ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸਤੀਸ਼ ਕੌਲ ਦੀ ਮੌਤ ਤੋਂ ਬਾਅਦ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ-ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਦਿਹਾਂਤ ਹੋ ਗਿਆ ਹੈ। ਪੰਜਾਬੀ ਅਦਾਕਾਰ ਸੁਖਜਿੰਦਰ ਸ਼ੇਰਾ ਦੇ ਦਿਹਾਂਤ 'ਤੇ ਪੰਜਾਬੀ ਸਿਤਾਰਿਆਂ ਨੇ ਦੁੱਖ ਜਤਾਇਆ ਹੈ। ਸੁਖਜਿੰਦਰ ਸ਼ੇਰਾ ਦਾ ਦਿਹਾਂਤ ਬੀਤੇ ਦਿਨ ਯੂਗਾਂਡਾ 'ਚ ਹੋਇਆ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਸੁਖਜਿੰਦਰ ਸ਼ੇਰਾ ਦੇ ਦਿਹਾਂਤ 'ਤੇ ਦੁੱਖ ਜਤਾਇਆ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, 'ਬਹੁਤ ਦੁੱਖ ਹੋਇਆ ਬਾਈ ਸੁਖਜਿੰਦਰ ਸ਼ੇਰਾ ਦੀ ਮੌਤ ਦਾ ਸੁਣਕੇ, ਵਾਹਿਗੁਰੂ ਜੀ ਮੇਹਰ ਕਰਨ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।'
ਨਿਮੋਨੀਆ ਕਾਰਨ ਹਸਪਤਾਲ 'ਚ ਸਨ ਦਾਖ਼ਲ
ਸੁਖਜਿੰਦਰ ਪਿਛਲੇ ਮਹੀਨੇ 17 ਅਪ੍ਰੈਲ ਨੂੰ ਹੀ ਆਪਣੇ ਇਕ ਦੋਸਤ ਕੋਲ ਕੀਨੀਆ ਗਿਆ ਸੀ। ਜਗਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ 25 ਅਪ੍ਰੈਲ ਨੂੰ ਉਥੇ ਬੁਖਾਰ ਹੋਇਆ ਸੀ, ਜਿਸ ਤੋਂ ਬਾਅਦ ਨਿਮੋਨੀਆ ਹੋਣ ਦੀ ਪੁਸ਼ਟੀ ਹੋਈ। ਹਾਲਤ ਵਿਗੜਣ 'ਤੇ ਸੁਖਜਿੰਦਰ ਸ਼ੇਰਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਬੁੱਧਵਾਰ ਤੜਕੇ 2 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ।
'ਯਾਰੀ ਜੱਟ ਦੀ' ਅਤੇ 'ਜੱਟ ਤੇ ਜ਼ਮੀਨ' ਨੇ ਦਿਵਾਈ ਸੀ ਪ੍ਰਸਿੱਧੀ
ਸੁਖਜਿੰਦਰ ਸ਼ੇਰਾ, ਜਗਰਾਉਂ ਦੇ ਪਿੰਡ ਮਲਕਾਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਕਈ ਮਸ਼ਹੂਰ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਸੀ। ਇਨ੍ਹਾਂ 'ਚ 'ਯਾਰੀ ਜੱਟ ਦੀ' ਅਤੇ 'ਜੱਟ ਤੇ ਜ਼ਮੀਨ' ਸ਼ਾਮਲ ਹਨ। ਸੁਖਜਿੰਦਰ ਆਪਣੀ ਆਉਣ ਵਾਲੀ ਫ਼ਿਲਮ 'ਯਾਰ ਬੇਲੀ' ਦੀ ਸ਼ੂਟਿੰਗ ਵੀ ਕਰ ਰਹੇ ਸਨ।

ਇਹ ਹਨ ਹਿੱਟ ਫ਼ਿਲਮਾਂ
ਸੁਖਜਿੰਦਰ ਸ਼ੇਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਜੱਟ ਤੇ ਜ਼ਮੀਨ' ਫ਼ਿਲਮ ਤੋਂ ਪ੍ਰਸਿੱਧੀ ਖੱਟੀ। ਸੁਖਜਿੰਦਰ ਸ਼ੇਰਾ ਦਾ ਨਾਂ ਪੰਜਾਬੀ ਫ਼ਿਲਮ ਜਗਤ 'ਚ 80ਵੇਂ ਦਹਾਕੇ 'ਚ ਖੂਬ ਚਮਕਿਆ ਸੀ। ਸ਼ੇਰਾ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ 'ਸਿਰ ਧੜ ਦੀ ਬਾਜ਼ੀ' ਦਾ ਨਾਂ ਸਿਖਰ 'ਤੇ ਆਉਂਦਾ ਹੈ। ਇਸ ਤੋਂ ਇਲਾਵਾ 'ਪੱਗੜੀ ਸੰਭਾਲ ਜੱਟਾ', 'ਧਰਮ ਜੱਟ ਦਾ', 'ਜੰਗੀਰਾ', 'ਕਤਲੇਆਮ', 'ਹਥਿਆਰ', 'ਗੈਰਤ', 'ਉੱਚਾ ਪਿੰਡ', 'ਯਾਰੀ ਜੱਟ ਦੀ' ਆਦਿ ਹਨ।
ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣਾ ਚਾਹੁੰਦਾ ਹੈ ਪਰਿਵਾਰ
ਅਦਾਕਾਰ ਦਾ ਪਰਿਵਾਰ ਸੁਖਜਿੰਦਰ ਦੀ ਮ੍ਰਿਤਕ ਦੇਹ ਨੂੰ ਯੂਗਾਂਡਾ ਤੋਂ ਲਿਆਉਣ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਿਹਾ ਹੈ। ਸ਼ੇਰਾ ਦੇ ਨਜ਼ਦੀਕ ਮੰਨੇ ਜਾਂਦੇ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਡੀਪੀ ਸਿੰਘ ਅਰਸ਼ੀ ਦਾ ਕਹਿਣਾ ਹੈ, "ਸੁਖਜਿੰਦਰ ਦਾ ਪਰਿਵਾਰ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣਾ ਚਾਹੁੰਦਾ ਹੈ ਪਰ ਕੋਵਿਡ-19 ਕਾਰਨ ਇਸ ਦੌਰ (ਪੜਾਅ) 'ਚ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।''
ਫ਼ਿਲਮ ‘ਲਾਲ ਸਿੰਘ ਚੱਢਾ’ ਨਾਲ ਬਾਲੀਵੁੱਡ ’ਚ ਡੈਬਿਊ ਕਰੇਗਾ ਤੇਲਗੂ ਸੁਪਰਸਟਾਰ ਨਾਗਾ ਚੈਤਨਯ
NEXT STORY