ਵਾਸ਼ਿੰਗਟਨ- ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਬੁੱਧਵਾਰ ਨੂੰ ਜੋਅ ਬਾਈਡੇਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਬਾਈਡੇਨ ਨੇ ਆਪਣੇ ਪਰਿਵਾਰ ਦੀ 127 ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ। 78 ਸਾਲਾ ਬਾਈਡੇਨ ਅਮਰੀਕਾ ਦੇ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਬਣੇ ਹਨ।
ਇਤਿਹਾਸਕ ਰਿਹਾ ਹੈਰਿਸ ਦਾ ਸਹੁੰ ਚੁੱਕਣਾ-
ਬਾਈਡੇਨ ਤੋਂ ਪਹਿਲਾਂ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜੱਜ ਸੋਨੀਆ ਸੋਟੋਮਾਯੋਰ ਨੇ ਸਹੁੰ ਚੁਕਾਈ, ਜੋ ਪਹਿਲੀ ਲਾਤੀਨੀ ਅਮਰੀਕੀ ਜੱਜ ਹਨ ਤੇ ਉਨ੍ਹਾਂ ਦੀ ਚੋਣ ਹੈਰਿਸ ਨੇ ਕੀਤੀ ਸੀ। ਦੋਵਾਂ ਨੇ ਇਕੱਠਿਆਂ ਹੀ ਵਕਾਲਤ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਛੱਡ ਕੇ ਚਲੇ ਗਏ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਰਸਮਾਂ ਨਿਭਾਈਆਂ।
ਇਹ ਹਸਤੀਆਂ ਰਹੀਆਂ ਮੌਜੂਦ-
ਬਾਈਡੇਨ ਦੇ ਸਹੁੰ ਚੁੱਕਣ ਦੌਰਾਨ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਤੇ ਉਨ੍ਹਾਂ ਦੀ ਪਤਨੀ ਲਾਰਾ ਬੁਸ਼, ਬਰਾਕ ਓਬਾਮਾ, ਮਿਸ਼ੇਲ ਓਬਾਮਾ, ਬਿੱਲ ਕਲਿੰਟਨ, ਹਿਲੇਰੀ ਕਲਿੰਟਨ, ਰੀਪਬਲਿਕਨ ਨੇਤਾ ਮੈਕਾਰਥੀ ਤੇ ਮੈਕੋਨਲ ਮੌਜੂਦ ਸਨ। ਟਰੰਪ ਦੇ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਰਹੇ ਮਾਈਕ ਪੇਂਸ ਵੀ ਪੁੱਜੇ ਸਨ। ਬਾਈਡੇਨ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹਿੰਦੇ ਰਹੇ ਹਨ। ਇਸ ਦੀ ਮਿਸਾਲ ਬੁੱਧਵਾਰ ਸਵੇਰੇ ਉਦੋਂ ਦਿਸੀ ਜਦੋਂ ਉਨ੍ਹਾਂ ਨੇ ਦੋਵਾਂ ਰੀਪਬਲਿਕਨ ਆਗੂਆਂ ਮੈਕਾਰਥੀ ਤੇ ਮੈਕੋਨਲ ਸਣੇ ਆਹਲਾ ਆਗੂਆਂ ਨੂੰ ਬੁੱਧਵਾਰ ਸਵੇਰੇ ਚਰਚ ਦੀ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਹੈਰਿਸ ਨੇ ਮਾਂ ਨੂੰ ਕੀਤਾ ਯਾਦ-
ਸਹੁੰ ਚੁੱਕਣ ਤੋਂ ਪਹਿਲਾਂ ਕਮਲਾ ਹੈਰਿਸ ਨੇ ਆਪਣੀ ਮਾਂ ਨੂੰ ਯਾਦ ਕੀਤਾ, ਜੋ ਭਾਰਤੀ ਸਨ। ਉਨ੍ਹਾਂ ਆਪਣੀ ਮਾਂ ਨਾਲ ਆਪਣੀਆਂ ਤਸਵੀਰਾਂ ਦੀ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਮਾਂ ਸ਼ਯਾਮਲਨ ਗੋਪਾਲਨ ਦਾ ਵੱਡਾ ਹੱਥ ਹੈ। ਕਮਲਾ ਦੀ ਮਾਂ ਦਾ ਜਨਮ ਚੇਨੱਈ ਵਿਚ ਹੋਇਆ ਸੀ ਤੇ ਕਮਲਾ ਦੇ ਪਿਤਾ ਜਮਾਇਕਾ ਦੇ ਰਹਿਣ ਵਾਲੇ ਸਨ।
ਬਾਈਡੇਨ ਨੇ 8 ਵਾਰ ਇਸੇ ਬਾਈਬਲ ਦੀ ਚੁੱਕੀ ਸਹੁੰ-
ਬਾਈਡੇਨ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਸਮੇਂ ਆਪਣੇ ਪਰਿਵਾਰ ਦੀ ਬਾਈਬਲ ਲਿਆਂਦੀ ਸੀ। ਉਨ੍ਹਾਂ ਨੇ ਉਪ ਰਾਸ਼ਟਰਪਤੀ ਬਣਨ ਸਮੇਂ ਅਤੇ ਇਸ ਤੋਂ ਪਹਿਲਾਂ 7 ਵਾਰ ਸੈਨੇਟਰ ਦੇ ਤੌਰ 'ਤੇ ਵੀ ਇਸੇ ਬਾਈਬਲ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ।
ਲੇਡੀ ਗਾਗਾ ਨੇ ਗਾਇਆ ਰਾਸ਼ਟਰੀਗੀਤ-
ਸਮਾਗਮ ਵਿਚ ਹਾਲਾਂਕਿ ਸੀਮਤ ਲੋਕਾਂ ਨੂੰ ਸੱਦਿਆ ਗਿਆ ਸੀ ਪਰ ਰਾਸ਼ਟਰੀ ਗੀਤ ਗਾਉਣ ਲਈ ਮਸ਼ਹੂਰ ਗਾਇਕਾ ਤੇ ਅਦਾਕਾਰਾ ਲੇਡੀ ਗਾਗਾ ਨੂੰ ਸੱਦਿਆ ਗਿਆ ਸੀ। ਲੇਡੀ ਗਾਗਾ ਬਾਈਡੇਨ ਦੀ ਪ੍ਰਸ਼ੰਸਕ ਵੀ ਰਹੀ ਹੈ।
ਇਹ ਵੀ ਪੜ੍ਹੋ-USA : 18 ਏਕੜ 'ਚ ਬਣੇ ਵ੍ਹਾਈਟ ਹਾਊਸ ਨੂੰ ਲੈ ਕੇ ਜਾਣੋ ਅਹਿਮ ਗੱਲਾਂ
ਕੋਰੋਨਾ ਕਾਰਨ ਫਿੱਕਾ ਰਿਹਾ ਸਮਾਰੋਹ-
ਆਮ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਇਤਿਹਾਸਕ ਦਿਨ ਹੁੰਦਾ ਹੈ ਤੇ ਵੱਡੀ ਗਿਣਤੀ ਵਿਚ ਲੋਕ ਇਸ ਵਿਚ ਸ਼ਾਮਲ ਹੁੰਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਸੀਮਤ ਗਿਣਤੀ ਵਿਚ ਹੀ ਮਹਿਮਾਨਾਂ ਨੂੰ ਸੱਦਿਆ ਗਿਆ ਸੀ। ਇਸ ਲਈ ਪਹਿਲਾਂ ਵਰਗੀ ਚਹਿਲ-ਪਹਿਲ ਦੇਖਣ ਨੂੰ ਨਹੀਂ ਮਿਲੀ। ਲੋਕਾਂ ਨੇ ਘਰ ਬੈਠ ਕੇ ਹੀ ਇਸ ਦਾ ਪ੍ਰਸਾਰਣ ਦੇਖਿਆ।
ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-
ਸਹੁੰ ਚੁੱਕ ਸਮਾਰੋਹ ਦੀ ਸੁਰੱਖਿਆ ਲਈ 25 ਹਜ਼ਾਰ ਤੋਂ ਵੱਧ ਰਾਸ਼ਟਰੀ ਗਾਰਡ ਤਾਇਨਾਤ ਸਨ, ਜਿਨ੍ਹਾਂ ਨੇ ਚੱਪੇ-ਚੱਪੇ 'ਤੇ ਨਜ਼ਰ ਬਣਾ ਕੇ ਰੱਖੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਅਮਰੀਕੀ ਸੰਸਦ ਭਵਨ ਅਤੇ ਵ੍ਹਾਈਟ ਹਾਊਸ ਨੇੜਲਾ ਖੇਤਰ ਆਮ ਜਨਤਾ ਲਈ ਬੰਦ ਰੱਖਿਆ ਗਿਆ ਸੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਡੋਨਾਲਡ ਟਰੰਪ ਦੀ ਧੀ ਨੇ ਵ੍ਹਾਈਟ ਹਾਊਸ 'ਚ ਕੀਤੀ ਕੁੜਮਾਈ, ਸ਼ੇਅਰ ਕੀਤੀ ਤਸਵੀਰ
NEXT STORY