ਗੁਰਦਾਸਪੁਰ/ਪਾਕਿਸਤਾਨ,(ਜ. ਬ.)-ਪਾਕਿਸਤਾਨ ’ਚ ਜਨਵਰੀ ਤੋਂ ਜੂਨ 2020 ਤੱਕ 1489 ਨਾਬਾਲਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਪਾਕਿਸਤਾਨ ਦੀ ਮਹਿਲਾ ਫਾਊਂਡੇਸ਼ਨ ਨੇ ਪਾਕਿਸਤਾਨ ਦੀ ਕਾਨੂੰਨ ਵਿਵਸਥਾ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਫਾਊਂਡੇਸ਼ਨ ਅਨੁਸਾਰ ਇਸ ਤਰ੍ਹਾਂ ਪ੍ਰਤੀ ਦਿਨ 8 ਮਾਮਲੇ ਸਾਹਮਣੇ ਆਉਂਦੇ ਹਨ ਪਰ ਇਹ ਤਾਂ ਉਹ ਮਾਮਲੇ ਹਨ, ਜੋ ਪੁਲਸ ਕੋਲ ਰਿਪੋਰਟ ਹੋਏ ਹਨ, ਜਦਕਿ ਇਸ ਤੋਂ 3 ਗੁਣਾ ਉਹ ਮਾਮਲੇ ਹਨ, ਜੋ ਪੁਲਸ ਕੋਲ ਲੋਕਾਂ ਨੇ ਆਪਣੀ ਸ਼ਾਨ ਅਤੇ ਸੁਰੱਖਿਆ ਕਾਰਣ ਰਿਪੋਰਟ ਹੀ ਨਹੀਂ ਕੀਤੇ ਹਨ।
ਵੁਮਨ ਫਾਊਂਡੇਸ਼ਨ ਆਫ ਪਾਕਿਸਤਾਨ ਦੀ ਪ੍ਰਧਾਨ ਰੁਬੀਨਾ ਸਾਦਿਕ ਨੇ ਇਸ ਸਬੰਧੀ ਤਿਆਰ ਰਿਪੋਰਟ ’ਚ ਦੋਸ਼ ਲਾਇਆ ਕਿ ਜੋ 1489 ਕੇਸ ਸਾਹਮਣੇ ਆਏ ਹਨ, ਉਨ੍ਹਾਂ ’ਚ 32 ਫੀਸਦੀ ਕੇਸ ਗੈਰ-ਮੁਸਲਿਮ ਕੁੜੀਆਂ ਦੇ ਹਨ ਅਤੇ ਇਨ੍ਹਾਂ ਗੈਰ-ਮੁਸਲਿਮ ਨਾਬਾਲਗ ਕੁੜੀਆਂ ਦੇ ਮਾਮਲੇ ’ਚ 119 ਗੈਰ-ਮੁਸਲਿਮ ਕੁੜੀਆਂ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਨੇ ਇਨ੍ਹਾਂ 119 ਕੁੜੀਆਂ ਦੀ ਹੱਤਿਆ ਦੇ ਮਾਮਲੇ ’ਚ ਮਾਤਰ 9 ਮੁਲਜ਼ਮਾਂ ਨੂੰ ਹੀ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ।
ਰੁਬੀਨਾ ਸਾਦਿਕ ਨੇ ਦੋਸ਼ ਲਾਇਆ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ’ਚ ਜਨਵਰੀ ਤੋਂ ਜੂਨ 2020 ਤੱਕ ਲਗਭਗ 5 ਹਜ਼ਾਰ ਨਾਬਾਲਗ ਕੁੜੀਆਂ ਨੂੰ ਅਗਵਾ ਕੀਤਾ ਗਿਆ ਹੈ ਪਰ ਪੁਲਸ ਕੋਲ ਰਿਪੋਰਟ ਕਰਨ ’ਚ ਲੋਕ ਡਰਦੇ ਹਨ, ਕਿਉਂਕਿ ਪੁਲਸ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਅਪਮਾਨਿਤ ਕਰਦੀ ਹੈ ਅਤੇ ਕੱਟੜਪੰਥੀਆਂ ਦੇ ਦਬਾਅ ’ਚ ਆ ਕੇ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਜੋ ਕੇਸ ਸਾਹਮਣੇ ਆਏ ਹਨ, ਉਨ੍ਹਾਂ ’ਚ ਮਦਰਾਸਿਆਂ ਦੇ ਮੌਲਵੀਆਂ ਵੱਲੋਂ ਨਾਬਾਲਗ ਕੁੜੀਆਂ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 118, ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਜਬਰ-ਜ਼ਨਾਹ ਕਰਨ ਦੇ 114 ਅਤੇ ਅਧਿਆਪਕਾਂ ਵੱਲੋਂ ਨਾਬਾਲਗ ਕੁੜੀਆਂ ਜੋ ਟਿਊਸ਼ਨ ਪੜ੍ਹਨ ਲਈ ਆਉਂਦੀਆਂ ਹਨ, ਦੇ ਨਾਲ 167 ਮਾਮਲੇ ਪੁਲਸ ਨੇ ਦਰਜ ਕਰ ਰੱਖੇ ਹਨ ਪਰ ਜ਼ਿਆਦਾਤਰ ਕੇਸਾਂ ’ਚ ਪੁਲਸ ਨੇ ਦੋਵਾਂ ਪੱਖਾਂ ’ਚ ਸਮਝੌਤੇ ਕਰਵਾ ਕੇ ਕੇਸਾਂ ਨੂੰ ਰਫਾ-ਦਫਾ ਕਰ ਰੱਖਿਆ ਹੈ।
ਰੁਬੀਨਾ ਸਾਦਿਕ ਅਨੁਸਾਰ ਜਿਸ ਤਰ੍ਹਾਂ ਨਾਲ ਬੀਤੇ ਕੁਝ ਮਹੀਨਿਆਂ ਤੋਂ ਗੈਰ-ਮੁਸਲਿਮ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਤਬਦੀਲ ਕਰਵਾ ਕੇ ਅਗਵਾ ਕਰਨ ਵਾਲਿਆਂ ਨਾਲ ਹੀ ਨਿਕਾਹ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਹ ਵੀ ਇਕ ਚਿੰਤਾ ਦਾ ਵਿਸ਼ਾ ਹੈ। ਜ਼ਿਆਦਾਤਰ ਗੈਰ-ਮੁਸਲਿਮ ਕੁੜੀਆਂ ਜੋ ਅਗਵਾ ਕਰਨ ਵਾਲਿਆਂ ਨਾਲ ਨਿਕਾਹ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ, ਉਹ ਮਾਰ ਦਿੱਤੀਆਂ ਜਾਂਦੀਆਂ ਹਨ ਪਰ ਪਾਕਿਸਤਾਨ ਸਰਕਾਰ ਵੱਲੋਂ ਇਸ ਸਬੰਧੀ ਚੁੱਪੀ ਧਾਰਨ ਕਰਨਾ ਮਨੁੱਖਤਾ ਦੇ ਮੱਥੇ ’ਤੇ ਕਲੰਕ ਹੈ। ਉਨ੍ਹਾਂ ਨੇ ਕਈ ਹਿੰਦੂ, ਸਿੱਖ ਅਤੇ ਕ੍ਰਿਸ਼ਚੀਅਨ ਕੁੜੀਆਂ ਸਮੇਤ ਨਾਬਾਲਗ ਗੈਰ-ਮੁਸਲਿਮ ਕੁੜੀਆਂ ਦੇ ਅਗਵਾ ਦੀ ਗੱਲ ਆਪਣੀ ਰਿਪੋਰਟ ’ਚ ਕੀਤੀ ਹੈ, ਜਿਨ੍ਹਾਂ ਬਾਰੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਸਵਾਲ ਕੀਤਾ ਹੈ ਕਿ ਜਦ ਉਨ੍ਹਾਂ ਦੀ ਕੁੜੀ ਨੂੰ ਅਗਵਾ ਕਰ ਕੇ ਕਿਸੇ ਗੈਰ-ਮੁਸਲਮ ਨਾਲ ਵਿਆਹ ਕਰਵਾ ਦੇਵੇ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਲੱਗੇਗਾ। ਇਹੀ ਹਾਲਤ ਪਾਕਿਸਤਾਨ ’ਚ ਗੈਰ-ਮੁਸਲਮ ਲੋਕਾਂ ਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਾਊਂਡੇਸ਼ਨ ਇਸ ਮਾਮਲੇ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਉਠਾਏਗੀ ਅਤੇ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਦਾ ਮੁੱਦਾ ਪੂਰੇ ਜ਼ੋਰ ਨਾਲ ਚੁੱਕੇਗੀ।
ਬਿਨਾਂ ਕਿਸੇ ਕੰਟਰੋਲ ਦੇ ਚੀਜ਼ਾਂ ਨੂੰ ਖੋਲ੍ਹਣਾ ਤਬਾਹੀ ਨੂੰ ਸੱਦਾ ਦੇਣ ਵਾਂਗ : ਡਬਲਯੂ. ਐੱਚ. ਓ.
NEXT STORY