ਚੰਡੀਗੜ੍ਹ (ਬਿਊਰੋ)– ਪੰਜਾਬ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ 10 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਸਤੀਸ਼ ਕੌਲ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸਤੀਸ਼ ਕੌਲ ਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਸਤੀਸ਼ ਕੌਲ ਦੇ ਫ਼ਿਲਮੀ ਸਫਰ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਦੇ ਨਾਲ-ਨਾਲ ਹਿੰਦੀ ਸਿਨੇਮਾ ਤੇ ਟੀ. ਵੀ. ਜਗਤ ’ਚ ਦੇ ਵੀ ਕਾਫੀ ਮਸ਼ਹੂਰ ਅਦਾਕਾਰ ਸਨ। ਆਓ ਜਾਣਦੇ ਹਾਂ ਸਤੀਸ਼ ਕੌਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ–
ਰਾਮਾਨੰਦ ਸਾਗਰ ਦੀ ਫ਼ਿਲਮ ਨਾਲ ਹੋਈ ਸ਼ੁਰੂਆਤ
ਸਤੀਸ਼ ਕੌਲ ਦਾ ਜਨਮ ਕਸ਼ਮੀਰੀ ਸੰਗੀਤ ਦੇ ਰੰਗ ’ਚ ਰੰਗੇ ਪਰਿਵਾਰ ’ਚ 26 ਸਤੰਬਰ, 1948 ਨੂੰ ਕਸ਼ਮੀਰ ਵਿਖੇ ਹੋਇਆ। ਘਰ ’ਚ ਹੀ ਕਲਾ ਦਾ ਮਾਹੌਲ ਹੋਣ ਕਰਕੇ ਉਨ੍ਹਾਂ ਦੀ ਅਦਾਕਾਰੀ ’ਚ ਰੁਚੀ ਬਣ ਗਈ। ਕਾਲਜ ਦੀ ਪੜ੍ਹਾਈ ਤੋਂ ਬਾਅਦ ਸਤੀਸ਼ ਕੌਲ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਪੁਣੇ ਵਿਖੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਣ ਚਲੇ ਗਏ। ਇਥੇ ਉਨ੍ਹਾਂ ਨੂੰ ਮਸ਼ਹੂਰ ਫ਼ਿਲਮਕਾਰ ਰਾਮਾਨੰਦ ਸਾਗਰ ਨੇ ਦੇਖਿਆ। ਉਹ ਸਤੀਸ਼ ਕੌਲ ਦੀ ਅਦਾਕਾਰੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਇੰਸਟੀਚਿਊਟ ਤੋਂ ਹੀ ਆਪਣੇ ਨਾਲ ਮੁੰਬਈ ਆਪਣੀ ਫ਼ਿਲਮ ’ਚ ਮੁੱਖ ਕਿਰਦਾਰ ਨਿਭਾਉਣ ਲਈ ਲੈ ਗਏ। ਇਸ ਤਰ੍ਹਾਂ ਫਿਰ ਸਤੀਸ਼ ਕੌਲ ਸੰਨ 1973 ’ਚ ਰਾਮਾਨੰਦ ਸਾਗਰ ਦੀ ਫ਼ਿਲਮ ‘ਪ੍ਰੇਮ ਪਰਬਤ’ ਨਾਲ ਵੱਡੇ ਪਰਦੇ ’ਤੇ ਪੇਸ਼ ਹੋਏ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੋਨੂੰ ਸੂਦ ਨੂੰ ਬਣਾਇਆ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ, ਕੈਪਟਨ ਨੇ ਦਿੱਤੀ ਵਧਾਈ
ਪੰਜਾਬ ਦੇ ਅਮਿਤਾਭ ਬੱਚਨ ਦੇ ਨਾਂ ਨਾਲ ਹੋਏ ਮਸ਼ਹੂਰ
ਸੰਨ 1975 ’ਚ ਆਈ ਪੰਜਾਬੀ ਫ਼ਿਲਮ ‘ਮੋਰਨੀ’ ਸਤੀਸ਼ ਕੌਲ ਦੀ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਨੇ ਸਤੀਸ਼ ਕੌਲ ਨੂੰ ਰਾਤੋਂ-ਰਾਤ ਸੁਪਰਸਟਾਰ ਬਣਾ ਦਿੱਤਾ। ਇਸ ਫ਼ਿਲਮ ਤੋਂ ਬਾਅਦ ਸਤੀਸ਼ ਕੌਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਹੁਣ ਤਕ ਲਗਭਗ 300 ਤੋਂ ਵੱਧ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ ਤੇ ਨਾਲ ਹੀ ਟੀ. ਵੀ. ਸੀਰੀਅਲਜ਼ ’ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ। ‘ਲੱਛੀ’ ਤੇ ‘ਰਾਣੋ’ ਉਨ੍ਹਾਂ ਦੀਆਂ ਸੁਪਰਹਿੱਟ ਫ਼ਿਲਮਾਂ ’ਚ ਸ਼ਾਮਲ ਹਨ। ਸਤੀਸ਼ ਕੌਲ ਉਸ ਸਮੇਂ ਪੰਜਾਬੀ ਸਿਨੇਮਾ ਦੀ ਜਾਨ ਬਣ ਗਏ ਸਨ ਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਮੰਨੀ ਜਾਂਦੀ ਸੀ। ਸਤੀਸ਼ ਕੌਲ ਨੇ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਜਿਵੇਂ ਦੇਵ ਆਨੰਦ, ਦਲੀਪ ਕੁਮਾਰ, ਸ਼ਾਹਰੁਖ ਖ਼ਾਨ ਤੇ ਆਮਿਰ ਖ਼ਾਨ ਵਰਗੇ ਸਿਤਾਰਿਆਂ ਨਾਲ ਵੱਖ-ਵੱਖ ਫ਼ਿਲਮਾਂ ’ਚ ਕੰਮ ਕੀਤਾ। ਇਸ ਤੋਂ ਇਲਾਵਾ ਸਤੀਸ਼ ਕੌਲ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਜਿੱਤ ਚੁੱਕੇ ਹਨ। ਇਹ ਐਵਾਰਡ ਉਨ੍ਹਾਂ ਨੂੰ ਪੰਜਾਬੀ ਸਿਨੇਮਾ ’ਚ ਉਨ੍ਹਾਂ ਦੇ ਯੋਗਦਾਨ ਲਈ ਪੀ. ਟੀ. ਸੀ. ਫ਼ਿਲਮ ਐਵਾਰਡ 2011 ’ਚ ਮਿਲਿਆ ਸੀ। ਸਤੀਸ਼ ਕੌਲ ਨੂੰ ਸਭ ਤੋਂ ਸਫਲ ਪੰਜਾਬੀ ਅਦਾਕਾਰ ਵੀ ਮੰਨਿਆ ਜਾਂਦਾ ਸੀ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਲਗਾਤਾਰ ਹਿੱਟ ਹੁੰਦੀਆਂ ਰਹੀਆਂ। ਸਤੀਸ਼ ਕੌਲ ਨੂੰ ਲੋਕ ਪੰਜਾਬੀ ਇੰਡਸਟਰੀ ਦਾ ਅਮਿਤਾਭ ਬੱਚਨ ਵੀ ਕਹਿੰਦੇ ਸਨ।
ਸਕੂਲ ਤੋਂ ਹੋਏ ਨੁਕਸਾਨ ’ਚ ਵਿਕਿਆ ਘਰ-ਬਾਰ
ਦੁੱਖ ਦੀ ਗੱਲ ਇਹ ਹੈ ਕਿ ਸਤੀਸ਼ ਕੌਲ ਨੇ ਬੇਹੱਦ ਮਾੜਾ ਸਮਾਂ ਵੀ ਆਪਣੀ ਜ਼ਿੰਦਗੀ ’ਚ ਦੇਖਿਆ ਹੈ। ਕਈ ਸਾਲ ਪਹਿਲਾਂ ਸਤੀਸ਼ ਕੌਲ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਆਪਣੇ ਬੇਟੇ ਨੂੰ ਲੈ ਕੇ ਵਿਦੇਸ਼ ਚਲੀ ਗਈ। ਇਸ ਤੋਂ ਬਾਅਦ ਸਤੀਸ਼ ਕੌਲ ਇਕੱਲੇ ਰਹਿ ਗਏ। ਫਿਰ ਸਤੀਸ਼ ਕੌਲ ਨੇ ਲੁਧਿਆਣਾ ’ਚ ਇਕ ਸਕੂਲ ਖੋਲ੍ਹਿਆ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਨੇ ਜਿੰਨਾ ਵੀ ਆਪਣੀ ਜ਼ਿੰਦਗੀ ’ਚ ਪੈਸਾ ਕਮਾਇਆ ਸੀ, ਉਹ ਇਸ ਸਕੂਲ ’ਚ ਲਗਾ ਦਿੱਤਾ। ਸਕੂਲ ’ਚ ਹੋਏ ਨੁਕਸਾਨ ਦੌਰਾਨ ਉਨ੍ਹਾਂ ਨੂੰ ਆਪਣਾ ਘਰ ਤਕ ਵੇਚਣਾ ਪਿਆ, ਜਿਸ ਕਾਰਨ ਉਹ ਘਰ ਤੋਂ ਵੀ ਵਾਂਝੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਬਿਰਧ ਆਸ਼ਰਮ ’ਚ ਰਹਿਣਾ ਪਿਆ।
ਇਹ ਖ਼ਬਰ ਵੀ ਪੜ੍ਹੋ : ਸਿਮੀ ਚਾਹਲ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਲੁੱਟ ਰਹੀਆਂ ਨੇ ਪ੍ਰਸ਼ੰਸਕਾਂ ਦੇ ਦਿਲ, ਇੰਟਰਨੈੱਟ ’ਤੇ ਹੋਈਆਂ ਵਾਇਰਲ
ਸ਼ੂਟਿੰਗ ਦੌਰਾਨ ਲੱਗੀ ਸੱਟ
ਸਤੀਸ਼ ਕੌਲ ਬੁਢਾਪੇ ’ਚ ਵੀ ਫ਼ਿਲਮਾਂ ’ਚ ਕੰਮ ਕਰਦੇ ਰਹੇ। ਇਕ ਵਾਰ ਉਹ ਕਿਸੇ ਟੀ. ਵੀ. ਸੀਰੀਅਲ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਬਾਥਰੂਮ ’ਚ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੰਮਾ ਸਮਾਂ ਹਸਪਤਾਲ ’ਚ ਰਹਿਣਾ ਪਿਆ। ਉਨ੍ਹਾਂ ਦੀ ਮਾਲੀ ਹਾਲਤ ਇੰਨੀ ਮਾੜੀ ਸੀ ਕਿ ਉਨ੍ਹਾਂ ਕੋਲ ਆਪਣੇ ਇਲਾਜ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਨੇ ਮੀਡੀਆ ਰਾਹੀਂ ਕਈ ਵਾਰ ਪੰਜਾਬੀ ਕਲਾਕਾਰਾਂ ਨੂੰ ਮਦਦ ਦੀ ਅਪੀਲ ਕੀਤੀ। ਹਾਲਾਂਕਿ ਕੁਝ ਐੱਨ. ਜੀ. ਓਜ਼ ਸਤੀਸ਼ ਕੌਲ ਦੀ ਮਦਦ ਲਈ ਅੱਗੇ ਵੀ ਆਈਆਂ। ਸਤੀਸ਼ ਕੌਲ ਆਖਰੀ ਸਮੇਂ ’ਚ ਸਤਿਆ ਦੇਵੀ ਨਾਂ ਦੀ ਮਹਿਲਾ ਕੋਲ ਰਹਿੰਦੇ ਸਨ, ਜੋ ਉਨ੍ਹਾਂ ਨੂੰ ਆਪਣਾ ਭਰਾ ਮੰਨਦੀ ਸੀ।
ਨੋਟ– ਸਤੀਸ਼ ਕੌਲ ਦੀ ਕਿਹੜੀ ਫ਼ਿਲਮ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਾੜਾ ਬੋਲਣ ਵਾਲਿਆਂ ਨੂੰ ਗੁਰੂ ਰੰਧਾਵਾ ਨੇ ਦਿੱਤਾ ਜਵਾਬ, ਲਿਖਿਆ, ‘ਮੇਰੇ ’ਤੇ ਸਮਾਂ...’
NEXT STORY