ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਹੈਰੀਟੇਜ ਬੈਨਰਜ ਦੇ ਵਿਸ਼ੇਸ਼ ਸੱਦੇ ਤੇ ਆਸਟ੍ਰੇਲੀਆ ਆਏ ਨਿਊਜ਼ੀਲੈਂਡ ਦੇ ਪੰਜਾਬੀ ਰੇਡੀਓ ਪੇਸ਼ਕਰਤਾ, ਲੇਖਕ ਅਤੇ ਵਿਚਾਰਕ ਬਿਕਰਮਜੀਤ ਮੱਟਰਾਂ ਨਾਲ ਰੂ-ਬ- ਰੂ ਆਯੋਜਿਤ ਕੀਤਾ ਗਿਆ । ਬਿਕਰਮਜੀਤ ਮੱਟਰਾਂ ਦੇ ਨਾਲ ਉਨ੍ਹਾਂ ਦੀ ਧਰਮ-ਪਤਨੀ ਦਲਜੀਤ ਕੌਰ ਮੱਟਰਾਂ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ । ਬਿਕਰਮਜੀਤ ਮੱਟਰਾਂ ਜੋ ਪੰਜਾਬੀ ਸਾਹਿਤਕ ਸੱਥ ਆਕਲੈਂਡ ਦੇ ਸੰਸਥਪਕਾਂ ਵਿੱਚੋਂ ਇਕ ਹਨ, ਉਹ ਵੱਖ-ਵੱਖ ਰੇਡੀਓ ਸਟੇਸ਼ਨਾਂ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਹਨ। ਨਿਊਜ਼ੀਲੈਂਡ ਵਿਚ ਮੀਡੀਆ ਸੇਵਾਵਾਂ ਦੇ ਨਾਲ-ਨਾਲ ਉਨ੍ਹਾਂ ਦਾ “ਟੈਕਸੀਨਾਮਾ” ਕਾਲਮ ਪ੍ਰਮੁੱਖ ਅਖ਼ਬਾਰਾਂ ਵਿਚ ਛਪਦਾ ਰਿਹਾ ਹੈ ।

ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਦੇ ਹਾਲ ਵਿਚ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਇੰਡੋਜ਼ ਅਕਾਡਮੀ ਵੱਲੋਂ ਕਵੀ ਸਰਬਜੀਤ ਸੋਹੀ ਨੇ ਸਵਾਗਤੀ ਬੋਲਾਂ ਨਾਲ ਬਿਕਰਮਜੀਤ ਮੱਟਰਾਂ ਨੂੰ ਜੀ ਆਇਆਂ ਕਿਹਾ । ਉਪਰੰਤ ਸੁਰਜੀਤ ਸੰਧੂ ਦੇ ਕਿਸਾਨਾਂ ਦੀ ਮੰਦਹਾਲੀ ਬਾਰੇ ਗਾਏ ਭਾਵੁਕ ਗੀਤ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ । ਇਸ ਤੋਂ ਬਾਅਦ ਰੁਪਿੰਦਰ ਸੋਜ਼, ਸਰਬਜੀਤ ਸੋਹੀ, ਜਸਵੰਤ ਵਾਗਲਾ, ਸ਼ਾਇਰਾ ਹਰਜੀਤ ਸੰਧੂ, ਪਾਲ ਰਾਊਕੇ ਅਤੇ ਜਰਨੈਲ ਬਾਸੀ ਨੇ ਆਪਣੀਆਂ ਰਚਨਾਵਾਂ ਨਾਲ ਆਏ ਹੋਏ ਸਰੋਤਿਆਂ ਨੂੰ ਆਨੰਦਿਤ ਕੀਤਾ । ਇਸ ਮੌਕੇ ਇੰਗਲੈਂਡ ਵੱਸਦੇ ਸਾਹਿਤਕਾਰ ਗੁਰਚਰਨ ਸੱਗੂ ਦੀਆਂ ਦੋ ਪੁਸਤਕਾਂ “ਤਾਰਿਆਂ ਦੇ ਅੰਗ-ਸੰਗ” ਅਤੇ “ਸੱਚੇ ਮਾਰਗਿ ਚੱਲਦਿਆਂ” ਲੋਕ ਅਰਪਣ ਕੀਤੀਆਂ ਗਈਆਂ । ਅੱਖਰ ਦਾ ਨਵਾਂ ਅੰਕ ਵੀ ਇੰਡੋਜ਼ ਕਾਵਿ ਕਬੀਲੇ ਦੇ ਮੈਂਬਰਾਂ ਦੇ ਹੱਥੀਂ ਸਪੁਰਦ ਕੀਤਾ ਗਿਆ ।
ਸਮਾਗਮ ਦੇ ਅਖੀਰ ਵਿੱਚ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ਼ ਕਵੀਨਜ਼ਲੈਂਡ ਵੱਲੋਂ ਬਿਕਰਮਜੀਤ ਸਿੰਘ ਮੱਟਰਾਂ ਨੂੰ ਉਨ੍ਹਾਂ ਦੀਆੰ ਮਾਤ ਭਾਸ਼ਾ ਅਤੇ ਪੰਜਾਬੀ ਭਾਈਚਾਰੇ ਲਈ ਕੀਤੇ ਕਾਰਜਾਂ ਲਈ ਯਤਨਾਂ ਨੂੰ ਸਨਮੁੱਖ ਰੱਖਦੇ ਹੋਏ ਯਾਦ ਚਿੰਨ੍ਹ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਅਲੀਸ਼ੇਰ, ਕਲੱਬ ਦੇ ਪ੍ਰਧਾਨ ਸਤਵਿੰਦਰ ਟੀਨੂੰ, ਪੀ.ਐਸ. ਪੁਰੇਵਾਲ ਤੇ ਬਹਾਦਰ ਸਿੰਘ ਤੂਰ ਆਦਿ ਨਾਮਵਰ ਪੰਜਾਬੀ ਹਾਜ਼ਰ ਸਨ । ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ ।
ਅਮਰੀਕਾ : ਕਰਿਆਨੇ ਦੀ ਦੁਕਾਨ 'ਚ ਗੋਲੀਬਾਰੀ, 2 ਲੋਕ ਮਰੇ ਤੇ ਦੋਸ਼ੀ ਗ੍ਰਿਫਤਾਰ
NEXT STORY