ਡਾਇਰੈਕਟਰ ਰਵੀ ਜਾਧਵ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਮੈਂ ਅਟਲ ਹੂੰ’ ਕਾਫ਼ੀ ਸਮੇਂ ਤੋਂ ਸੁਰਖੀਆਂ ਵਿਚ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਇਸ ਬਾਇਓਪਿਕ ਵਿਚ ਉਨ੍ਹਾਂ ਦਾ ਕਿਰਦਾਰ ਅਭਿਨੇਤਾ ਪੰਕਜ ਤ੍ਰਿਪਾਠੀ ਨਿਭਾਅ ਰਹੇ ਹਨ। ਫ਼ਿਲਮ ਦੇਸ਼ ਦੇ ਉਘੇ ਸਿਆਸਤਦਾਨ ਅਟਲ ਬਿਹਾਰੀ ਵਾਜਪਾਈ ਦੇ ਸਿਆਸੀ ਸੰਘਰਸ਼ਾਂ ਦੌਰਾਨ ਉਨ੍ਹਾਂ ਦੇ ਜੀਵਨ ਦੇ ਅਣਦੇਖੇ ਪਹਿਲੂਆਂ ਨੂੰ ਛੂਹਣ ਦੀ ਕੋਸ਼ਿਸ਼ ਕਰੇਗੀ। ਇਹ ਫ਼ਿਲਮ 19 ਜਨਵਰੀ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਅਜਿਹੇ ਮੌਕੇ ਫ਼ਿਲਮ ਬਾਰੇ ਨਿਰਦੇਸ਼ਕ ਰਵੀ ਜਾਧਵ, ਪ੍ਰੋਡਿਊਸਰ ਵਿਨੋਦ ਭਾਨੁਸ਼ਾਲੀ ਅਤੇ ਸੰਦੀਪ ਸਿੰਘ ਅਤੇ ਪੰਕਜ ਤ੍ਰਿਪਾਠੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਪੰਕਜ ਤ੍ਰਿਪਾਠੀ
ਅਟਲ ਬਿਹਾਰੀ ਵਾਜਪਾਈ ਜੀ ਦਾ ਕਿਰਦਾਰ ਸਿਰਫ਼ ਤੁਸੀਂ ਨਿਭਾ ਸਕਦੇ ਹੋ, ਇਸ ਗੱਲ ਨਾਲ ਕਿੰਨੇ ਸਹਿਮਤ ਹੋ?
ਮੈਂ ਸਹਿਮਤ ਹਾਂ, ਮੈਨੂੰ ਸਮਝ ਆਇਆ ਕਿ ਪ੍ਰੋਡਿਊਸਰ ਨੇ ਮੈਨੂੰ ਹੀ ਇਸ ਦੇ ਲਈ ਕਿਉਂ ਚੁਣਿਆ। ਇਕ ਹੁੰਦੀ ਹੈ ਅਦਾਕਾਰੀ ਅਤੇ ਦੂਜਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਆਚਰਣ। ਇਸ ਕਿਰਦਾਰ ਲਈ ਤੁਹਾਡਾ ਆਚਰਣ ਅਤੇ ਪਿਛੋਕੜ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਇਕ ਸ਼ਖਸੀਅਤ ਸਨ। ਸਿਰਫ਼ ਇਕ ਮਸ਼ਹੂਰ ਵਿਅਕਤੀ ਨਹੀਂ ਸਨ। ਹਰਮਨ ਪਿਆਰੇ ਵਿਅਕਤੀ, ਖਿਡਾਰੀ ਹੋਣਾ ਅਤੇ ਇਕ ਸ਼ਖ਼ਸੀਅਤ ਹੋਣ ਵਿਚ ਫ਼ਰਕ ਹੁੰਦਾ ਹੈ। ਆਚਰਣ ਦੇ ਹਿਸਾਬ ਨਾਲ ਮੈਂ ਸ਼ਾਇਦ ਇਨ੍ਹਾਂ ਨੂੰ ਪਸੰਦ ਆਇਆ ਹੋਵਾਂਗਾ। ਮੈਂ ਫ਼ਿਲਮਾਂ ਵਿਚ ਕੰਮ ਜ਼ਰੂਰ ਕਰਦਾ ਹਾਂ ਪਰ ਮੇਰਾ ਆਚਰਣ ਫ਼ਿਲਮੀ ਨਹੀਂ ਹੈ। ਮੈਂ ਬੇਲੋੜੀਆਂ ਗੱਲਾਂ ਵਿਚ ਨਹੀਂ ਰਹਿੰਦਾ। ਵੱਡਾ ਅਮਾਉਂਟ ਮਿਲਣ ਦੇ ਬਾਵਜੂਦ, ਮੈਂ ਕਿਸੇ ਪ੍ਰੋਡਕਟ ਨਾਲ ਨਹੀਂ ਜੁੜਦਾ ਹਾਂ ਕਿਉਂਕਿ ਮੈਰਾ ਸਪੱਸ਼ਟ ਮੰਨਣਾ ਹੈ ਕਿ ਜਦੋਂ ਮੈਂ ਹੀ ਇਸ ਨੂੰ ਆਪਣੀ ਜ਼ਿੰਦਗੀ ਵਿਚ ਵਰਤੋਂ ਨਹੀਂ ਕਰਾਂਗਾ, ਤਾਂ ਮੈਂ ਇਸਦਾ ਪ੍ਰਚਾਰ ਕਿਵੇਂ ਕਰਾਂ। ਤਾਂ ਕਿਤੇ ਨਾ ਕਿਤੇ ਅਟਲ ਜੀ ਦੀ ਸ਼ਖਸ਼ੀਅਤ ਨਾਲ ਮੇਰਾ ਆਚਰਣ ਨਿਰਮਾਤਾ ਨੂੰ ਮਿਲਦਾ-ਜੁਲਦਾ ਲੱਗਿਆ ਹੋਵੇਗਾ।
ਫ਼ਿਲਮ ਦਾ ਆਫ਼ਰ ਮਿਲਣ ਤੋਂ ਬਾਅਦ ਤੁਸੀਂ ਸ਼ੁਰੂ ਵਿਚ ਹੀ ਹਾਂ ਕਹਿ ਦਿੱਤੀ ਸੀ?
ਨਹੀਂ... ਮੈਨੂੰ ਫ਼ਿਲਮ ਲਈ ਹਾਂ ਕਹਿਣ ਵਿਚ ਲਗਭਗ 7-8 ਦਿਨ ਲੱਗ ਗਏ ਸੀ। ਉਨ੍ਹਾਂ ਦਿਨੀਂ ਮੇਰੇ ਦਿਮਾਗ ਵਿਚ ਚੱਲ ਰਿਹਾ ਸੀ ਕਿ ਕੀ ਮੈਂ ਇਸ ਫ਼ਿਲਮ ਨਾਲ ਇਨਸਾਫ਼ ਕਰ ਸਕਾਂਗਾ? ਸਿਰਫ਼ ਮੈਂ ਹੀ ਕਿਉਂ? ਮੇਰੇ ਪਸੰਦੀਦਾ ਨੇਤਾ ਰਹੇ ਹਨ ਤਾਂ ਕਿਤੇ ਮਿਮਿਕ੍ਰੀ ਕਰਨੀ ਪਵੇ ਤਾਂ ਕੀ ਹੋਵੇਗਾ? ਸਕ੍ਰਿਪਟ ਕਿਹੋ ਜਿਹੀ ਹੋਵੇਗੀ? ਸੰਦੀਪ ਨਾਲ ਇਹ ਮੇਰੀ ਦੂਜੀ ਮੁਲਾਕਾਤ ਸੀ, ਜਦੋਂ ਉਨ੍ਹਾਂ ਨੇ ਪੋਸਟਰ ਦਿਖਾਇਆ। ਪੋਸਟਰ ਦੇਖ ਕੇ ਮੈਂ ਕਿਹਾ ਇਹ ਕੌਣ ਹੈ? ਤਾਂ ਉਨ੍ਹਾਂ ਨੇ ਕਿਹਾ ਕੀ ਇਹ ਤੁਸੀਂ ਹੈ? ਮੈਂ ਕਿਹਾ ਕਿ ਮੈਂ ਤਾਂ ਹਾਂ ਪਰ ਮੈਂ ਕਿੱਥੋਂ ਦਾ ਹਾਂ। ਬਸ ਸ਼ੁਰੂਆਤ ਵਿਚ ਇਹੋ ਸਭ ਹੋਇਆ ਪਰ ਅਸੀਂ ਪੂਰੀ ਇਮਾਨਦਾਰੀ ਨਾਲ ਅਟਲ ਜੀ ਦੀ ਸ਼ਖਸੀਅਤ ’ਤੇ ਫ਼ਿਲਮ ਬਣਾਈ ਹੈ। ਇਹ ਸਿਰਫ਼ ਇਕ ਲੇਖਕ ਅਤੇ ਨਿਰਦੇਸ਼ਕ ਦਾ ਨਜ਼ਰੀਆ ਹੈ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇਖਦੇ ਹਾਂ ਅਤੇ ਦਿਖਾਉਣਾ ਚਾਹੁੰਦੇ ਹਾਂ?
ਅਟਲ ਜੀ ਦੀ ਕਿਹੜੀ ਵਿਸ਼ੇਸ਼ਤਾ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਚਾਹੋਗੇ? ਅਤੇ ਤੁਹਾਡੀ ਉਨ੍ਹਾਂ ਨਾਲ ਪਹਿਲੀ ਮੈਮਰੀ ਕਿਹੜੀ ਹੈ?
ਜਿਵੇਂ-ਜਿਵੇਂ ਤੁਸੀਂ ਵੱਡੇ ਹੁੰਦੇ ਜਾਂਦੇ ਹੋ, ਆਪਣੀ ਸਹਿਣ ਸ਼ਕਤੀ ਨੂੰ ਵਧਾਉਂਦੇ ਰਹੋ.. ਇਹ ਅਟਲ ਜੀ ਨੇ ਕਿਹਾ ਸੀ। ਇਸ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਜ਼ਰੂਰੀ ਹੈ। ਇਸ ਦੇ ਬਿਨਾਂ ਤੁਸੀਂ ਪ੍ਰੇਸ਼ਾਨ ਰਹੋਗੇ। ਉਨ੍ਹਾਂ ਦੀ ਪਹਿਲੀ ਮੈਮਰੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੂੰ ਦੂਰ ਤੋਂ ਹੀ ਰੈਲੀ ਵਿਚ ਸੁਣਿਆ ਸੀ। ਇਸ ਤੋਂ ਪਹਿਲਾਂ ਭਰਾ ਮੈਨੂੰ ਪੜ੍ਹਣ ਲਈ ਕਹਿੰਦੇ ਸਨ ਕਿਉਂਕਿ ਉਹ ਵੀ ਉਨ੍ਹਾਂ ਨੂੰ ਸੁਣਨ ਜਾਂਦੇ ਸਨ। ਪੰਚਜਨਿਆ ਵੀ ਘਰ ਆਉਂਦਾ ਸੀ, ਤਾਂ ਉਸ ਵਿਚ ਉਨ੍ਹਾਂ ਦਾ ਲੇਖ ਵੀ ਪੜ੍ਹਿਆ ਸੀ। ਅਟਲ ਜੀ ਉਸ ਜ਼ਮਾਨੇ ਦੇ ਸਟਾਰ ਨੇਤਾ ਸਨ, ਜੋ ਬਿਨਾਂ ਕਿਸੇ ਸੋਸ਼ਲ ਮੀਡੀਆ ਦੇ ਅਸਲ ਦੁਨੀਆ ਵਿਚ ਪਬਲਿਕ ਨਾਲ ਸਿੱਧਾ ਕਨੈਕਟ ਹੁੰਦੇ ਸਨ। 1977 ਵਿਚ ਫ਼ਿਲਮ ਬੌਬੀ ਦੇ ਰਿਲੀਜ਼ ਹੋਣ ਦੇ ਬਾਵਜੂਦ ਰਾਮਲੀਲਾ ਮੈਦਾਨ ਵਿਚ ਖਚਾਖਚ ਭੀੜ ਸੀ। ਉਨ੍ਹਾਂ ਦੇ ਨਿਕਲਣ ਦੀ ਜਗ੍ਹਾ ਨਹੀਂ ਸੀ ਤਾਂ ਵੀ ਉਹ ਜਨਤਾ ਵਿਚੋਂ ਪੈਦਲ ਨਿਕਲ ਕੇ ਮੰਚ ਤੱਕ ਪਹੁੰਚੇ।
ਰਵੀ ਜਾਧਵ
‘ਪਹਿਲਾਂ ਮੇਰੇ ਮਨ ਵਿਚ ਖਿਆਲ ਆਇਆ ਕਿ ਅਸੀਂ ਇਸ ਨੂੰ ਸਿਆਸੀ ਫ਼ਿਲਮ ਕਿਵੇਂ ਨਾ ਬਣਾਈਏ’
ਇਸ ਫ਼ਿਲਮ ਵਿਚ ਤੁਸੀਂ ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ਖ਼ਸੀਅਤ ਦੇ ਕਿਸ ਹਿੱਸੇ ਨੂੰ ਦਿਖਾਓਗੇ?
ਜਦੋਂ ਇਸ ’ਤੇ ਕੰਮ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਮੇਰੇ ਮਨ ਵਿਚ ਇਹੋ ਖਿਆਲ ਆਇਆ ਕਿ ਅਸੀਂ ਇਸ ਨੂੰ ਸਿਆਸੀ ਫ਼ਿਲਮ ਕਿਵੇਂ ਨਾ ਬਣਾਈਏ। ਸਾਡਾ ਮੰਨਣਾ ਸੀ ਕਿ ਇਕ ਅਜਿਹੇ ਵਿਅਕਤੀ ਦੀ ਕਹਾਣੀ ਤੁਹਾਨੂੰ ਦੱਸਣੀ ਹੈ, ਜਿਨ੍ਹਾਂ ਦਾ ਸਫ਼ਲ ਸਿਆਸੀ ਕਰੀਅਰ ਰਿਹਾ ਸੀ। ਸਾਡੇ ਭਾਗਾਂ ਨਾਲ ਇਹ ਕਹਾਣੀ ਇਕ ਅਜਿਹੇ ਵਿਅਕਤੀ ਦੀ ਸੀ ਜੋ ਇਕ ਪਿੰਡ ਤੋਂ ਆਉਂਦਾ ਹੈ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਰਾਜਨੀਤੀ ਕਿਤੇ ਨਾ ਕਿਤੇ ਇਸ ਦਾ ਇਕ ਮੁੱਖ ਹਿੱਸਾ ਬਣ ਗਈ, ਜਿਸ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਹਾਣੀ ਲਿਖਣ ਵੇਲੇ ਦਿਮਾਗ ਵਿਚ ਇਕੋ ਹੀ ਸਵਾਲ ਸੀ ਕਿ ਸਾਨੂੰ ਰਾਜਨੀਤੀ ਵਿਚ ਨਾ ਜਾਂਦੇ ਹੋਏ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਧਿਆਨ ਵਿਚ ਰੱਖਦਿਆਂ ਸਿਰਫ਼ ਉਨ੍ਹਾਂ ਦੀ ਕਹਾਣੀ ਦੱਸਣੀ ਹੈ, ਜੋ ਜਿੰਦਗੀ ਵਿਚ ਆਪਣੇ ਤੱਤ, ਵਿਚਾਰ ਅਤੇ ਸਕਾਰਾਤਮਕਤਾ ਕਾਰਨ ਇੰਨੇ ਕਾਮਯਾਬ ਹੋਏ। ਜੇਕਰ ਅਸੀਂ ਲੋਕ ਸੋਚਦੇ ਕਿ ਅਟਲ ਜੀ ਦੀ ਸਿਆਸੀ ਸਫ਼ਰ ਸਕ੍ਰੀਨ ’ਤੇ ਦਿਖਾਉਣਾ ਹੈ, ਤਾਂ ਸਾਡੀ ਕਹਾਣੀ ਅਤੇ ਸੋਚ ਸ਼ਾਇਦ ਵੱਖ ਹੁੰਦੀ। ਇਹ ਸਾਡੇ ਲਈ ਵੱਡਾ ਚੈਲੰਜ ਸੀ।
ਕੀ ਕਦੇ ਅਜਿਹਾ ਹੋਇਆ ਕਿ ਤੁਸੀਂ ਫਿਲਮ ਦੀ ਕਹਾਣੀ ਤੋਂ ਭਟਕ ਗਏ?
ਹਾਂ, ਅਜਿਹਾ ਹੁੰਦਾ ਸੀ ਕਿਉਂਕਿ ਅਟਲ ਜੀ ਦੇ ਜੀਵਨ ਵਿਚ ਇੰਨੇ ਮਹੱਤਵਪੂਰਨ ਕਿੱਸੇ ਅਤੇ ਪ੍ਰੇਰਣਾਦਾਇਕ ਘਟਨਾਵਾਂ ਹੋਈਆਂ ਹਨ, ਕਿ ਤੁਹਾਨੂੰ ਲੱਗੇਗਾ ਹੀ ਕਿ ਇਹ ਵੀ ਜ਼ਰੂਰੀ ਹੈ। ਇਹ ਚੰਗਾ ਹੈ ਅਤੇ ਇਹ ਦੱਸਣਾ ਤਾਂ ਜ਼ਰੂਰੀ ਹੈ। ਅਜਿਹਾ ਕਈ ਵਾਰ ਹੋਇਆ ਜਦੋਂ ਮੈਂ ਉਲਝਣ ਦੀ ਸਥਿਤੀ ਵਿਚ ਸੀ ਪਰ ਇਸ ਵਿਚ ਤਜ਼ਰਬਾ ਬਹੁਤ ਕੰਮ ਆਇਆ। 2011 ਵਿਚ ਮੈਂ ਫ਼ਿਲਮ ‘ਬਾਲਗੰਧਰਵ’ ਕੀਤੀ ਸੀ, ਜਿਸ ਨੂੰ ਤਿੰਨ ਨੈਸ਼ਨਲ ਐਵਾਰਡ ਮਿਲੇ ਸਨ। ਉਹ ਮਹਾਨ ਗਾਇਕ ਦੀ ਬਾਇਓਗ੍ਰਾਫ਼ੀ ਸੀ, ਜਿਸ ਦੀ ਸ਼ੁਰੂਆਤ ਵਿਚ ਮੈਂ ਭੁੱਲ ਗਿਆ ਸੀ ਕਿ ਬਾਲ ਗੰਧਰਵ ਬਹੁਤ ਵੱਡੇ ਸਿੰਗਰ ਹਨ। ਕੁੱਲ ਮਿਲਾ ਕੇ ਕਹਾਂ ਤਾਂ ਡਰ ਤਾਂ ਲੱਗਣਾ ਚਾਹੀਦਾ, ਜੋ ਮੈਨੂੰ ਬਹੁਤ ਲੱਗਾ ਸੀ। ਇਸ ਦਾ ਫਾਇਦਾ ਇਹ ਹੋਇਆ ਕਿ ਮੈਂ ਅਟਲ ਜੀ ਬਾਰੇ ਬਹੁਤ ਘੱਟ ਜਾਣਦਾ ਸੀ ਅਤੇ ਮੇਰੀ ਹਿੰਦੀ ਵੀ ਚੰਗੀ ਨਹੀਂ ਹੈ। ਇਸ ਤੋਂ ਬਾਅਦ ਮੈਂ ਲਿਖਣਾ ਸ਼ੁਰੂ ਕੀਤਾ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ’ਤੇ ਉਪਲਬਧ ਜਾਣਕਾਰੀ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਹਨ ਜੋ ਅਸੀਂ ਨਹੀਂ ਜਾਣਦੇ? ਰਿਸਰਚ ਤੋਂ ਬਾਅਦ ਮੈਨੂੰ ਇਕ ਵੱਖਰੇ ਅਟਲ ਬਿਹਾਰੀ ਵਾਜਪਾਈ ਜੀ ਦਿਖਣ ਲੱਗੇ। ਉਦੋਂ ਮੈਨੂੰ ਲੱਗਾ ਕਿ ਅੱਜ ਦੇ ਨੌਜਵਾਨਾਂ ਨੂੰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਇਸ ਸਫ਼ਰ ਦੀ ਫ਼ਿਲਮ ਬਣਾਉਣ ਤੋਂ ਇਲਾਵਾ ਮੈਂ ਖੁਦ ਵੀ ਕਈ ਗੱਲਾਂ ਸਿੱਖਣੀਆਂ ਸਨ। ਮੈਂ ਪਹਿਲਾਂ ਕਦੇ ਉਤਰ ਪ੍ਰਦੇਸ਼ ਨਹੀਂ ਗਿਆ ਸੀ। ਸਿਰਫ਼ 8 ਦਿਨਾਂ ਵਿਚ ਮੈਂ ਬਟੇਸ਼ਵਰ, ਗਵਾਲੀਅਰ, ਕਾਨਪੁਰ, ਲਖਨਊ ਅਤੇ ਦਿੱਲੀ ਬਾਏ ਰੋਡ ਘੁੰਮ ਕੇ ਆਇਆ ਸੀ।
ਪ੍ਰੋਡਿਊਸਰ ਵਿਨੋਦ ਭਾਨੂਸ਼ਾਲੀ
ਫ਼ਿਲਮ ਬਣਾਉਣ ਪਿੱਛੇ ਤੁਹਾਡੇ ਨਿੱਜੀ ਵਿਚਾਰ ਕੀ ਸਨ?
ਅਸੀਂ ਕਿਸੇ ਨੇਤਾ ਨੂੰ ਨੇਤਾ ਕਿਉਂ ਮੰਨਦੇ ਹਾਂ? ਕਿਉਂਕਿ ਉਨ੍ਹਾਂ ਨੇ ਆਪਣੇ ਬਾਰੇ ਨਾ ਸੋਚ ਕੇ ਦੇਸ਼ ਲਈ ਕੁਝ ਅਜਿਹੇ ਕੰਮ ਕੀਤੇ, ਜਿਸ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਲਈ ਪੂਰਾ ਦੇਸ਼ ਹੀ ਉਨ੍ਹਾਂ ਦਾ ਆਪਣਾ ਪਰਿਵਾਰ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਕੇ ਦੇਸ਼ ਦੇ ਲੋਕਾਂ ਲਈ ਜੋ ਵੀ ਕੰਮ ਕੀਤੇ, ਇਹ ਫਿਲਮ ਸਿਰਫ਼ ਉਸਦਾ ਸ਼ੁਕਰੀਆ ਅਦਾ ਕਰਦੀ ਹੈ। ਫ਼ਿਲਮਾਂ ਦੀ ਸਕ੍ਰਿਪਟ ਤਾਂ ਕਈ ਆਉਂਦੀਆਂ ਹਨ ਪਰ ਕੁਝ ਹੀ ਕਹਾਣੀਆਂ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ, ਭਾਵੇਂ ਉਹ ਬਤੌਰ ਐਕਟਰ ਹੋਵੇ, ਭਾਵੇਂ ਪ੍ਰੋਡਿਊਸਰ ਹੋਵੇ ਜਾਂ ਡਾਇਰੈਕਟਰ। ਇਸ ਤੋਂ ਇਲਾਵਾ ਅੱਜ ਦੇ ਨੌਜਵਾਨਾਂ ਨੂੰ ਅਟਲ ਜੀ ਬਾਰੇ ਜ਼ਰੂਰ ਜਾਣਨਾ ਚਾਹੀਦਾ। ਉਨ੍ਹਾਂ ਦੀ ਜ਼ਿੰਦਗੀ ਵਿਚ ਕਿੰਨੇ ਹੀ ਉਤਰਾਅ-ਚੜ੍ਹਾਅ ਆਏ, ਉਹ ਕਦੇ ਡਿਪ੍ਰੈੱਸ ਨਹੀਂ ਹੋਏ।
ਪ੍ਰੋਡਿਊਸਰ ਸੰਦੀਪ ਸਿੰਘ
ਕੀ ਇਹ ਫ਼ਿਲਮ ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ਖਸੀਅਤ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕੇਗੀ?
ਮੈ ਪੂਰੀ ਤਰ੍ਹਾਂ ਸ਼ਿਓਰ ਨਹੀਂ ਹਾਂ ਕਿ ਇਹ ਫਿਲਮ ਦੇਖ ਕੇ ਲੋਕਾਂ ਵਿਚ ਬਦਲਾਅ ਆਉਣਗੇ। ਉਹ ਇਕ- ਦੂਜੇ ਨਾਲ ਨਫ਼ਰਤ ਕਰਨਾ ਛੱਡ ਦੇਣਗੇ। ਲੋਕ ਇਨਸਾਨਾਂ ਨੂੰ ਆਪਣਾ ਮੰਨਣਾ ਅਤੇ ਦੇਸ਼ ਲਈ ਸੋਚਣਾ ਸ਼ੁਰੂ ਕਰ ਦੇਣਗੇ। ਇਹ ਫ਼ਿਲਮਾਂ ਜ਼ਿੰਦਗੀ ਭਰ ਲਈ ਰਹਿ ਜਾਂਦੀਆਂ ਹਨ। ਅੱਜ ਵੀ ਜਦੋਂ ਅਸੀਂ ਪੁਰਾਣੀਆਂ ਫ਼ਿਲਮਾਂ ਨੂੰ ਦੇਖਦੇ ਹਾਂ ਤਾਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਦੇ ਤੇ ਸਮਝਦੇ ਹਾਂ। ‘ਮੈਂ ਅਟਲ ਹੂੰ’ ਫ਼ਿਲਮ ਨਹੀਂ ਸਿਨੇਮਾ ਹੈ, ਜੋ ਲੋਕਾਂ ਨੂੰ ਹਮੇਸ਼ਾ ਯਾਦ ਰਹੇਗੀ। ਇਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਵੀ ਆਉਣਗੇ ਅਤੇ ਲੋਕ ਇਕ-ਦੂਜੇ ਨੂੰ ਪ੍ਰੇਰਿਤ ਵੀ ਕਰਨਗੇ।
ਹੇਮਾ ਮਾਲਿਨੀ ਨੇ ਪ੍ਰਸ਼ੰਸਕ ਨਾਲ ਸੈਲਫੀ ਲੈਣ ਤੋਂ ਕੀਤਾ ਇਨਕਾਰ, ਵੀਡੀਓ ਦੇਖ ਲੋਕਾਂ ਨੇ ਕੀਤਾ ਰੱਜ ਕੇ ਟਰੋਲ
NEXT STORY