ਗੈਜੇਟ ਡੈਸਕ– ਯੂਨਾਈਟਿਡ ਕਿੰਗਡਮ ’ਚ ਹੁਣ ਕੁਝ ਟਰੇਨਾਂ ਅਜਿਹੀ ਰੇਲ ਲਾਈਨ ’ਤੇ ਕੰਮ ਕਰਨਗੀਆਂ, ਜੋ ਪੂਰੀ ਤਰ੍ਹਾਂ ਸੋਲਰ ਫਾਰਮ ਰਾਹੀਂ ਸੰਚਾਲਿਤ ਹੋਣਗੀਆਂ। ਸੂਰਜੀ ਊਰਜਾ ਨਾਲ ਪੈਦਾ ਹੋਈ ਬਿਜਲੀ ਨਾਲ ਇਨ੍ਹਾਂ ਟਰੇਨਾਂ ਨੂੰ ਪਾਵਰ ਮਿਲੇਗੀ ਅਤੇ ਉਹ ਰੋਜ਼ਾਨਾ ਦੀ ਜ਼ਿੰਦਗੀ ਵਿਚ ਮੁਸਾਫਰਾਂ ਨੂੰ ਸਫਰ ਕਰਵਾਉਣਗੀਆਂ। ਇਲੈਕਟ੍ਰਿਕ ਟਰੇਨਾਂ ਦੀ ਬਿਜਲੀ ਦੀ ਸਪਲਾਈ ਲਈ ਟਰੈਕ ਨਾਲ ਸੋਲਰ ਫਾਰਮ ਬਣਾਇਆ ਗਿਆ ਹੈ, ਜੋ ਬਿਜਲੀ ਪੈਦਾ ਕਰਨ ਤੋਂ ਇਲਾਵਾ ਉਸ ਨੂੰ ਸਟੋਰ ਵੀ ਕਰੇਗਾ, ਜਿਸ ਨਾਲ ਟਰੇਨਾਂ ਕੰਮ ਕਰਨਗੀਆਂ।

ਸੋਲਰ ਫਾਰਮ ’ਚ ਲੱਗੇ 100 ਪੈਨਲ
ਰੇਲ ਲਾਈਨਾਂ ਦੇ ਨਾਲ ਬਣਾਏ ਗਏ ਸੋਲਰ ਫਾਰਮ ਵਿਚ ਰਾਈਡਿੰਗ ਸਨਬੀਮਸ ਕੰਪਨੀ ਵਲੋਂ 100 ਸੋਲਰ ਪੈਨਲ ਲਾਏ ਗਏ ਹਨ, ਜੋ ਟਰੇਨ ਨੂੰ ਬਿਜਲੀ ਦੇਣ ਤੋਂ ਇਲਾਵਾ ਟਰੈਕ ’ਤੇ ਲੱਗੀਆਂ ਲਾਈਟਾਂ ਤੇ ਸਿਗਨਲਾਂ ਨੂੰ ਵੀ ਪਾਵਰ ਦੇਣਗੇ।
ਇਹ ਸੇਵਾ ਸਭ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਦੇ ਦੇਸ਼ ਇੰਗਲੈਂਡ ਦੇ ਕਸਬੇ ਐਲਡਰਸ਼ੋਟ ਵਿਚ ਸ਼ੁਰੂ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸੇਵਾ ਸ਼ੁਰੂ ਹੋਣ ਤੋਂ ਬਾਅਦ ਯੂਨਾਈਟਿਡ ਕਿੰਗਡਮ ’ਚ ਇਸ ਨੂੰ ਹੋਰ ਉਤਸ਼ਾਹ ਮਿਲੇਗਾ।

ਸਭ ਤੋਂ ਪਹਿਲਾਂ ਸੂਰਜੀ ਊਰਜਾ ’ਤੇ ਚਲਾਏ ਗਏ ਸਨ ਰੇਲਵੇ ਸਟੇਸ਼ਨ
ਦੱਸ ਦੇਈਏ ਕਿ ਰੇਲ ਲਾਈਨਾਂ ਨੂੰ ਸੂਰਜੀ ਊਰਜਾ ’ਤੇ ਕਰਨ ਦਾ ਕੰਮ ਰੇਲਵੇ ਸਟੇਸ਼ਨਾਂ ਤੋਂ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਦੇ ਕੁਝ ਰੇਲਵੇ ਸਟੇਸ਼ਨਾਂ ਨੂੰ ਸੂਰਜੀ ਊਰਜਾ ਦੀ ਮਦਦ ਨਾਲ ਸੰਚਾਲਿਤ ਕੀਤਾ ਗਿਆ, ਜਿਸ ਤੋਂ ਬਾਅਦ ਇਹ ਪ੍ਰਕਿਰਿਆ ਅੱਗੇ ਵਧੀ।
ਪੈਸਿਆਂ ਦੀ ਹੋਈ ਬੱਚਤ
ਰੇਲਵੇ ਸਟੇਸ਼ਨਾਂ ਨੂੰ ਸੋਲਰ ਪਾਵਰ ’ਤੇ ਚਲਾਉਣ ਨਾਲ ਸਰਕਾਰ ਨੂੰ ਕਈ ਬਿਲੀਅਨ ਪੌਂਡਾਂ ਦੀ ਬੱਚਤ ਹੋਈ, ਜਿਸ ਤੋਂ ਬਾਅਦ ਇਹ ਯੋਜਨਾ ਅੱਗੇ ਵਧਾਈ ਗਈ। ਹੁਣ ਤਾਂ ਇਸ ਨਾਲ ਇਲੈਕਟ੍ਰਿਕ ਟਰੇਨਾਂ ਨੂੰ ਵੀ ਸੰਚਾਲਿਤ ਕੀਤਾ ਗਿਆ ਹੈ।

UK ਦੀ ਸਰਕਾਰ ਨੇ ਲਿਆ ਵੱਡਾ ਫੈਸਲਾ
ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦਿਆਂ UK ਦੀ ਸਰਕਾਰ ਨੇ ਰੇਲਵੇ ਲਾਈਨਾਂ ਨੂੰ ਸੋਲਰ ਪਾਵਰ ’ਤੇ ਕਰਨ ਤੋਂ ਇਲਾਵਾ ਇਕ ਹੋਰ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਟੀਚਾ ਰੱਖਿਆ ਹੈ ਕਿ ਸਾਲ 2040 ਤਕ ਸਾਰੀਆਂ ਰੇਲ ਲਾਈਨਾਂ ’ਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣਾਂ ਨੂੰ ਰੋਕ ਦਿੱਤਾ ਜਾਵੇਗਾ ਅਤੇ ਬਿਜਲੀ ਨਾਲ ਕੰਮ ਕਰਨ ਵਾਲੇ ਇੰਜਣਾਂ ਦੀ ਹੀ ਵਰਤੋਂ ਕੀਤੀ ਜਾਵੇਗੀ।
ਭਾਰਤ ਦੀ ਵੀ ਹੈ ਸੋਲਰ ਫਾਰਮ ਸਥਾਪਤ ਕਰਨ ਦੀ ਯੋਜਨਾ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿਚ ਵੀ 250 ਤੋਂ ਜ਼ਿਆਦਾ ਟਰੇਨਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀਆਂ ਛੱਤਾਂ ਉੱਪਰ ਸੋਲਰ ਪੈਨਲ ਲੱਗੇ ਹਨ। ਭਾਰਤ ਦੀ ਵੀ ਟਰੈਕ ਨਾਲ ਸੋਲਰ ਫਾਰਮ ਸਥਾਪਤ ਕਰਨ ਦੀ ਯੋਜਨਾ ਹੈ। ਆਸ ਹੈ ਕਿ 10 ਸਾਲਾਂ ਵਿਚ ਇਹ ਪਹਿਲਾ ਪੂਰੀ ਤਰ੍ਹਾਂ ਗ੍ਰੀਨ ਰੇਲਵੇ ਨੈੱਟਵਰਕ ਭਾਰਤ ਵਿਚ ਹੋਵੇਗਾ।
ਹੈਂਡਸੈੱਟ ਦੇ ਤੈਅ ਮਿਆਰ ਤੋਂ ਜ਼ਿਆਦਾ RF ਰੇਡੀਏਸ਼ਨ ਹੋਣ ’ਤੇ Apple, Samsung ’ਤੇ ਕੇਸ
NEXT STORY