ਐਂਟਰਟੇਨਮੈਂਟ ਡੈਸਕ : ਅੱਜ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦਾ ਜਨਮ ਦਿਨ ਹੈ। ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022) ਜਾਂ ਸਿੱਧੂ ਮੂਸੇ ਵਾਲਾ, ਇਕ ਪੰਜਾਬੀ ਗੀਤਕਾਰ ਤੇ ਗਾਇਕ ਸੀ। ਉਸ ਨੇ ਮੁੱਖ ਤੌਰ ’ਤੇ ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ’ਚ ਵੀ ਕੰਮ ਕੀਤਾ। ਮੂਸੇ ਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਸ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ।
ਅੱਜ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਇਸ ਮੌਕੇ ਮੂਸਾ ਪਿੰਡ ਵਿਚ ਮੁਫ਼ਤ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਪੰਜਾਬ 'ਚ ਫੈਲ ਰਹੇ ਕੈਂਸਰ ਤੋਂ ਬਹੁਤ ਚਿੰਤਤ ਸੀ। ਇਸ ਲਈ ਉਸ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨ, ਚੈੱਕ-ਅੱਪ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਆਪਣੇ ਦਾਦੀ ਜੀ ਦੇ ਨਾਂ ਤੇ ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ਤੇ 11 ਜੂਨ ਨੂੰ ਪਿੰਡ ਮੂਸਾ ਵਿਖੇ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਗਿਆ।
ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਕੈਂਸਰ ਕੋਈ ਭਿਆਨਕ ਬਿਮਾਰੀ ਨਹੀਂ ਹੈ, ਇਸ 'ਤੇ ਥੰਮ ਪਾਇਆ ਜਾ ਸਕਦਾ ਹੈ, ਸਿਰਫ਼ ਖਾਣ-ਪੀਣ ਦਾ ਪਰਹੇਜ਼ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਫੈਨਜ਼ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਕ ਨਾ ਬਹੁਤੇ ਲੈ ਕੇ ਆਉਣ, ਕਿਉਂਕਿ ਕੋਈ ਬੰਦਾ ਕਿੰਨਾ ਕੁ ਮਿੱਠਾ ਖਾ ਸਕਦਾ ਹੈ।
ਕੇਕ ਖਰੀਦਣ ਦੀ ਬਜਾਏ ਜੇ ਤੁਸੀਂ ਕੋਈ ਚੱਪਲ ਜਾਂ ਬੂਟਾਂ ਦਾ ਜੋੜਾ ਲੈ ਕੇ ਆਓ ਤਾਂਕਿ ਕਿਸੇ ਸਰਕਾਰੀ ਜਾਂ ਪ੍ਰਾਇਮਰੀ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਵੰਡ ਸਕੀਏ। ਇਸ ਤੋਂ ਅੱਗੇ ਉਨ੍ਹਾਂ ਕਿਹਾ- ਸਿੱਧੂ ਦਾ ਇਕ ਬੁੱਤ ਆਇਆ ਹੈ, ਜਿਸ ਨੂੰ ਬਹੁਤ ਜਲਦ ਹੀ ਲਗਾਇਆ ਜਾਵੇਗਾ। ਅਸੀਂ ਜਵਾਹਰਕੇ 'ਚ ਵੀ ਥਾਂ ਵੇਖ ਰਹੇ ਹਾਂ, ਜਿੱਥੇ ਅਸੀਂ ਸਿੱਧੂ ਦੀ ਕੋਈ ਯਾਦਗਾਰ ਬਣਾ ਸਕੀਏ।
ਦੱਸਣਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ’ਚ 29 ਮਈ, 2022 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਮੂਸੇ ਵਾਲਾ ਦੀ ਕਾਰ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸ਼ੁਰੂ ’ਚ ਇਕ ਅਣ-ਪ੍ਰਮਾਣਿਤ ਫੇਸਬੁੱਕ ਪੋਸਟ ’ਚ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਬਿਸ਼ਨੋਈ ਨੇ ਮੰਨਣ ਤੋਂ ਇਨਕਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਪੁਲਸ ਜੂਨ, 2022 ਤੱਕ ਹਿਰਾਸਤ ’ਚ ਲੈ ਰਹੀ ਸੀ ਤੇ ਅਧਿਕਾਰੀਆਂ ਵਲੋਂ ਉਸ ਨੂੰ ਕਤਲ ਦਾ ‘ਮਾਸਟਰਮਾਈਂਡ’ ਮੰਨਿਆ ਜਾਂਦਾ ਸੀ।
ਪੁਲਸ ਅਨੁਸਾਰ ਸ਼ਾਮ ਸਾਢੇ ਚਾਰ ਵਜੇ ਮੂਸੇ ਵਾਲਾ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਘਰੋਂ ਨਿਕਲਿਆ। ਮੂਸੇ ਵਾਲਾ ਆਪਣੀ ਕਾਲੇ ਰੰਗ ਦੀ ਮਹਿੰਦਰਾ ਥਾਰ ਚਲਾ ਕੇ ਬਰਨਾਲਾ ’ਚ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਸ਼ਾਮ 5:30 ਵਜੇ ਜਦੋਂ ਥਾਰ ਜਵਾਹਰਕੇ ਪਹੁੰਚੀ ਤਾਂ 2 ਹੋਰ ਕਾਰਾਂ ਨੇ ਉਸ ਨੂੰ ਰੋਕ ਕੇ ਘੇਰ ਲਿਆ।
ਘਟਨਾ ਦੌਰਾਨ 30 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ 2 ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ। ਮੂਸੇ ਵਾਲਾ ਨੇ ਆਪਣੀ ਪਿਸਤੌਲ ਨਾਲ ਹਮਲਾਵਰਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਪਿਤਾ ਮੂਸੇ ਵਾਲਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਤਲ ਕੇਸ 'ਚ ਕੰਨੜ ਅਦਾਕਾਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY