ਟੋਰਾਂਟੋ (ਵੈਬ ਡੈਸਕ)-ਕੈਨੇਡਾ ਵਿਚ ਹਰ ਤੀਜੇ ਦਿਨ ਇਕ ਮਹਿਲਾ ਜਾਂ ਲੜਕੀ ਦਾ ਕਤਲ ਹੁੰਦਾ ਹੈ ਅਤੇ 90 ਫੀਸਦੀ ਮਾਮਲਿਆਂ ਵਿਚ ਕਾਤਲ ਪੁਰਸ਼ ਹੀ ਹੁੰਦੇ ਹਨ। ਇਸੇ ਤਰ੍ਹਾਂ ਕੈਨੇਡਾ ਦੇ ਪੇਂਡੂ ਇਲਾਕੇ ਜਿਥੇ ਸਿਰਫ 16 ਫੀਸਦੀ ਲੋਕ ਵਸਦੇ ਹਨ, ਉਨ੍ਹਾਂ ਖੇਤਰਾਂ ਵਿਚ 34 ਫੀਸਦੀ ਔਰਤਾਂ ਦੇ ਕਤਲ ਹੋਏ ਹਨ। ਕੈਨੇਡੀਅਨ ਡੈਮੀਸਾਈਡ ਆਬਜਰਵੇਟਰੀ ਫਾਰ ਜਸਟਿਸ ਐੱਡ ਅਕਾਊਂਟੇਬਿਲਿਟੀ ਵਲੋਂ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾਵਾਂ ਦੇ ਕਤਲ ਨਾਲ ਸੰਬੰਧਤ ਮਸਲਿਆਂ ਨੂੰ ਬਹਿਤਰ ਤਰੀਕੇ ਨਾਲ ਸਮਝਣ ਦੀ ਲੋੜ ਹੈ ਤਾਂਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਾਰਦਾਤਾਂ ਨੂੰ ਘੱਟ ਕੀਤਾ ਜਾ ਸਕੇ। ਇਸ ਸੰਬੰਧੀ ਜਾਰੀ ਕੀਤੀ ਗਈ ਪਹਿਲੀ ਸਲਾਨਾ ਰਿਪੋਰਟ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।
ਆਬਜਰਵੇਟਰੀ ਦੀ ਡਾਇਰੈਕਟਰ ਅਤੇ ਯੂਨੀਵਰਸਿਟੀ ਆਫ ਗੁਇਲਫ ਦੀ ਪ੍ਰੋਫੈਸਰ ਮਾਯਰਨਾ ਡੌਸਨ ਨੇ ਕਿਹਾ ਕਿ ਮਹਿਲਾਵਾਂ ਨੂੰ ਪੁਰਸ਼ਾਂ ਤੋਂ ਬੇਹੱਦ ਜਿਆਦਾ ਖਤਰਾ ਹੈ ਅਤੇ 53 ਫੀਸਦੀ ਮਹਿਲਾਵਾਂ ਦੇ ਕਤਲ ਉਨ੍ਹਾਂ ਪੁਰਸ਼ਾਂ ਵਲੋਂ ਕੀਤੇ ਗਏ ਜਿਨ੍ਹਾਂ ਉਤੇ ਉਨ੍ਹਾਂ ਨੂੰ ਬੇਹੱਦ ਭਰੋਸਾ ਹੁੰਦਾ ਸੀ। ਜ਼ਿਕਰਯੋਗ ਹੈ ਕਿ 2018 ਵਿਚ 133 ਵਾਰਦਾਤਾਂ ਦੌਰਾਨ 148 ਮਹਿਲਾਵਾਂ ਨੂੰ ਕਤਲ ਕੀਤਾ ਗਿਆ ਅਤੇ 40 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਗਏ। ਕਈ ਮਾਮਲਿਆਂ ਵਿਚ ਪੁਲਸ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਮਹਿਲਾਵਾਂ ਦੀ ਮੌਤ ਦੇ ਆਕੜੀਆਂ ਵਿਚ ਟੋਰਾਂਟੋ ਵਿਖੇ ਵੈਨ ਹਮਲੇ ਦੌਰਾਨ ਮਾਰੀਆਂ ਗਈਆਂ 8 ਔਰਤਾਂ ਵੀ ਸ਼ਾਮਲ ਹਨ। ਵੈਨ ਹਮਲੇ ਦੇ ਦੋਸ਼ੀ ਵਿਰੁਧ ਵੀ ਪਹਿਲੇ ਦਰਜੇ ਦੀ ਹੱਤਿਆ ਦੇ 10 ਅਤੇ ਇਰਾਦਾ ਕਤਲ ਦੇ 16 ਦੋਸ਼ ਲਗਾਏ ਗਏ ਹਨ। ਮੁਕਦਮੇ ਵਿਚ ਸੁਣਵਾਈ ਫਰਵਰੀ 2020 ਤੋਂ ਸ਼ੁਰੂ ਕੀਤੀ ਜਾਵੇਗੀ। ਡੌਸਨ ਨੇ ਦੱਸਿਆ ਕਿ ਰਿਪੋਰਟ ਦੇ ਅੰਕੜੇ ਕਈ ਐਂਗਲਜ਼ ਤੋਂ ਬੇਹੱਦ ਖਾਸ ਹਨ। ਉਦਾਹਰਨ ਵਜੋਂ ਕੈਨੇਡਾ ਦੇ ਮੂਲ ਲੋਕਾਂ ਨਾਲ ਸੰਬੰਧਤ ਮਹਿਲਾਵਾਂ ਦੀ ਕੁਲ਼ ਆਬਾਦੀ ਦਾ ਸਿਰਫ 5 ਫੀਸਦੀ ਬਣਦੀਆਂ ਹਨ ਪਰ ਹਿੰਸਕ ਵਾਰਦਾਤਾਂ ਸਮੇਂ ਦੇ ਅੰਕੜੇ ਵੇਖੋ ਤਾਂ ਇਹ 36 ਫੀਸਦੀ ਮਹਿਲਾਵਾਂ ਮੂਲ ਕੈਨੇਡੀਅਨ ਲੋਕਾਂ ਨਾਲ ਸੰਬੰਧਤ ਨਜ਼ਰ ਆਉਂਦੀਆਂ ਹਨ।
ਪਾਕਿ ਨੂੰ ਚੀਨੀ ਝਟਕਾ, ਏਅਰਕ੍ਰਾਫਟ ਕੈਰੀਅਰ ਦੇਣ ਤੋਂ ਕੀਤਾ ਇਨਕਾਰ
NEXT STORY