ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਵਿਚ ਨਸ਼ੇੜਿਆਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ। ਸ਼ਹਿਰ ਦੀ ਫਰੀਦਕੋਟ ਰੋਡ 'ਤੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਵਾਲੀ ਗਲੀ 'ਚ ਬਣੇ ਆਸਥਾ, ਬਾਂਸਲ ਹਸਪਤਾਲ ਵਾਲੀ ਗਲੀ ਵਿਚ ਰਹਿੰਦੇ ਹੈਪੀ ਬਿੰਦਰਾ, ਅਮਨਦੀਪ, ਜਸਵਿੰਦਰ, ਡਾ. ਮਨਜੀਤ ਸਿੰਘ, ਰਮਨ ਬਰਾੜ, ਕਾਲਾ ਗਿਰਧਰ, ਸਾਧੂ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਪੁਲਸ ਥਾਣੇ ਦੇ ਪਿੱਛੇ ਬਣੇ ਰਿਹਾਸ਼ੀ ਕੁਆਰਟਰਾਂ ਦੇ ਪਿੱਛੇ ਖਾਲੀ ਜਗ੍ਹਾ 'ਤੇ ਨਾਲ ਲੱਗਦੀ ਰੇਲਵੇ ਲਾਈਨ ਦੇ ਕੋਲ ਪਈ ਖਾਲ੍ਹੀ ਜਗ੍ਹਾ 'ਚ ਸਵੇਰੇ ਦੁਪਹਿਰ ਸ਼ਾਮ ਨੂੰ ਵੱਡੀ ਸੰਖਿਆ ਵਿਚ ਨਸ਼ੇੜੀ ਜੋ ਕਿ ਦਿਨ ਰਾਤ ਨਸ਼ੇ ਦੇ ਟੀਕੇ ਲਗਾਉਣ ਲਈ ਬੈਠੇ ਹੁੰਦੇ ਹਨ ਅਤੇ ਨਸ਼ਾ ਕਰਦੇ ਹਨ। ਨਸ਼ੇ ਦੇ ਟੀਕੇ ਲਾਣ ਤੋਂ ਬਾਅਦ ਸਰਿੰਜ ਤੇ ਖਾਲੀ ਬੋਤਲਾਂ ਉਥੇ ਸੁੱਟ ਕੇ ਚਲੇ ਜਾਂਦੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਨੂੰ ਕਈ ਵਾਰ ਇਸ ਸਬੰਧੀ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਗਲੀਆਂ ਵਿਚ ਖੇਡ ਨਹੀਂ ਸਕਦੇ। ਗਲੀ ਵਿਚ ਜਾਣ ਲੱਗਿਆਂ ਡਰ ਲੱਗਦਾ ਹੈ ਕਿਉਂਕਿ ਨਾਲ ਹੀ ਖਾਲ੍ਹੀ ਪਲਾਟ ਵਿਚ ਇੰਜੈਕਸ਼ਨ ਦੀਆਂ ਸਰਿੰਜਾਂ ਅਤੇ ਕਈ ਹੋਰ ਪ੍ਰਕਾਰ ਦੀਆਂ ਚੀਜ਼ਾਂ ਜੋ ਕਿ ਨਸ਼ੇ 'ਚ ਇਸਤੇਮਾਲ ਹੁੰਦੀਆ ਹਨ ਪਈਆਂ ਰਹਿੰਦੀਆਂ ਹਨ। ਇਸ ਨਾਲ ਬੱਚਿਆਂ ਨੂੰ ਇਨਫੈਕਸ਼ਨ ਨਾ ਹੋ ਜਾਵੇ ਜਾਂ ਕੋਈ ਭਿਆਨਕ ਬਿਮਾਰੀ ਨਾ ਲੱਗ ਜਾਵੇ। ਲੋਕਾਂ ਨੇ ਪੁਲਸ ਨੂੰ ਅਪੀਲ ਕੀਤੀ ਕਿ ਨਸ਼ੇੜਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਉਹ ਸੁੱਖ ਦਾ ਸਾਹ ਲੈ ਸਕਣ।
ਹੈਰੋਇਨ ਦਾ ਸੇਵਨ ਕਰਦੇ ਹੋਏ ਇਕ ਗ੍ਰਿਫ਼ਤਾਰ
NEXT STORY