ਫਰੀਦਕੋਟ (ਹਾਲੀ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਪੰਜਾਬ ਵੱਲੋਂ 15 ਤੋਂ 17 ਨਵੰਬਰ 2018 (ਤਿੰਨ ਦਿਨਾਂ) ਰੋਜ਼ਗਾਰ ਮੇਲਾ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਆਦੇਸ਼ ਇੰਸਟੀਚਿਊਟ ਆਫ ਇੰਜੀਨਿਅਰਿੰਗ ਅਤੇ ਟੈਕਨਾਲੋਜੀ ਕਾਲਜ ਫਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ 30 ਦੇ ਕਰੀਬ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਕੋਲ ਕੁੱਲ 990 ਆਸਾਮੀਆਂ ਮੌਜੂਦ ਹਨ। ਇਸ ਰੋਜ਼ਗਾਰ ਮੇਲੇ ’ਚ ਵੱਖ-ਵੱਖ ਅਕਾਦਮਿਕ ਯੋਗਤਾਵਾਂ ਵਾਲੇ ਬੇਰੋਜ਼ਗਾਰ ਉਮੀਦਵਾਰ ਜਿਵੇਂ ਕਿ ਅੱਠਵੀਂ, ਦਸਵੀਂ, ਬਾਰ੍ਹਵੀਂ, ਬੀ. ਏ., ਬੀ. ਟੈੱਕ, ਇੰਜੀਨੀਅਰਿੰਗ ਡਿਪਲੋਮਾ, ਆਈ. ਟੀ. ਆਈ., ਐੱਮ. ਬੀ. ਏ., ਬੀ. ਬੀ. ਏ., ਐੱਮ. ਏ., ਬੀ. ਐੱਡ., ਆਦਿ ਪਾਸ ਬੇਰੋਜ਼ਗਾਰ ਨੌਕਰੀਆਂ ਪ੍ਰਾਪਤ ਕਰਨ ਲਈ ਇੰਟਰਵਿਊ ਦੇ ਸਕਦੇ ਹਨ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਬੇਰੋਜ਼ਗਾਰ ਉਮੀਦਵਾਰ ਵੀ ਰੋਜ਼ਗਾਰ ਮੇਲੇ ਵਿਚ ਮੌਜੂਦ ਵੱਖ-ਵੱਖ ਵਿਭਾਗਾਂ ਜਿਵੇਂ ਕਿ ਜ਼ਿਲਾ ਉਦਯੋਗ ਕੇਂਦਰ, ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ, ਰੂਰਲ ਸੈਲਫ ਇੰਮਪਲਾਇਮੈਂਟ ਟਰੇਨਿੰਗ ਇੰਸਟੀਚਿਊਟ, ਕ੍ਰਿਸ਼ੀ ਵਿਗਿਆਨ ਕੇਂਦਰ, ਅਤੇ ਐਸ.ਸੀ. ਫਾਇਨਾਂਸ ਕਾਰਪੋਰੇਸ਼ਨ ਆਦਿ ਵਿਭਾਗਾਂ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਲਈ ਉਮੀਦਵਾਰ ਪੰਜਾਬ ਸਰਕਾਰ ਵੱਲੋਂ ਸੰਚਾਲਿਤ ਵੈਬਸਾਈਟ ’ਤੇ ਰਜਿਸਟਰ ਕਰਨ। ਡਿਪਟੀ ਕਮਿਸ਼ਨਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਦੇਸ਼ ਕਾਲਜ ਫਰੀਦਕੋਟ ਵਿਖੇ 15, 16 ਅਤੇ 17 ਨਵੰਬਰ 2018 ਨੂੰ ਪਹੁੰਚ ਕੇ ਆਪਣੀ-ਆਪਣੀ ਇਨਰੋਲਮੈਂਟ ਕਰਵਾਉਣ ਅਤੇ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਜਾਂ ਸਵੈ ਰੋਜ਼ਗਾਰ ਪ੍ਰਾਪਤ ਕਰਨ।
ਬਠਿੰਡਾ ਰੋਸ ਰੈਲੀ ਲਈ ਪੈਨਸ਼ਨਰਾਂ ਦਾ ਵੱਡਾ ਕਾਫਿਲਾ ਰਵਾਨਾ
NEXT STORY