ਨਵੀਂ ਦਿੱਲੀ: ਭੱਜ-ਦੌੜ ਅਤੇ ਰੁੱਝੇ ਲਾਈਫਸਟਾਈਲ ਦਾ ਅਸਰ ਸਾਡੀ ਸਿਹਤ ’ਤੇ ਪੈਂਦਾ ਹੈ। ਖ਼ਾਸ ਤੌਰ ’ਤੇ ਘੰਟਿਆਂ ਤੱਕ ਲੈਪਟਾਪ, ਕੰਪਿਊਟਰ, ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਸਿਰਦਰਦ ਦੀ ਸਮੱਸਿਆ ਹੁੰਦੀ ਹੈ। ਇਸ ਦੇ ਪਿੱਛੇ ਦਾ ਇਕ ਕਾਰਨ ਚਿੰਤਾ, ਥਕਾਵਟ ਅਤੇ ਤਣਾਅ ਵੀ ਮੰਨਿਆ ਜਾਂਦਾ ਹੈ। ਅਜਿਹੇ ’ਚ ਕਈ ਵਾਰ ਤਾਂ ਇਹ ਦਰਦ ਘੰਟਿਆਂ ਤੱਕ ਪ੍ਰੇਸ਼ਾਨ ਕਰਦਾ ਹੈ। ਉਂਝ ਤਾਂ ਇਸ ਤੋਂ ਨਿਜ਼ਾਤ ਪਾਉਣ ਲਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਵਾਰ-ਵਾਰ ਦਵਾਈ ਖਾਣ ਨਾਲ ਸਿਹਤ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਅਜਿਹੇ ’ਚ ਤੁਸੀਂ ਵੀ ਸਿਰਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਹੈਲਦੀ ਹੋਮਮੇਡ ਤਰਲ ਪਦਾਰਥ ਦੱਸਦੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਸਿਰਦਰਦ ਤੋਂ ਛੁਟਕਾਰਾ ਮਿਲਣ ਦੇ ਨਾਲ ਤੁਹਾਨੂੰ ਤਾਜ਼ਾ ਮਹਿਸੂਸ ਹੋਵੇਗਾ।
ਪੁਦੀਨੇ ਦੀ ਚਾਹ
ਪੁਦੀਨੇ ’ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦੀ ਚਾਹ ਪੀਣ ਨਾਲ ਸਿਰਦਰਦ ਠੀਕ ਹੋਣ ਦੇ ਨਾਲ ਅਪਚ, ਉਲਟੀ ਦੀ ਪ੍ਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਹੈ। ਤਣਾਅ ਦੂਰ ਹੋ ਕੇ ਠੰਡਕ ਅਤੇ ਤਾਜ਼ਾ ਮਹਿਸੂਸ ਹੁੰਦਾ ਹੈ।
ਪੁਦੀਨੇ ਵਾਲੀ ਚਾਹ ਬਣਾਉਣ ਦੀ ਵਿਧੀ
1. ਇਕ ਪੈਨ ’ਚ ਇਕ ਕੱਪ ਪਾਣੀ ਅਤੇ ਪੁਦੀਨੇ ਦੀਆਂ ਕੁਝ ਪੱਤੀਆਂ ਪਾਓ।
2. ਹੁਣ ਇਸ ’ਚ ਚੁਟਕੀ ਭਰ ਕਾਲੀ ਮਿਰਚ ਅਤੇ ਸੁਆਦ ਅਨੁਸਾਰ ਕਾਲਾ ਲੂਣ ਮਿਲਾਓ।
3. 5 ਮਿੰਟ ਤੱਕ ਇਸ ਨੂੰ ਉਬਾਲ ਕੇ ਛਾਣ ਲਓ।
4. ਤਿਆਰ ਚਾਹ ਨੂੰ ਕੋਸਾ ਕਰਕੇ ਪੀਣ ਦਾ ਮਜ਼ਾ ਲਓ।
ਬਾਦਾਮ ਵਾਲਾ ਦੁੱਧ
ਬਾਦਾਮ ਅਤੇ ਦੁੱਧ ’ਚ ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟ ਆਦਿ ਗੁਣ ਹੁੰਦੇ ਹਨ। ਅਜਿਹੇ ’ਚ ਮੌਜੂਦ ਮੈਗਨੀਸ਼ੀਅਮ ਮਾਈਗ੍ਰੇਨ ਦੇ ਦਰਦ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ। ਮਾਹਿਰਾਂ ਵੱਲੋਂ ਵੀ ਸਿਰਦਰਦ ਦੀ ਸਮੱਸਿਆ ਹੋਣ ’ਤੇ ਬਾਦਾਮ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਾਦਾਮ ਵਾਲਾ ਦੁੱਧ ਬਣਾਉਣ ਦੀ ਵਿਧੀ
1. ਇਸ ਨੂੰ ਬਣਾਉਣ ਲਈ 4-5 ਬਾਦਾਮਾਂ ਨੂੰ ਮਿਕਸੀ ’ਚ ਪੀਸ ਕੇ ਪੇਸਟ ਬਣਾਓ।
2. ਫਿਰ 1 ਗਿਲਾਸ ਦੁੱਧ ਨੂੰ ਗਰਮ ਕਰਕੇ ਉਸ ’ਚ ਬਾਦਾਮ ਅਤੇ ਸ਼ਹਿਦ ਮਿਲਾਓ।
3. ਤਿਆਰ ਬਾਦਾਮ ਵਾਲੇ ਦੁੱਧ ਨੂੰ ਸੌਣ ਤੋਂ ਪਹਿਲਾਂ ਪੀਣ ਦਾ ਮਜ਼ਾ ਲਓ।
ਅਦਰਕ ਦਾ ਰਸ
ਅਦਰਕ ’ਚ ਵਿਟਾਮਿਨ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੋਣ ਨਾਲ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਹਮੇਸ਼ਾ ਕੁਝ ਲੋਕ ਸਿਰਦਰਦ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਦਰਕ ਵਾਲੀ ਚਾਹ ਪੀਂਦੇ ਹਨ ਪਰ ਮਾਹਿਰਾਂ ਵੱਲੋਂ ਇਸ ਦੀ ਚਾਹ ਦੀ ਜਗ੍ਹਾ ਰਸ ਪੀਣਾ ਜ਼ਿਆਦਾ ਲਾਭਕਾਰੀ ਮੰਨਿਆ ਜਾਂਦਾ ਹੈ। ਇਕ ਰਿਸਰਚ ਮੁਤਾਬਕ 100 ਮਾਈਗ੍ਰੇਨ ਮਰੀਜ਼ਾਂ ਨੂੰ ਅਟੈਕ ਦੇ ਸਮੇਂ ਅਦਰਕ ਦਾ ਰਸ ਪਿਲਾਇਆ ਗਿਆ। ਇਸ ਨਾਲ ਉਨ੍ਹਾਂ ਦੀ ਸਿਹਤ ’ਚ ਜ਼ਿਆਦਾ ਸੁਧਾਰ ਦਿਖਾਈ ਦਿੱਤਾ। ਇਸ ਦੀ ਵਰਤੋਂ ਨਾਲ ਸਿਰ ’ਚ ਜਾਣ ਵਾਲੇ ਖ਼ੂਨ ਦਾ ਬੈਲੇਂਸ ਰੱਖਣ ’ਚ ਮਦਦ ਮਿਲਦੀ ਹੈ।
ਅਦਰਕ ਦਾ ਰਸ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੈਨ ’ਚ 1 ਕੱਪ ਪਾਣੀ ਅਤੇ 1 ਇੰਚ ਅਦਰਕ ਦੇ ਟੁੱਕੜੇ ਨੂੰ ਪੀਸ ਕੇ ਪਾਓ।
2. ਹੌਲੀ ਅੱਗ ’ਤੇ 1-2 ਉਬਾਲ ਆਉਣ ਦਿਓ।
3. ਤਿਆਰ ਪਾਣੀ ਨੂੰ ਛਾਣਨੀ ਨਾਲ ਛਾਣ ਕੇ ਇਸ ’ਚ 1 ਛੋਟਾ ਚਮਚਾ ਨਿੰਬੂ ਦਾ ਰਸ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਪੀਓ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਤੁਲਸੀ ਵਾਲੀ ਚਾਹ
ਤੁਲਸੀ ’ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਤਿਆਰ ਚਾਹ ਦੀ ਵਰਤੋਂ ਕਰਨ ਨਾਲ ਸਿਰਦਰਦ ਘੱਟ ਹੋਣ ਦੇ ਨਾਲ-ਨਾਲ ਤਾਜ਼ਾ ਮਹਿਸੂਸ ਵੀ ਹੁੰਦਾ ਹੈ। ਇਹ ਮੌਜੂਦ ਐਂਟੀ-ਸਟਰੈੱਸ ਗੁਣ ਤਣਾਅ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਨਾਲ ਹੀ ਇਮਿਊਨਿਟੀ ਵਧਣ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਮਾਈਗ੍ਰੇਨ ਅਤੇ ਸਾਈਨਸ ਦੀ ਸਮੱਸਿਆ ਹੋਣ ’ਤੇ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ।
ਤੁਲਸੀ ਵਾਲੀ ਚਾਹ ਬਣਾਉਣ ਦੀ ਵਿਧੀ
1. ਪੈਨ ’ਚ 2 ਕੱਪ ਪਾਣੀ ਅਤੇ ਤੁਲਸੀ ਦੀਆਂ 15 ਪੱਤੀਆਂ ਤੋੜ ਕੇ ਉਬਾਲੋ।
2. ਪਾਣੀ ਦੇ ਅੱਧਾ ਹੋਣ ’ਤੇ ਇਸ ਨੂੰ ਅੱਗ ਤੋਂ ਉਤਾਰ ਲਓ।
3. ਤਿਆਰ ਚਾਹ ਨੂੰ ਛਾਣ ਕੇ ਉਸ ’ਚ ਸ਼ਹਿਦ ਮਿਲਾਓ ਅਤੇ ਪੀਣ ਦਾ ਮਜ਼ਾ ਲਓ।
ਸਿਰਦਰਦ ਦੀ ਸਮੱਸਿਆ ਤੋਂ ਬਚਣ ਦੇ ਹੋਰ ਉਪਾਅ
1. ਲੌਂਗ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਲੌਂਗ ਸਿਰਦਰਦ ਨੂੰ ਘੱਟ ਕਰਕੇ ਰਿਲੈਕਸ ਮਹਿਸੂਸ ਕਰਵਾਉਣ ’ਚ ਮਦਦ ਕਰੇਗਾ।
2. ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਦਾਲਚੀਨੀ ਵੀ ਕਾਰਗਰ ਮੰਨੀ ਜਾਂਦੀ ਹੈ। ਇਸ ਲਈ 1 ਵੱਡਾ ਚਮਚਾ ਦਾਲਚੀਨੀ ਪਾਊਡਰ ’ਚ ਮਿਲਾ ਕੇ ਗੁੜ੍ਹਾ ਪੇਸਟ ਬਣਾਓ। ਇਸ ਦੀ ਸਿਰ ’ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। 30 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ।
3. ਪੁਦੀਨੇ ਦੀਆਂ ਕੁਝ ਪੱਤੀਆਂ ਨੂੰ ਧੋ ਕੇ ਇਸ ਦਾ ਰਸ ਕੱਢੋ। ਫਿਰ ਇਸ ਨਾਲ ਸਿਰ ਦੀ ਮਾਲਿਸ਼ ਕਰੋ। ਬਾਅਦ ’ਚ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ।
4. ਘੱਟ ਮਾਤਰਾ ’ਚ ਪਾਣੀ ਦੀ ਵਰਤੋਂ ਕਰਨ ਨਾਲ ਵੀ ਸਿਰਦਰਦ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਦੀ ਵਰਤੋਂ ਕਰੋ। ਖ਼ਾਸ ਤੌਰ ’ਤੇ ਸਿਰਦਰਦ ਦੀ ਸਮੱਸਿਆ ਹੋਣ ’ਤੇ ਕੋਸੇ ਪਾਣੀ ’ਚ ਨਿੰਬੂ ਦਾ ਰਸ, ਸ਼ਹਿਦ ਮਿਲਾ ਕੇ ਪੀਓ।
5. ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ’ਚ ਜ਼ਰੂਰੀ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ’ਚ ਟਮਾਟਰ, ਪਾਲਕ, ਸਬਜ਼ੀਆਂ ਨਾਲ ਤਿਆਰ ਸੂਪ ਬਣਾ ਕੇ ਇਸ ’ਚ ਚੁਟਕੀਭਰ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਵੀ ਸਿਰਦਰਦ ਤੋਂ ਰਾਹਤ ਮਿਲਦੀ ਹੈ।
6. ਜੇਕਰ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਵੀ ਸਿਰਦਰਦ ਦੀ ਪ੍ਰੇਸ਼ਾਨੀ ਦੂਰ ਨਾ ਹੋਵੇ ਤਾਂ ਬਿਨਾਂ ਦੇਰ ਕੀਤੇ ਡਾਕਟਰ ਨਾਲ ਸੰਪਰਕ ਕਰੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਸਾਵਧਾਨ! ਇਹ ਲੋਕ ਭੁੱਲ ਕੇ ਵੀ ਨਾ ਕਰਨ ਸੌਂਫ਼ ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ
NEXT STORY