ਓਟਾਵਾ— ਕੈਨੇਡਾ ਜਾਣ ਦੇ ਇੰਤਜ਼ਾਰ 'ਚ ਬੈਠੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਟਰੂਡੋ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਿਰਫ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਮਨਜ਼ੂਰੀ ਦਿੱਤੀ ਗਈ ਸੀ, ਜਿਨ੍ਹਾਂ ਕੋਲ 18 ਮਾਰਚ 2020 ਤੱਕ ਦਾ ਵੈਲਿਡ ਸਟੱਡੀ ਪਰਮਿਟ ਸੀ ਕਿਉਂਕਿ ਇਸ ਤਰੀਕ ਤੋਂ ਬਾਅਦ ਕੈਨੇਡਾ 'ਚ ਕੋਰੋਨਾ ਵਾਇਰਸ ਯਾਤਰਾ ਪਾਬੰਦੀਆਂ ਲਾਗੂ ਹੋ ਗਈਆਂ ਸਨ।
ਹੁਣ ਮਨੋਨੀਤ ਵਿੱਦਿਅਕ ਸੰਸਥਾਵਾਂ (ਡੀ. ਐੱਲ. ਆਈ.) ਨੂੰ ਪ੍ਰਵਾਨਗੀ ਮਿਲ ਗਈ ਹੈ ਕਿ ਉਹ ਸ਼ਰਤਾਂ ਤਹਿਤ ਸਟੱਡੀ ਪਰਮਿਟ ਪ੍ਰਾਪਤ ਕੌਮਾਂਤਰੀ ਵਿਦਿਆਰਥੀਆਂ ਨੂੰ ਤਰੀਕ ਦੀ ਪ੍ਰਵਾਹ ਕੀਤੇ ਬਿਨਾਂ ਕੈਨੇਡਾ ਸੱਦ ਸਕਦੀਆਂ ਹਨ। ਮਨੋਨੀਤ ਵਿੱਦਿਅਕ ਸੰਸਥਾਵਾਂ 'ਚ ਉਹ ਕਾਲਜ, ਯੂਨੀਵਰਸਿਟੀਜ਼ ਅਤੇ ਸਿੱਖਿਆ ਸੰਸਥਾਵਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਪ੍ਰਵਾਨਗੀ ਦਿੱਤੀ ਹੈ।
ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਕੋਲ ਵੈਲਿਡ ਸਟੱਡੀ ਪਰਮਿਟ ਜਾਂ ਲੈਟਰ ਆਫ਼ ਇੰਟਰੋਡੱਕਸ਼ਨ ਹੋਣਾ ਜ਼ਰੂਰੀ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਵਿਦਿਆਰਥੀ ਕੋਲ ਸਾਰੇ ਦਸਤਾਵੇਜ਼ ਹਨ ਅਤੇ ਉਸ ਵੱਲੋਂ ਜਿਸ ਵਿੱਦਿਅਕ ਸੰਸਥਾ 'ਚ ਦਾਖ਼ਲਾ ਲਿਆ ਜਾ ਰਿਹਾ ਹੈ, ਉਹ ਫੈਡਰਲ ਸਰਕਾਰ ਵੱਲੋਂ ਮਨੋਨੀਤ ਵਿੱਦਿਅਕ ਸੰਸਥਾ ਸੂਚੀ 'ਚ ਸ਼ਾਮਲ ਹੈ ਤਾਂ ਉਹ ਪੜ੍ਹਾਈ ਲਈ ਕੈਨੇਡਾ ਆ ਸਕਦਾ ਹੈ।
14 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ
ਉਡਾਣ ਦੀ ਟਿਕਟ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਤੁਸੀਂ ਸਭ ਸ਼ਰਤਾਂ ਨੂੰ ਪੂਰਾ ਕਰਦੇ ਹੋ। ਕੈਨੇਡਾ ਪਹੁੰਚਣ 'ਤੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ। ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ ਡੀ. ਐੱਲ. ਆਈ. ਦੀ ਸੂਚੀ 'ਚ ਹੋਰ ਅਦਾਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਸਰਕਾਰ ਵੱਲੋਂ ਮਨਜ਼ੂਰਸ਼ੁਦਾ ਡੀ. ਐੱਲ. ਆਈ ਤੋਂ ਇਲਾਵਾ ਹੋਰ ਕਿਸੇ ਵੀ ਵਿਦਿਆਰਥੀ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਈ. ਆਰ. ਸੀ. ਸੀ. ਵੈੱਬ 'ਤੇ ਮਨਜ਼ੂਰਸ਼ੁਦਾ ਡੀ. ਐੱਲ. ਆਈ. ਦੀ ਸੂਚੀ ਦੇਖੀ ਜਾ ਸਕਦੀ ਹੈ।
H-1B ਵੀਜ਼ਾ ਸਬੰਧੀ ਅਮਰੀਕਾ 'ਚ ਨਵਾਂ ਪ੍ਰਸਤਾਵ, ਭਾਰਤੀਆਂ ਦੀਆਂ ਨੌਕਰੀਆਂ 'ਤੇ ਸੰਕਟ
NEXT STORY