ਮੁੰਬਈ- ‘ਕਪਕਪੀ’ ਇਕ ਹਾਰਰ-ਕਾਮੇਡੀ ਫਿਲਮ ਹੈ, ਜੋ 23 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ’ਚ ਸ਼੍ਰੇਅਸ ਤਲਪੜੇ, ਤੁਸ਼ਾਰ ਕਪੂਰ ਅਤੇ ਜ਼ਾਕਿਰ ਹੁਸੈਨ ਵਰਗੇ ਅਨੁਭਵੀ ਕਲਾਕਾਰ ਮੁੱਖ ਭੂਮਿਕਾਵਾਂ ’ਚ ਹਨ। ਨਿਰਦੇਸ਼ਕ ਸੰਗੀਤ ਸਿਵਾਨ ਦੀ ਇਹ ਫਿਲਮ ਦੋਸਤੀ, ਡਰ ਤੇ ਹਿਊਮਰ ਦਾ ਅਨੋਖਾ ਕਾਕਲੇਟ ਹੈ, ਜੋ ਬਿਨਾਂ ਭਾਰੀ-ਭਰਕਮ ਮੈਸੇਜ ਦਿੱਤੇ ਤੁਹਾਡਾ ਮਨੋਰੰਜਨ ਕਰਨ ਆਉਂਦੀ ਹੈ। ਫਿਲਮ ਬਾਰੇ ਤੁਸ਼ਾਰ ਕਪੂਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਤੁਸ਼ਾਰ ਕਪੂਰ
ਪ੍ਰ. ਤੁਹਾਨੂੰ ਪ੍ਰਮੋਸ਼ਨ ਥਕਾਊ ਲੱਗਦੇ ਹਨ ਜਾਂ ਮਜ਼ੇਦਾਰ?
ਥੋੜ੍ਹੇ ਤਣਾਅਪੂਰਨ ਅਤੇ ਹੈਕਿਟਕ ਤਾਂ ਹੁੰਦੇ ਹਨ ਪਰ ਵਿਚ-ਵਿਚ ਬ੍ਰੇਕ ਮਿਲਦੇ ਹਨ ਤਾਂ ਮੈਂ ਉਸ ਦੌਰਾਨ ਨੀਂਦ ਪੂਰੀ ਕਰ ਲੈਂਦਾ ਹਾਂ। ਬਾਕੀ ਮੈਨੂੰ ਪ੍ਰਮੋਸ਼ਨ ਕਰਨਾ ਚੰਗਾ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਗੇਮ ਬਦਲ ਗਈ ਹੈ। ਹੁਣ ਸੈਟੇਲਾਈਟ ਵਾਲਾ ਪ੍ਰੈਸ਼ਰ ਓਨਾ ਨਹੀਂ ਹੈ, ਇਸ ਲਈ ਓਨਾ ਤਣਾਅ ਵੀ ਨਹੀਂ ਹੈ। ਜੇ ਥੀਏਟਰ ਵਿਚ ਆਤਮ ਵਿਸ਼ਵਾਸ ਹੈ ਤਾਂ ਥੀਏਟਰ ਕਰੋ ਨਹੀਂ ਤਾਂ ਓ.ਟੀ.ਟੀ. ਤਾਂ ਹੈ ਹੀ। ਤਾਂ ਹੁਣ ਪ੍ਰਮੋਸ਼ਨ ਵੀ ਇਕ ਪ੍ਰਕਿਰਿਆ ਦਾ ਹਿੱਸਾ ਬਣ ਚੁੱਕਿਆ ਹੈ ਅਤੇ ਮੈਂ ਇਸ ਦਾ ਆਨੰਦ ਲੈਂਦਾ ਹਾਂ।
ਪ੍ਰ. ਇਸ ਫਿਲਮ ’ਚ ਅਜਿਹਾ ਕੀ ਖ਼ਾਸ ਸੀ ਕਿ ਤੁਸੀਂ ਕਿਹਾ ਕਿ ਮੈਂ ਇਹ ਫਿਲਮ ਕਰਨੀ ਹੀ ਹੈ?
ਮੈਨੂੰ ਮੇਰਾ ਕਿਰਦਾਰ ਬਹੁਤ ਪਸੰਦ ਆਇਆ, ਜਿਸ ਦਾ ਨਾਮ ਕਬੀਰ ਹੈ। ਇਹ ਇਕ ਅਜਿਹੇ ਇਨਸਾਨ ਦੀ ਕਹਾਣੀ ਹੈ, ਜਿਸ ਦੇ ਕੁਝ ਭਾਵਨਾਤਮਕ ਮਸਲੇ ਹਨ ਤੇ ਉਸ ਦੀ ਕਜ਼ਨ ਵੀ ਕਹਾਣੀ ’ਚ ਹੈ, ਜੋ ਉਸ ਨਾਲ ਰਹਿਣ ਆਈ ਹੈ ਤਾਂ ਕਿ ਉਸ ਨੂੰ ਥੋੜ੍ਹਾ ਰਿਲੈਕਸ ਕਰੇ। ਇਸ ਕਹਾਣੀ ਨੂੰ ਚੁਣਨ ਦਾ ਮੇਰਾ ਇਕ ਕਾਰਨ ਮੇਰਾ ਕਿਰਦਾਰ ਰਿਹਾ ਹੈ।
ਪ੍ਰ. ਤੁਸੀਂ ਕਾਮੇਡੀ ਪਹਿਲਾਂ ਵੀ ਕੀਤੀ ਹੈ ਤਾਂ ਕੀ ਇਹ ਵਾਪਸੀ ਵਰਗਾ ਮਹਿਸੂਸ ਹੁੰਦਾ ਹੈ?
ਹਾਂ, ਮੈਂ ਇਸ ਨੂੰ ਇਕ ਨਵੀਂ ਸ਼ੁਰੂਆਤ ਦੀ ਤਰ੍ਹਾਂ ਲੈ ਰਿਹਾ ਹਾਂ। ਵਿਚਕਾਰ ਮੈਂ ਲੱਗਭਗ ਦੋ ਸਾਲ ਪੈਨੇਡੇਮਿਕ ਦੌਰਾਨ ਪ੍ਰੋਡਕਸ਼ਨ ’ਚ ਸੀ। ਹੁਣ ਮੈਨੂੰ ਸੰਗੀ ਜੀ ਦੇ ਨਾਲ, ਆਪਣੀ ਭੈਣ ਨਾਲ ਤੇ ਇਮਰਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਹੁਣ ਆਪਣੇ ਕਰੀਅਰ ਨੂੰ ਇਕ ਨਵੇਂ ਨਜ਼ਰੀਏ ਨਾਲ ਦੇਖ ਰਿਹਾ ਹਾਂ। ਮੈਂ ਫਿਲਮਾਂ ’ਚ ਗੈਪ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਹੁਣ ਮੈਂ ਆਪਣੇ ਦਰਸ਼ਕਾਂ ਨਾਲ ਜ਼ਿਆਦਾ ਜੁੜਨਾ ਚਾਹੁੰਦਾ ਹਾਂ। ਹਰ ਫਿਲਮ ਚੱਲੇਗੀ ਹੀ, ਅਜਿਹਾ ਜ਼ਰੂਰੀ ਨਹੀਂ ਪਰ ਜੋ ਮੈਂ ਮੰਨਦਾ ਹਾਂ, ਉਹ ਬਣਾਉਂਦੇ ਰਹਿਣਾ ਜ਼ਰੂਰੀ ਹੈ।
ਪ੍ਰ. ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਹੁੰਦੇ ਹੋ ਤਾਂ ਕੀ ਕਰਦੇ ਹੋ?
ਆਮ ਤੌਰ ’ਤੇ ਮੈਂ ਧੁੱਪ ’ਚ ਸਮਾਂ ਬਿਤਾਉਂਦਾ ਹਾਂ, ਫਿਟਨੈੱਸ ’ਤੇ ਧਿਆਨ ਦਿੰਦਾ ਹਾਂ। ਮੈਂ ਬੁੱਧ ਧਰਮ ਦੀ ਸਾਧਨਾ ਕਰਦਾ ਹਾਂ, ਚੈਟਿੰਗ ਕਰਦਾ ਹਾਂ। ਘਰ ਦੇ ਖ਼ਰਚੇ ਤੇ ਜ਼ਿੰਮੇਵਾਰੀਆਂ ਦਾ ਵੀ ਧਿਆਨ ਰੱਖਦਾ ਹਾਂ। ਕਦੇ-ਕਦੇ ਟੀ.ਵੀ. ਦੇਖਦਾ ਹਾਂ, ਦੁਪਹਿਰ ’ਚ ਝਪਕੀ ਲੈਂਦਾ ਹਾਂ ਤੇ ਆਸ-ਪਾਸ ਜਾਣਾ ਹੋਵੇ ਤਾਂ ਪੈਦਲ ਹੀ ਨਿਕਲ ਜਾਂਦਾ ਹਾਂ।
ਪ੍ਰ. ਤੁਸੀਂ ਸਕ੍ਰੀਨਿੰਗ ਤੋਂ ਬਚਦੇ ਹੋ, ਕਿਉਂ?
ਮੈਂ ਐਕਸਹਿਬਿਸ਼ਨਿਸਟ ਨਹੀਂ ਹਾਂ। ਮੈਨੂੰ ਸਕ੍ਰੀਨਿੰਗ ਕਰਵਾਉਣਾ ਪਸੰਦ ਨਹੀਂ। ਮੈਂ ਕੰਮ ਕਰਦਾ ਹਾਂ, ਪ੍ਰਮੋਟ ਕਰਦਾ ਹਾਂ ਫਿਰ ਦਰਸ਼ਕਾਂ ’ਤੇ ਛੱਡ ਦਿੰਦਾ ਹਾਂ। ਹਰ ਫਿਲਮ ਪ੍ਰਫੈਕਟ ਨਹੀਂ ਹੁੰਦੀ ਪਰ ਉਸ ਨੂੰ ਬਣਾਉਣ ਦਾ ਅਨੁਭਵ ਚੰਗਾ ਹੋਣਾ ਚਾਹੀਦਾ ਤਾਂ ਮੈਂ ਕਿਸੇ ਨੂੰ ਫਿਲਮ ਦਿਖਾਉਂਦਾ ਨਹੀਂ ਹਾਂ।
ਪ੍ਰ. ਤੁਸੀਂ 2000 ਤੋਂ ਫਿਲਮਾਂ ’ਚ ਹੋ। ਕੀ ਸਮੇਂ ਨਾਲ ਖ਼ੁਦ ਨੂੰ ਢਾਲਣਾ ਮੁਸ਼ਕਲ ਸੀ?
ਹਾਂ, ਸ਼ੁਰੂਆਤ ਵਿਚ ਮੈਂ ਬਹੁਤ ਸੰਵੇਦਨਸ਼ੀਲ ਸੀ। ਮੈਨੂੰ ਉਤਰਾਅ-ਚੜਾਅ ਸੰਭਾਲਣਾ ਨਹੀਂ ਆਉਂਦਾ ਸੀ ਪਰ ਹੁਣ ਅਨੁਭਵ ਨਾਲ ਸਿੱਖ ਲਿਆ ਹੈ ਅਤੇ ਉਹੀ ਸਫ਼ਰ ਦੀ ਖ਼ੂਬਸੂਰਤੀ ਹੈ।
ਪ੍ਰ. ਅੱਜ ਦੇ ਸਮੇਂ ’ਚ ਕੰਟੈਂਟ ਦੀ ਗੁਣਵੱਤਾ ਨੂੰ ਕਿਵੇਂ ਦੇਖਦੇ ਹੋ?
ਅੱਜ ਬਹੁਤ ਬਦਲ ਹਨ, ਇਸ ਲਈ ਔਸਤ ਕੰਟੈਂਟ ਵੀ ਚੱਲ ਜਾਂਦਾ ਹੈ। ਓ.ਟੀ.ਟੀ. ’ਤੇ ਤਾਂ ਹੋਰ ਵੀ ਜ਼ਿਆਦਾ। ਸਾਨੂੰ ਸਮਝਦਾਰੀ ਨਾਲ ਪ੍ਰਮੋਟ ਕਰਨਾ ਹੁੰਦਾ ਹੈ ਤਾਂ ਕਿ ਥੀਏਟਰ ’ਚ ਦਰਸ਼ਕ ਆਉਣ। ਕੰਟੈਂਟ ਦਾ ਦਾਇਰਾ ਵੀ ਵਧ ਗਿਆ ਹੈ ਤੇ ਹਰ ਤਰ੍ਹਾਂ ਦੇ ਵਿਸ਼ਿਆਂ ’ਤੇ ਸਿਨੇਮਾ ਬਣ ਰਿਹਾ ਹੈ।
ਡਰਾਉਣੀ ਸਥਿਤੀ ’ਚ ਫਸ ਜਾਵਾਂਗਾ ਤਾਂ ਹਨੂਮਾਨ ਚਾਲੀਸਾ ਦਾ ਪਾਠ ਪੜ੍ਹ ਕੇ ਸੌਂ ਜਾਵਾਂਗਾ
ਪ੍ਰ. ਹੁਣ ਜੇ ਕਿਸੇ ਡਰਾਉਣੀ ਸਥਿਤੀ ’ਚ ਫਸ ਜਾਓ ਤਾਂ ਕੀ ਕਰੋਗੇ।
ਮੈਂ ਤਾਂ ਹਨੂਮਾਨ ਚਾਲੀਸਾ ਪੜ੍ਹ ਕੇ ਸੌਂ ਜਾਵਾਂਗਾ। ਜੇ ਕੋਈ ਆਵਾਜ਼ ਆ ਰਹੀ ਹੈ ਤਾਂ ਉਸ ਪਿੱਛੇ ਕਿਉਂ ਜਾਣਾ ਚੁੱਪਚਾਪ ਕੰਬਲ ਲੈ ਕੇ ਸੌਂ ਜਾਓ।
ਪ੍ਰ. ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਕੁਝ ਦੱਸੋ?
ਆਉਣ ਵਾਲੀਆਂ ਫਿਲਮਾਂ ’ਚ ਮੈਂ ਦੋ ਫਿਲਮਾਂ ਸਾਈਨ ਕੀਤੀਆਂ ਹਨ। ਇਕ ਕਾਮਿਕ ਫ੍ਰੈਂਚਾਇਜ਼ੀ ਹੈ ਤੇ ਦੂਜੀ ਇਕ ਪਾਲੀਟੀਕਲ ਥ੍ਰਿਲਰ। ਇਸ ਤੋਂ ਇਲਾਵਾ ‘ਵੈਲਕਮ ਟੂ ਜੰਗਲ’ ਵੀ ਆ ਰਹੀ ਹੈ।
ਇਸ ਵਾਰ 'ਬਿਗ ਬੌਸ 19' ਹੋਵੇਗਾ ਬਾਕੀ ਸੀਨਜ਼ ਤੋਂ ਵੱਖਰਾ, ਜਾਣੋ ਮੇਕਰਜ਼ ਕੀ ਕਰਨ ਜਾ ਰਹੇ ਨੇ ਬਦਲਾਅ
NEXT STORY