ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦੇ ਸ਼ਾਨਦਾਰ ਕਲਾਕਾਰਾਂ ’ਚੋਂ ਇਕ ਸਨ। ਪਟਨਾ ਤੋਂ ਮੁੰਬਈ ਆਏ ਸੁਸ਼ਾਂਤ ਨੇ ਸਾਲ 2008 ’ਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੋ ਟੀ. ਵੀ. ਸੀਰੀਅਲਜ਼ ਤੇ 12 ਫ਼ਿਲਮਾਂ ’ਚ ਕੰਮ ਕਰ ਚੁੱਕੇ ਸੁਸ਼ਾਂਤ ਨੇ ਬੇਹੱਦ ਘੱਟ ਸਮੇਂ ’ਚ ਕਾਮਯਾਬੀ ਦਾ ਰਸਤਾ ਫੜ ਲਿਆ ਸੀ। ਅੱਜ ਸੁਸ਼ਾਂਤ ਦੀ ਬਰਸੀ ਮੌਕੇ ਤੁਹਾਨੂੰ ਉਸ ਦੇ ਕਰੀਅਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ–

‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਨਾਲ ਕੀਤੀ ਟੀ. ਵੀ. ਸੀਰੀਅਲਜ਼ ’ਚ ਐਂਟਰੀ
ਸੁਸ਼ਾਂਤ ਨੇ ਸਾਲ 2008 ’ਚ ਟੀ. ਵੀ. ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ’ਚ ਉਨ੍ਹਾਂ ਨੇ ਪ੍ਰੀਤ ਜੁਨੇਜਾ ਦਾ ਕਿਰਦਾਰ ਨਿਭਾਇਆ ਸੀ। ਇਸ ਸੀਰੀਅਲ ’ਚ ਭਾਵੇਂ ਹੀ ਸੁਸ਼ਾਂਤ ਮੁੱਖ ਭੂਮਿਕਾ ’ਚ ਨਹੀਂ ਸਨ ਪਰ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਸੀ। ਇਸ ਤੋਂ ਇਕ ਸਾਲ ਬਾਅਦ 2009 ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਸੀਰੀਅਲ ‘ਪਵਿੱਤਰ ਰਿਸ਼ਤਾ’ ’ਚ ਮੁੱਖ ਭੂਮਿਕਾ ਨਿਭਾਈ। ਮਾਨਵ ਦੇਸ਼ਮੁਖ ਦੇ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ। ਇਸ ’ਚ ਸੁਸ਼ਾਂਤ ਤੋਂ ਇਲਾਵਾ ਅੰਕਿਤਾ ਲੋਖੰਡੇ ਵੀ ਨਜ਼ਰ ਆਈ ਸੀ।

‘ਪਵਿੱਤਰ ਰਿਸ਼ਤਾ’ ਸ਼ੋਅ ਘਰ–ਘਰ ’ਚ ਮਸ਼ਹੂਰ ਹੋਇਆ ਸੀ। ਇਸ ’ਚ ਸੁਸ਼ਾਂਤ ਤੇ ਅੰਕਿਤਾ ਦੀ ਮਾਸੂਮ ਲਵ ਸਟੋਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਹ ਸੁਸ਼ਾਂਤ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ। ਉਸ ਨੂੰ ਇਸ ਸ਼ੋਅ ਨੇ ਜ਼ਬਰਦਸਤ ਸ਼ੋਹਰਤ ਦਿੱਤੀ।

ਡਾਂਸ਼ ਰਿਐਲਿਟੀ ਸ਼ੋਅਜ਼ ਦਾ ਵੀ ਬਣੇ ਹਿੱਸਾ
2010 ’ਚ ਸੁਸ਼ਾਂਤ ਨੇ ਡਾਂਸ ਰਿਐਲਿਟੀ ਸ਼ੋਅ ‘ਜ਼ਰਾ ਨਚਕੇ ਦਿਖਾ’ ਕੀਤਾ ਸੀ। ਪਵਿੱਤਰ ਰਿਸ਼ਤਾ ’ਚ ਆਪਣੀ ਐਵਾਰਡ ਵਿਨਿੰਗ ਪਰਫਾਰਮੈਂਸ ਤੋਂ ਬਾਅਦ ਅਦਾਕਾਰ ਨੇ ਡਾਂਸ ਦੇ ਮੰਚ ’ਤੇ ਵੀ ਆਪਣੇ ਆਪ ਨੂੰ ਸਾਬਿਤ ਕੀਤਾ। ਇਸ ’ਚ ਉਹ ਮਸਤ ਕਲੰਦਰ ਬੁਆਏਜ਼ ਟੀਮ ’ਚ ਸਨ। ਉਸ ਨੇ ਇਕ ਹੋਰ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ 4’ ’ਚ ਵੀ ਹਿੱਸਾ ਲਿਆ। ਇਥੇ ਉਹ ਕੋਰੀਓਗ੍ਰਾਫਰ ਸ਼ੰਪਾ ਸੋਂਥਾਲੀਆ ਨਾਲ ਜੋੜੀ ਬਣਾਉਂਦੇ ਦਿਖੇ ਸਨ। ਇਥੇ ਵੀ ਸੁਸ਼ਾਂਤ ਨੇ ਆਪਣੇ ਡਾਂਸ ਦਾ ਜਲਵਾ ਦਿਖਾਇਆ।

‘ਕਾਈ ਪੋ ਛੇ’ ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਅਦਾਕਾਰੀ ਤੇ ਡਾਂਸ ’ਚ ਆਪਣੇ ਟੈਲੇਂਟ ਨੂੰ ਦਿਖਾਉਣ ਤੋਂ ਬਾਅਦ ਸੁਸ਼ਾਂਤ ਨੇ ਫ਼ਿਲਮਾਂ ਵੱਲ ਰੁਖ਼ ਕੀਤਾ। ਸੁਸ਼ਾਂਤ ਨੂੰ ਪਹਿਲੀ ਫ਼ਿਲਮ ‘ਕਾਈ ਪੋ ਛੇ’ ਮਿਲੀ। ਇਹ 2013 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਸੁਸ਼ਾਂਤ ਨਾਲ ਰਾਜਕੁਮਾਰ ਰਾਓ ਤੇ ਅਮਿਤ ਸਾਥ ਨਜ਼ਰ ਆਏ ਸਨ। ਫ਼ਿਲਮ ਹਿੱਟ ਹੋਈ ਤੇ ਸੁਸ਼ਾਂਤ ਨੂੰ ਬ੍ਰੇਕ ਵੀ ਮਿਲ ਗਿਆ।

ਇਸ ਤੋਂ ਬਾਅਦ ਸੁਸ਼ਾਂਤ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ। ਉਸ ਨੇ ‘ਸ਼ੁੱਧ ਦੇਸੀ ਰੋਮਾਂਸ’, ‘ਪੀਕੇ’, ‘ਰਾਬਤਾ’, ‘ਡਿਟੈਕਟਿਵ ਬਯੋਮਕੇਸ਼ ਬਖਸ਼ੀ’, ‘ਐੱਮ. ਐੱਸ. ਧੋਨੀ’, ‘ਕੇਦਾਰਨਾਥ’, ‘ਸੋਨਚਿੜੀਆ’, ‘ਛਿਛੋਰੇ’ ਤੇ ‘ਡਰਾਈਵ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਸੀ। ਇਕ-ਦੋ ਫ਼ਿਲਮਾਂ ਨੂੰ ਛੱਡ ਕੇ ਸੁਸ਼ਾਂਤ ਦੀ ਬਾਕੀ ਸਾਰੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਹਿੱਟ ਰਹੀਆਂ ਸਨ।

‘ਐੱਮ. ਐੱਸ. ਧੋਨੀ’ ’ਚ ਨਿਭਾਈ ਸ਼ਾਨਦਾਰ ਭੂਮਿਕਾ
ਸੁਸ਼ਾਂਤ ਦੀ ਬੈਸਟ ਫ਼ਿਲਮ ਦੀ ਗੱਲ ਕਰੀਏ ਤਾਂ ‘ਐੱਮ. ਐੱਸ. ਧੋਨੀ’ ਨਾਲੋਂ ਬਿਹਤਰ ਸ਼ਾਇਦ ਹੀ ਕੋਈ ਹੋਰ ਫ਼ਿਲਮ ਹੋਵੇਗੀ। ਇਸ ਫ਼ਿਲਮ ’ਚ ਸੁਸ਼ਾਂਤ ਨੇ ਸ਼ਾਨਦਾਰ ਅਦਾਕਾਰੀ ਕੀਤੀ ਸੀ। ਸੁਸ਼ਾਂਤ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ‘ਐੱਮ. ਐੱਸ. ਧੋਨੀ’ ਫ਼ਿਲਮ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ। ਇਹ ਫ਼ਿਲਮ 2016 ’ਚ ਰਿਲੀਜ਼ ਹੋਈ ਤੇ ਸੁਸ਼ਾਂਤ ਨੂੰ ਸਟਾਰ ਬਣਾ ਦਿੱਤਾ।

ਦਿਹਾਂਤ ਤੋਂ ਬਾਅਦ ਰਿਲੀਜ਼ ਹੋਈ ਆਖਰੀ ਫ਼ਿਲਮ ‘ਦਿਲ ਬੇਚਾਰਾ’
ਸੁਸ਼ਾਂਤ ਸਿੰਘ ਰਾਜਪੂਤ ਦਾ ਦਿਹਾਂਤ 14 ਜੂਨ, 2020 ਨੂੰ ਹੋਇਆ ਸੀ। ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’ ਨੂੰ ਰਿਲੀਜ਼ ਕੀਤਾ ਗਿਆ ਸੀ। ਮੁਕੇਸ਼ ਛਾਬੜਾ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਸੰਜਨਾ ਸਾਂਘੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਹੀਰੋਇਨ ਸੀ। ਇਸ ਫ਼ਿਲਮ ਨੇ ਦਰਸ਼ਕਾਂ ਨੂੰ ਖੂਬ ਰੁਲਾਇਆ ਸੀ।

ਨੋਟ– ਤੁਹਾਨੂੰ ਸੁਸ਼ਾਂਤ ਦੀ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਰਜੁਨ ਬਿਜਲਾਨੀ ਨੂੰ ਆਈ ਸੁਸਾਂਤ ਸਿੰਘ ਦੀ ਯਾਦ, ਸਾਂਝੀ ਕੀਤੀ ਭਾਵੁਕ ਪੋਸਟ
NEXT STORY