ਮਨੋਰੰਜਨ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਇਕ ਵੱਡੇ ਵਿਵਾਦ ਵਿਚ ਘਿਰ ਗਏ ਹਨ। ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਤਿੰਨਾਂ ਕਲਾਕਾਰਾਂ ਵੱਲੋਂ ਦਿੱਗਜ ਗਾਇਕ ਨਛੱਤਰ ਗਿੱਲ ਦੇ ਇਕ ਸੈਡ ਸੌਂਗ 'ਤੇ ਬਣਾਈ ਗਈ ਰੀਲ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਤਿੰਨੇ ਕਲਾਕਾਰ ਨਛੱਤਰ ਗਿੱਲ ਦੇ ਮਸ਼ਹੂਰ ਗੀਤ "ਸਾਡੀ ਜਾਨ ਤੇ ਬਣੀ ਹੈ, ਤੇਰਾ ਹੱਸਾ ਹੋ ਗਿਆ" 'ਤੇ ਲੰਬੇ ਸੁਰ ਲਗਾ ਕੇ ਕਥਿਤ ਤੌਰ 'ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਸਨ।
ਨਛੱਤਰ ਗਿੱਲ ਨੇ ਦਿੱਤਾ ਕਰਾਰਾ ਜਵਾਬ
ਵੀਡੀਓ ਵਾਇਰਲ ਹੋਣ ਤੋਂ ਬਾਅਦ ਨਛੱਤਰ ਗਿੱਲ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, "ਕਿਉਂ ਤੁਸੀਂ ਸਭ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ। ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਤੋਂ ਵੱਡੇ ਅਤੇ ਸੁਰੀਲੇ ਕਲਾਕਾਰ ਹੋ"। ਗਿੱਲ ਨੇ ਅੱਗੇ ਲਿਖਿਆ ਕਿ ਇਨ੍ਹਾਂ ਕਲਾਕਾਰਾਂ ਨੇ ਅਜਿਹੀ ਹਰਕਤ ਕਰਕੇ ਨਾ ਸਿਰਫ਼ ਆਪਣਾ ਜਨਾਜ਼ਾ ਕੱਢਿਆ ਹੈ, ਸਗੋਂ ਆਪਣੇ ਉਸਤਾਦਾਂ ਅਤੇ ਬਜ਼ੁਰਗ ਗਾਇਕਾਂ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਸਲੀਮ ਅਤੇ ਯੁਵਰਾਜ ਹੰਸ ਵਰਗੇ ਕਲਾਕਾਰ ਵੱਡੇ ਘਰਾਣਿਆਂ ਅਤੇ ਉਸਤਾਦਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦਾ ਉਹ ਖੁਦ ਸਤਿਕਾਰ ਕਰਦੇ ਹਨ।
ਲਖਵਿੰਦਰ ਵਡਾਲੀ ਨੇ ਵੀ ਦਿੱਤਾ ਸਮਰਥਨ
ਨਛੱਤਰ ਗਿੱਲ ਦੇ ਹੱਕ ਵਿਚ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੀ ਨਿੱਤਰ ਆਏ ਹਨ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਪਹਿਲਾਂ ਉਨ੍ਹਾਂ ਦੇ ਗੀਤ ਨਾਲ ਵੀ ਅਜਿਹਾ ਹੀ ਕੀਤਾ ਸੀ। ਵਡਾਲੀ ਨੇ ਹੈਰਾਨੀ ਜਤਾਈ ਕਿ ਲੋਕ ਵਾਰ-ਵਾਰ ਮਾਣ-ਮਰਿਆਦਾ ਕਿਵੇਂ ਭੁੱਲ ਜਾਂਦੇ ਹਨ। ਪ੍ਰਸ਼ੰਸਕਾਂ ਨੇ ਵੀ ਇਸ ਹਰਕਤ ਦੀ ਨਿੰਦਾ ਕਰਦਿਆਂ ਇਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸ਼ਰਮਨਾਕ ਦੱਸਿਆ ਹੈ।
ਮਾਸਟਰ ਸਲੀਮ ਵੱਲੋਂ ਸਪੱਸ਼ਟੀਕਰਨ ਅਤੇ ਮੁਆਫ਼ੀ
ਵਿਵਾਦ ਵਧਦਾ ਦੇਖ ਮਾਸਟਰ ਸਲੀਮ ਨੇ ਇਕ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ, "ਅਸੀਂ ਸ਼ੂਟਿੰਗ ਕਰ ਰਹੇ ਸੀ ਅਤੇ ਪਿੱਛੇ ਕੋਈ ਨਛੱਤਰ ਗਿੱਲ ਦਾ ਗੀਤ ਸੁਣ ਰਿਹਾ ਸੀ। ਰਿਹਰਸਲ ਦੌਰਾਨ ਉਨ੍ਹਾਂ ਦਾ ਗਾਣਾ ਵੀਡੀਓ ਵਿਚ ਆ ਗਿਆ। ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾਇਆ"। ਸਲੀਮ ਨੇ ਅੱਗੇ ਕਿਹਾ ਕਿ ਉਹ ਨਛੱਤਰ ਗਿੱਲ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਵਰਗਾ ਕੋਈ ਹੋਰ ਨਹੀਂ ਗਾ ਸਕਦਾ। ਦੱਸਣਯੋਗ ਹੈ ਕਿ ਵਿਵਾਦ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਪੇਜ ਤੋਂ ਉਹ ਵੀਡੀਓ ਹਟਾ ਦਿੱਤੀ ਹੈ।
ਮਧੁਰ ਭੰਡਾਰਕਰ ਨੇ ਆਪਣੇ 'personal favorite' ਦਿਲ ਤੋ ਬੱਚਾ ਹੈ ਜੀ ਦੇ 15 ਸਾਲ ਕੀਤੇ ਪੂਰੇ
NEXT STORY