ਜਲੰਧਰ (ਇੰਟ.)- ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਕਰੀਆਂ ਨਾ ਮਿਲਣ ਅਤੇ ਆਰਥਿਕ ਤੰਗੀ ਕਾਰਨ ਜਿਥੇ ਸਟੱਡੀ ਵੀਜ਼ੇ ’ਤੇ ਗਈਆਂ ਪੰਜਾਬੀ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ਿਆਂ ਦੇ ਧੰਦੇ ਵਿਚ ਫਸਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਔਰਤਾਂ ਦੇ ਸਹਿਯੋਗੀ ਸੰਗਠਨ ਐਲਸਪੇਥ ਹੇਵਰਥ ਸੈਂਟਰ ਫਾਰ ਵੂਮੈਨ (ਈ.ਐੱਚ.ਸੀ.ਐੱਫ.ਡਬਲਯੂ.) ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ ਪੈਸੇ ਦੀ ਘਾਟ ਕਾਰਨ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨੂੰ ਆਰਥਿਕ ਸਹਾਇਤਾ ਦੇਣ ਵਿਚ ਕੈਨੇਡੀਅਨ ਗੁਰਦੁਆਰੇ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ, ਇਸ ਕਰ ਕੇ ਵਿਦੇਸ਼ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿੱਤੀ ਯੋਗਦਾਨ ਪਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਘੰਟਿਆਂ ਦੇ ਹਿਸਾਬ ਨਾਲ ਨਹੀਂ ਮਿਲ ਰਹੀਆਂ ਯੋਗ ਨੌਕਰੀਆਂ
ਇਕ ਮੀਡੀਆ ਰਿਪੋਰਟ ਵਿਚ ਈ.ਐੱਚ.ਸੀ.ਐੱਫ.ਡਬਲਿਊ. ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਆਈਆਂ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਵੱਲ ਸਮਾਜਿਕ ਸੰਸਥਾਵਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਕਰ ਕੇ ਪੰਜਾਬ ਤੋਂ ਕੈਨੇਡਾ ਆਉਂਦੇ ਹਨ। ਉਹ ਮੌਜੂਦਾ ਆਰਥਿਕ ਸਥਿਤੀਆਂ ਅਤੇ ਰੋਜ਼ਗਾਰ ਦੇ ਬਾਜ਼ਾਰ ਵਿਚ ਢੁਕਵੇਂ ਘੰਟਿਆਂ ਦੇ ਹਿਸਾਬ ਨਾਲ ਯੋਗ ਨੌਕਰੀਆਂ ਦੀ ਘਾਟ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: ਖਾਲਿਸਤਾਨੀਆਂ ਖ਼ਿਲਾਫ਼ ਵੱਡੇ ਐਕਸ਼ਨ ਦੀ ਰੌਂਅ 'ਚ ਕੈਨੇਡਾ, ਫੰਡਿੰਗ ਦੇ ਰਸਤੇ ਨੂੰ ਰੋਕਣ ਦੀ ਤਿਆਰੀ
ਵੀਡੀਓ ਬਣਾ ਕੇ ਕੀਤਾ ਜਾਂਦਾ ਹੈ ਬਲੈਕਮੇਲ
ਸ਼੍ਰੀਮਤੀ ਸਿੰਘ ਨੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਵਾਲੀਆਂ ਕੁੜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਜਾਣ-ਪਛਾਣ ਵਾਲਿਆਂ ਤੋਂ ਵਿੱਤੀ ਮਦਦ ਨਾ ਲੈਣ ਜਾਂ ਆਪਣੀ ਬੈਂਕ ਦੇ ਵੇਰਵੇ ਅਤੇ ਪਤੇ ਉਨ੍ਹਾਂ ਨਾਲ ਸਾਂਝੇ ਨਾ ਕਰਨ। ਕਈ ਅਜਿਹੇ ਉਦਾਹਰਣ ਹਨ, ਜਦੋਂ ਕੁੜੀਆਂ ਦੇ ਨਵੇਂ ਜਾਣ-ਪਛਾਣ ਵਾਲੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਤੋਂ ਬਾਅਦ ਹੋਰ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਮਜਬੂਰ ਕਰਦੇ ਹਨ। ਕੁੜੀਆਂ ਦੇ ਇਤਰਾਜ਼ਯੋਗ ਪੋਜ਼ ਵਿਚ ਚੁੱਪ-ਚੁਪੀਤੇ ਵੀਡੀਓ ਬਣਾ ਲਏ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ।
ਇਮੀਗ੍ਰੇਸ਼ਨ ਸਲਾਹਕਾਰ ਵੀ ਪੇਸ਼ ਕਰਦੇ ਹਨ ਗਲਤ ਤਸਵੀਰ
ਸ਼੍ਰੀਮਤੀ ਸਿੰਘ ਅਨੁਸਾਰ, ਭਾਰਤੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਉਦੋਂ ਤੱਕ ਕੈਨੇਡਾ ਨਹੀਂ ਭੇਜਣਾ ਚਾਹੀਦਾ ਜਦੋਂ ਤੱਕ ਉਹ ਗ੍ਰੈਜੂਏਟ ਅਤੇ ਸਿਆਣੇ ਨਹੀਂ ਹੋ ਜਾਂਦੇ ਕਿਉਂਕਿ ਇਥੇ ਜ਼ਿੰਦਗੀ ਆਸਾਨ ਨਹੀਂ ਹੈ। ਇਸ ਸਮੇਂ ਬੱਚਿਆਂ ਨੂੰ ਕੈਨੇਡਾ ਵਿਚ ਕਿਰਾਏ ਦੇ ਮਕਾਨ ’ਤੇ ਹੀ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਖਰਚ ਕਰਨਾ ਪੈਂਦਾ ਹੈ। ਦੂਜਾ, ਭਾਰਤ ਵਿਚ ਇਮੀਗ੍ਰੇਸ਼ਨ ਸਲਾਹਕਾਰ ਗਾਹਕਾਂ ਨੂੰ ਕੈਨੇਡਾ ਵਿਚ ਬਹੁਤ ਖੁਸ਼ਹਾਲ ਜ਼ਿੰਦਗੀ ਦੀ ਪੇਸ਼ਕਸ਼ ਕਰ ਕੇ ਲੁਭਾਉਂਦੇ ਹਨ। ਉਨ੍ਹਾਂ ਲੋਕਾਂ ਦੇ ਮਾਮਲੇ ਵਿਚ ਸਥਿਤੀ ਵੱਖਰੀ ਹੋ ਸਕਦੀ ਹੈ, ਜਿਨ੍ਹਾਂ ਦੇ ਮਦਦਗਾਰ, ਰਿਸ਼ਤੇਦਾਰ ਕੈਨੇਡਾ ਵਿਚ ਸੈਟਲ ਹੋ ਗਏ ਹਨ।
ਇਹ ਵੀ ਪੜ੍ਹੋ: ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ
ਗਰਭਪਾਤ ਕਰਵਾਉਣ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਵਧੀ
ਇਕ ਰਿਪੋਰਟ ਅਨੁਸਾਰ ਗਰਭਪਾਤ ਕਰਵਾਉਣ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਵਿਚ ਵੀ ਵਾਧਾ ਹੋਣ ਦੀਆਂ ਖ਼ਬਰਾਂ ਹਨ। ਇਹ ਵੀ ਜਾਣਿਆ-ਪਛਾਣਿਆ ਤੱਥ ਹੈ ਕਿ ਬਹੁਤ ਸਾਰੀਆਂ ਵਿਦਿਆਰਥਣਾਂ ਆਪਣੇ ਖਰਚਿਆਂ ਦਾ ਭੁਗਤਾਨ ਕਰਨ ਲਈ ਆਪਣੀ ਮਰਜ਼ੀ ਨਾਲ ਦੇਹ ਵਪਾਰ ਵਿਚ ਦਾਖਲ ਹੋ ਰਹੀਆਂ ਹਨ। ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਕੁੜੀਆਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੀਆਂ ਹਨ ਅਤੇ ਉਹ ਖੁਦ ਨੂੰ ਆਜ਼ਾਦ ਮਹਿਸੂਸ ਕਰਦੀਆਂ ਹਨ।
ਮਰਜ਼ੀ ਨਾਲ ਦੇਹ ਵਪਾਰ ਦਾ ਇਹ ਵੀ ਹੈ ਕਾਰਨ
ਸ਼੍ਰੀਮਤੀ ਸੁੰਦਰ ਸਿੰਘ ਨੇ ਪਹਿਲਾਂ ਦਿੱਤੀ ਇਕ ਇੰਟਰਵਿਊ ਵਿਚ ਇਹ ਵੀ ਦੱਸਿਆ ਸੀ ਕਿ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਕਿਸੇ ਤਰ੍ਹਾਂ ਕੈਨੇਡਾ ਆ ਜਾਵੇ ਤਾਂ ਜੋ ਇਕ ਦਿਨ ਉਹ ਪੂਰੇ ਪਰਿਵਾਰ ਨੂੰ ਕੈਨੇਡਾ ਆਉਣ ਲਈ ਸਪਾਂਸਰ ਕਰ ਸਕੇ। ਉਹ ਇਨ੍ਹਾਂ ਦੀ ਪਹਿਲੇ ਸਾਲ ਦੀਆਂ ਫੀਸਾਂ ਅਤੇ ਸ਼ੁਰੂਆਤੀ ਯਾਤਰਾ ਖਰਚਿਆਂ ਦਾ ਭੁਗਤਾਨ ਕਰਦੇ ਹਨ। ਫਿਰ ਉਹ ਇਨ੍ਹਾਂ ਕੁੜੀਆਂ ਨੂੰ ਆਪਣਾ ਖੁਦ ਪਾਲਣ-ਪੋਸ਼ਣ ਕਰਨ ਲਈ ਕੈਨੇਡਾ ’ਚ ਛੱਡ ਦਿੰਦੇ ਹਨ। ਸ਼੍ਰੀਮਤੀ ਸਿੰਘ ਦੀ ਦਲੀਲ ਹੈ ਕਿ ਇਹ ਸਵੈ-ਇੱਛਾ ਨਾਲ ਦੇਹ ਵਪਾਰ ਵਿਚ ਸ਼ਾਮਲ ਹੋਣ ਦਾ ਇਕ ਵੱਡਾ ਕਾਰਨ ਹੈ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ ਆਪਣੇ ਪੁੱਤਰ ਨਾਲ ਦਿੱਲੀ ਪਹੁੰਚੇ ਕੈਨੇਡੀਅਨ PM ਜਸਟਿਨ ਟਰੂਡੋ
ਸੰਗਠਨ ਮੁਹੱਈਆ ਕਰਵਾ ਰਿਹੈ ਨੌਕਰੀਆਂ
ਸ਼੍ਰੀਮਤੀ ਸੁੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਕੈਨੇਡੀਅਨ ਪੁਲਸ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਲੜਕੀਆਂ ਲਈ ਢੁਕਵੀਆਂ ਨੌਕਰੀਆਂ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਈ.ਐੱਚ.ਸੀ.ਐੱਫ.ਡਬਲਿਊ. ਫੀਲਡ ਦਫਤਰਾਂ ਵਿਚ ਅਸਾਮੀਆਂ ਖਾਲੀ ਹਨ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀਆਂ ਲੜਕੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਮਹਿੰਗਾਈ ਵੀ ਬਣੀ ਸ਼ੋਸ਼ਣ ਦਾ ਕਾਰਨ
ਵੱਖ-ਵੱਖ ਕੈਨੇਡੀਅਨ ਸੂਬਿਆਂ ਵਿਚ ਰਿਹਾਇਸ਼ੀ ਕਿਰਾਏ ਅਸਮਾਨ ਛੂਹ ਰਹੇ ਹਨ। ਦੁੱਧ ਅਤੇ ਫਲਾਂ ਸਮੇਤ ਕਰਿਆਨੇ ਦੀਆਂ ਦਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਗਭਗ ਅਸਮਰਥ ਹੋ ਗਈਆਂ ਹਨ। ਇਹ ਸਭ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਹੈ। ਅਜਿਹੇ ਹਾਲਾਤ ਕੁੜੀਆਂ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਕਰ ਰਹੇ ਹਨ ਅਤੇ ਮੁੰਡਿਆਂ ਨੂੰ ਡਰੱਗਜ਼ ਦੇ ਧੰਦੇ ’ਚ ਧੱਕਣ ਲਈ ਮਜਬੂਰ ਕਰਦੇ ਹਨ।
ਇਹ ਵੀ ਪੜ੍ਹੋ: ਰਿਸ਼ੀ ਸੁਨਕ ਦਾ ਭਾਰਤ ਨੂੰ ਭਰੋਸਾ, UK 'ਚ ਖ਼ਾਲਿਸਤਾਨੀ ਜਾਂ ਅੱਤਵਾਦੀ ਗਤੀਵਿਧੀਆਂ ਸਵੀਕਾਰਯੋਗ ਨਹੀਂ
ਤਿੰਨ ਗੁਣਾ ਹੋਈ ਪੀੜਤ ਲੜਕੀਆਂ ਦੀ ਗਿਣਤੀ
ਸ਼੍ਰੀਮਤੀ ਸੁੰਦਰ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਦੁਖੀ ਵਿਦਿਆਰਥੀਆਂ ਦੀ ਮਦਦ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀਆਂ। ਸ਼੍ਰੀਮਤੀ ਸਿੰਘ ਨੇ ਖੁਲਾਸਾ ਕੀਤਾ ਕਿ 2017 ਵਿਚ 1500 ਤੋਂ ਵੱਧ ਪ੍ਰੇਸ਼ਾਨ ਲੜਕੀਆਂ ਵੱਲੋਂ ਕਾਲਾਂ ਆਈਆਂ ਸਨ, ਜਦ ਕਿ 2022 ਤੱਕ ਇਹ ਗਿਣਤੀ ਤਿੰਨ ਗੁਣਾ ਵਧ ਗਈ ਹੈ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇਣ ਦਖਲ
ਸ਼੍ਰੀਮਤੀ ਸਿੰਘ ਨੇ ਕਿਹਾ ਕਿ ਅਸੀਂ ਕੁਝ ਸਾਲ ਪਹਿਲਾਂ ਕੁਝ ਗੁਰਦੁਆਰਿਆਂ ਤੱਕ ਪਹੁੰਚ ਕੀਤੀ ਸੀ, ਉਨ੍ਹਾਂ ਨੂੰ ਆਪਣੇ ਵਿਸ਼ਾਲ ਵਿੱਤੀ ਸਰੋਤਾਂ ਤੋਂ ਸਾਡੇ ਯਤਨਾਂ ਵਿਚ ਯੋਗਦਾਨ ਪਾਉਣ ਲਈ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਉਹ ਇਸ ਸੁਝਾਅ ’ਤੇ ਸਹਿਮਤ ਹੋਈ ਕਿ ਪੰਜਾਬੀ ਵਿਦਿਆਰਥੀਆਂ ਦੀ ਮਾੜੀ ਹਾਲਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਧਿਆਨ ਵਿਚ ਲਿਆਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਅਗਲੇ ਸਾਲ 'ਭਾਰਤੀ' ਨੂੰ ਪੁਲਾੜ ਸਟੇਸ਼ਨ ਭੇਜਣ ਦੀ ਤਿਆਰੀ, ਭਾਰਤ-ਅਮਰੀਕਾ ਵਿਚਾਲੇ ਗੱਲਬਾਤ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਵੰਬਰ ’ਚ ਬੁਲਾਉਣਗੇ ਖੁਰਾਕ ਸੁਰੱਖਿਆ ਸਿਖਰ ਸੰਮੇਲਨ
NEXT STORY