂ ਕਿਤੇ ਜ਼ਿਆਦਾ ਇਮੋਸ਼ਨਲ ਫ਼ਿਲਮ ਹੈ, ਲੜਕੀ ਦੀ ਜਰਨੀ ਹੈ’
NEXT STORY