ਗੈਜੇਟ ਡੈਸਕ– ਕੰਜਿਊਮਰ ਤਕਨੀਕ ਖੇਤਰ ਦੀ ਕੰਪਨੀ ਐਪਲ 2021 ਦੇ ਅੱਧ ਤੱਕ ਆਈਫੋਨ 12 ਦਾ ਭਾਰਤ ’ਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਆਈਫੋਨ ਐੱਸ. ਈ. ਦਾ ਉਤਪਾਦਨ ਇਸੇ ਸਾਲ ਦੇ ਅਖੀਰ ਤੱਕ ਦੇਸ਼ ’ਚ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਭਾਰਤ ’ਚ ਆਪਣਾ 7ਵੇਂ ਆਈਫੋਨ ਮਾਡਲ ਦਾ ਉਤਪਾਦਨ ਸ਼ੁਰੂ ਕਰ ਦੇਵੇਗੀ।
ਹੁਣ ਤੱਕ ਐਪਲ ਆਪਣੇ 5 ਸਮਾਰਟਫੋਨ ਮਾਡਲ ਦਾ ਸਥਾਨਕ ਪੱਧਰ ’ਤੇ ਉਤਪਾਦਨ ਕਰ ਚੁੱਕੀ ਹੈ। ਇਨ੍ਹਾਂ ’ਚ ਆਈਫੋਨ ਐੱਸ. ਈ., 6ਐੱਸ, 7, ਐਕਸ. ਆਰ ਅਤੇ ਆਈਫੋਨ 11 ਸ਼ਾਮਲ ਹਨ। ਆਈਫੋਨ ਐੱਸ. ਈ. ਨੂੰ ਇਸ ਸਾਲ ਅਪ੍ਰੈਲ ’ਚ ਬਾਜ਼ਾਰ ’ਚ ਉਤਾਰਿਆ ਗਿਆ ਸੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਹ ਫੋਨ ਮੇਡ-ਇਨ-ਇੰਡੀਆ ਟੈਗ ਨਾਲ ਸਥਾਨਕ ਬਾਜ਼ਾਰ ’ਚ ਉਪਲਬਧ ਹੋ ਜਾਵੇਗਾ।
ਸੂਤਰਾਂ ਮੁਤਾਬਕ ਐਪਲ ਦੀ ਨਿਰਮਾਣ ਸਾਂਝੇਦਾਰ ਵਿਸਟ੍ਰਾਨ ਬੇਂਗਲੁਰੂ ਪਲਾਂਟ ’ਚ ਇਸ ਯੋਜਨਾ ਨੂੰ ਪ੍ਰਯੋਗੀ ਤੌਰ ’ਤੇ ਸ਼ੁਰੂ ਕਰ ਚੁੱਕੀ ਹੈ। ਠੇਕੇ ’ਤੇ ਉਤਪਾਦਨ ਕਰਨ ਵਾਲੀ ਤਾਈਵਾਨ ਦੀ ਇਸ ਕੰਪਨੀ ਨੇ 2900 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਇਸ ਲਈ ਕਰਮਚਾਰੀਆਂ ਦੀਆਂ ਭਰਤੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਵਿਸਟ੍ਰਾਨ ਦੀ ਯੋਜਨਾ ਪੜਾਅਬੱਧ ਤਰੀਕੇ ਨਾਲ 10,000 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਹੈ ਜਦੋਂ ਕਿ 1000 ਕਰਮਚਾਰੀਆਂ ਦੇ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਅਕਤੂਬਰ ਤੋਂ ਇਹ ਪਲਾਂਟ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ।
ਕਰਨਾਟਕ ਦਾ ਨਵਾਂ ਪਲਾਂਟ ਆਉਣ ਵਾਲੇ ਆਈਫੋਨ 12 ਲਈ ਹੋਵੇਗਾ
ਵਿਸਟ੍ਰਾਨ ਦੀ ਉਤਪਾਦਨ ਸਮਰੱਥਾ ਵਧਾਉਣਾ ਐਪਲ ਦੇ ਟੀਚੇ ਮੁਤਾਬਕ ਹੈ ਕਿਉਂਕਿ ਕੰਪਨੀ ਛੇਤੀ ਤੋਂ ਛੇਤੀ ਆਪਣੇ ਨਵੇਂ ਮਾਡਲਾਂ ਨੂੰ ਭਾਰਤ ’ਚ ਬਣਾਉਣਾ ਚਾਹੁੰਦੀ ਹੈ। ਸੂਤਰਾਂ ਨੇ ਕਿਹਾ ਕਿ ਨਰਸਾਪੁਰਾ (ਕਰਨਾਟਕ) ਦਾ ਨਵਾਂ ਪਲਾਂਟ ਆਉਣ ਵਾਲੇ ਆਈਫੋਨ 12 ਲਈ ਹੋਵੇਗਾ। ਉਥੇ ਹੀ ਮੌਜੂਦਾ ਪਲਾਂਟ ’ਚ ਆਈਫੋਨ ਐੱਸ. ਈ. ਦਾ ਉਤਪਾਦਨ ਕੀਤਾ ਜਾਵੇਗਾ। ਆਈਫੋਨ 12 ਬ੍ਰਾਂਡ ਨਾਂ ਦੇ ਤਹਿਤ ਨਵੀਂ ਸੀਰੀਜ਼ ਵਾਲੇ ਫੋਨ ਵੀ ਅਕਤੂਬਰ ਤੱਕ ਕੌਮਾਂਤਰੀ ਪੱਧਰ ’ਤੇ ਉਤਾਰੇ ਜਾ ਸਕਦੇ ਹਨ। ਆਈਫੋਨ 11 ਵਾਂਗ ਹੀ ਐਪਲ ਆਈਫੋਨ 12 ਨੂੰ ਵੀ ਬਾਜ਼ਾਰ ’ਚ ਲਿਆਉਣ ਦੇ ਇਕ ਸਾਲ ਦੇ ਅੰਦਰ ਭਾਰਤ ’ਚ ਉਤਪਾਦਨ ਸ਼ੁਰੂ ਕਰ ਦੇਵੇਗੀ। 2021 ਦੀ ਪਹਿਲੀ ਛਿਮਾਹੀ ’ਚ ਇਸ ਦਾ ਦੇਸ਼ ’ਚ ਉਤਪਾਦਨ ਹੋਣ ਲੱਗੇਗਾ।
ਐਪਲ ਭਾਰਤ ’ਚ ਲਗਾ ਰਹੀ ਪੂਰਾ ਦਾਅ
ਐਪਲ ਭਾਰਤ ’ਚ ਪੂਰਾ ਦਾਅ ਲਗਾ ਰਹੀ ਹੈ। 2017 ’ਚ ਵਿਸਟ੍ਰਾਨ ਨੇ ਬੇਂਗਲੁਰੂ ਪਲਾਂਟ ’ਚ ਆਈਫੋਨ ਐੱਸ. ਈ. ਦਾ ਉਤਪਾਦਨ ਸ਼ੁਰੂ ਕੀਤਾ ਸੀ ਅਤੇ ਇਕ ਸਾਲ ਬਾਅਦ 6ਐੱਸ. ਵੀ ਬਣਾਉਣ ਲੱਗੀ। ਹਾਲਾਂਕਿ ਨਵੇਂ ਮਾਡਲ ਦੇ ਆਉਣ ਨਾਲ ਪੁਰਾਣੇ ਮਾਡਲ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ, ਜਿਸ ਨਾਲ ਵਿਸਟ੍ਰਾਨ ਕੋਲ ਵਾਧੂ ਸਮਰੱਥਾ ਹੋ ਗਈ। ਇਹ ਚੀਨ ’ਤੇ ਉਤਪਾਦਨ ਨਿਰਭਰਤਾ ਘੱਟ ਕਰਨ ਦੇ ਐਪਲ ਦੀ ਯੋਜਨਾ ਦਾ ਹਿੱਸਾ ਹੈ। ਉਤਪਾਦਨ ਆਧਾਰਿਤ ਉਤਸ਼ਾਹ ਯੋਜਨਾ ਵਰਗੇ ਪ੍ਰੋਗਰਾਮਾਂ ਨਾਲ ਸਥਾਨਕ ਉਤਪਾਦਨ ਨੂੰ ਉਤਸ਼ਾਹ ਮਿਲਿਆ ਹੈ। ਫਿਲਹਾਲ ਐਪਲ ਦੀ ਵੱਡੀ ਨਿਰਮਾਣ ਸਾਂਝੇਦਾਰ ਫਾਕਸਕਾਨ ਹੈਦਰਾਬਾਦ ਕੋਲ ਸ਼੍ਰੀਸਿਟੀ ’ਚ ਆਈਫੋਨ 7, ਐਕਸ. ਆਰ. ਅਤੇ ਆਈਫੋਨ 11 ਨੂੰ ਅਸੈਂਬਲ ਕਰਦੀ ਹੈ।
6000 ਰੁਪਏ ਤੋਂ ਸਸਤਾ ਫੋਨ ਲਿਆ ਰਹੀ ਇਹ ਕੰਪਨੀ, ਭਾਰਤ ’ਚ ਵਾਪਸੀ ਦੀ ਤਿਆਰੀ
NEXT STORY