ਜੇਨੇਵਾ (ਏਜੰਸੀ)- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੁਟੀਨ ਸਿਹਤ ਸੇਵਾਵਾਂ ਵਿੱਚ ਵਿਘਨ ਪੈਣ ਜਾਂ ਟੀਕਾਕਰਨ ਬਾਰੇ ਗਲਤ ਜਾਣਕਾਰੀ ਦੇ ਫੈਲਣ ਕਾਰਨ, ਦੁਨੀਆ ਭਰ ਵਿੱਚ ਲਗਭਗ 2 ਕਰੋੜ 50 ਲੱਖ ਬੱਚਿਆਂ ਨੂੰ ਡਿਪਥੀਰੀਆ, ਟੈਟਨਸ ਅਤੇ ਕਾਲੀ ਖੰਘ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਨਿਯਮਤ ਟੀਕਾਕਰਨ ਨਹੀਂ ਹੋ ਸਕਿਆ। ਵਿਸ਼ਵ ਸਿਹਤ ਸੰਗਠਨ (WHO) ਅਤੇ ਸੰਯੁਕਤ ਰਾਸ਼ਟਰ ਚਿਲਡਰਨਜ਼ ਐਮਰਜੈਂਸੀ ਫੰਡ (UNICEF) ਦੁਆਰਾ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਲਗਭਗ 2 ਕਰੋੜ 50 ਲੱਖ ਬੱਚਿਆਂ ਦਾ ਡਿਪਥੀਰੀਆ, ਟੈਟਨਸ ਅਤੇ ਕਾਲੀ ਖੰਘ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਨਹੀਂ ਹੋਇਆ। 2019 ਤੋਂ ਬਾਅਦ ਬੱਚਿਆਂ ਦੇ ਟੀਕਾਕਰਨ ਵਿੱਚ ਕਮੀ ਆਈ ਹੈ। ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਕੈਥਰੀਨ ਰਸਲ ਨੇ ਕਿਹਾ, ''ਇਹ ਬੱਚਿਆਂ ਦੀ ਸਿਹਤ ਲਈ 'ਰੈੱਡ ਅਲਰਟ' ਹੈ।'' ਉਨ੍ਹਾਂ ਕਿਹਾ, “ਅਸੀਂ ਇੱਕ ਪੀੜ੍ਹੀ ਵਿੱਚ ਬੱਚਿਆਂ ਦੇ ਟੀਕਾਕਰਨ ਵਿੱਚ ਲਗਾਤਾਰ ਸਭ ਤੋਂ ਵੱਡੀ ਗਿਰਾਵਟ ਵੇਖ ਰਹੇ ਹਾਂ।” ਅੰਕੜਿਆਂ ਦੇ ਅਨੁਸਾਰ, ਜਿਨ੍ਹਾਂ ਬੱਚਿਆਂ ਦਾ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਬੱਚੇ ਇਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ ਅਤੇ ਫਿਲੀਪੀਨਜ਼ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਦੇ ਅਹੁਦੇ ਦੀ ਦੌੜ : ਦੂਜੇ ਪੜਾਅ 'ਚ ਜਿੱਤ ਨਾਲ ਸੁਨਕ ਦੀ ਪਕੜ ਹੋਈ ਹੋਰ ਮਜ਼ਬੂਤ
ਹਾਲਾਂਕਿ ਦੁਨੀਆ ਦੇ ਹਰ ਖੇਤਰ ਵਿੱਚ ਟੀਕਾਕਰਨ ਦੇ ਮਾਮਲੇ ਵਿੱਚ ਕਮੀ ਦੇਖੀ ਗਈ ਹੈ, ਪਰ ਇਸ ਦੇ ਸਭ ਤੋਂ ਵੱਧ ਮਾਮਲੇ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਵਿੱਚ ਪਾਏ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਦੀ ਸੰਖਿਆ ਵਿਚ "ਇਤਿਹਾਸਕ ਗਿਰਾਵਟ" ਇਸ ਲਈ ਹੋਰ ਪਰੇਸ਼ਾਨੀ ਦੀ ਗੱਲ ਹੈ, ਕਿਉਂਕਿ ਇਹ ਅਜਿਹੇ ਸਮੇਂ ਵਿੱਚ ਦੇਖੀ ਜਾ ਰਹੀ ਹੈ, ਜਦੋਂ ਗੰਭੀਰ ਕੁਪੋਸ਼ਣ ਦੇ ਮਾਮਲੇ ਵੱਧ ਰਹੇ ਹਨ। ਕੁਪੋਸ਼ਿਤ ਬੱਚਿਆਂ ਦੀ ਆਮ ਤੌਰ 'ਤੇ ਪ੍ਰਤੀਰੋਧੀ ਪ੍ਰਣਾਲੀ ਕਮਜ਼ੋਰ ਹੁੰਦੀ ਹੈ ਅਤੇ ਖਸਰੇ ਵਰਗੀ ਬਿਮਾਰੀ ਉਨ੍ਹਾਂ ਲਈ ਘਾਤਕ ਹੋ ਸਕਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਟੀਕਾਕਰਨ ਦਰਾਂ ਵਿੱਚ ਕਮੀ ਕਾਰਨ ਖਸਰਾ ਅਤੇ ਪੋਲੀਓ ਵਰਗੀਆਂ ਰੋਕਥਾਮਯੋਗ ਬਿਮਾਰੀਆਂ ਦਾ ਸੰਚਾਰ ਹੋਇਆ ਹੈ। WHO ਅਤੇ ਉਸਦੇ ਭਾਈਵਾਲਾਂ ਨੇ ਮਾਰਚ 2020 ਵਿੱਚ COVID-19 ਦੇ ਕਾਰਨ ਦੇਸ਼ਾਂ ਨੂੰ ਪੋਲੀਓ ਦੇ ਖ਼ਾਤਮੇ ਦੇ ਯਤਨਾਂ ਨੂੰ ਮੁਅੱਤਲ ਕਰਨ ਲਈ ਕਿਹਾ ਸੀ। ਇਸ ਦੇ ਬਾਅਦ 30 ਤੋਂ ਵੱਧ ਦੇਸ਼ਾਂ ਵਿੱਚ ਪੋਲੀਓ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ: ਮਹਿੰਗਾਈ ਤੋਂ ਤੰਗ ਆ ਕੇ ਔਰਤ ਨੇ ਕਿਰਾਏ ’ਤੇ ਦੇਣਾ ਸ਼ੁਰੂ ਕੀਤਾ ਆਪਣਾ ਪਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੈਰਾਨੀਜਨਕ! ਸਮੁੰਦਰ 'ਚ 18 ਘੰਟੇ ਤੱਕ 'ਫੁੱਟਬਾਲ' ਦੀ ਮਦਦ ਨਾਲ ਤੈਰਦਾ ਰਿਹਾ ਸ਼ਖ਼ਸ, ਬਚੀ ਜਾਨ
NEXT STORY