ਇਨ੍ਹੀਂ ਦਿਨੀਂ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੇ ਭਿਆਨਕ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ। ਭਾਰਤ ’ਚ ਇਨ੍ਹੀਂ ਦਿਨੀਂ ਕੋਰੋਨਾ ਦੇ ਇੰਨੇ ਵੱਧ ਮਰੀਜ਼ ਹਸਪਤਾਲਾਂ ਦਾ ਰੁਖ ਕਰਨ ਲੱਗੇ ਹਨ ਕਿ ਪੂਰੇ ਦੇਸ਼ ਦੀ ਮੈਡੀਕਲ ਵਿਵਸਥਾ ਡਾਵਾਂਡੋਲ ਹੋ ਗਈ ਹੈ, ਹਜ਼ਾਰਾਂ ਮਰੀਜ਼ ਰੋਜ਼ਾਨਾ ਮੌਤ ਦੇ ਮੂੰਹ ’ਚ ਜਾ ਰਹੇ ਹਨ। ਕੋਈ ਹਸਪਤਾਲ ’ਚ ਬੈੱਡ ਨਾ ਮਿਲਣ ਕਾਰਨ ਮਰ ਰਿਹਾ ਹੈ ਤਾਂ ਕਿਸੇ ਨੂੰ ਆਕਸੀਜਨ ਨਹੀਂ ਮਿਲ ਰਹੀ।ਓਧਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟਾਂ ’ਚ ਥਾਂ ਵੀ ਨਹੀਂ ਮਿਲ ਰਹੀ। ਅਜਿਹੇ ਹਾਲਾਤ ’ਚ ਅਮਰੀਕਾ ਨੇ ਪਹਿਲਾਂ ਹੀ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਉਸ ਦੀ ਪਹਿਲ ਅਮਰੀਕੀ ਨਾਗਰਿਕ ਹਨ ਪਰ ਲੰਬੀ ਚੁੱਪੀ ਦੇ ਬਾਅਦ ਅਮਰੀਕਾ ’ਚ ਜਦ ਉਸ ਦੇ ਸੰਸਦ ਮੈਂਬਰਾਂ ਦਾ ਦਬਾਅ ਪਿਆ ਅਤੇ ਘਰ ’ਚ ਹੀ ਬਾਈਡੇਨ ਦੀ ਆਲੋਚਨਾ ਹੋਣ ਲੱਗੀ, ਉਦੋਂ ਅਮਰੀਕਾ ਭਾਰਤ ਦੀ ਮਦਦ ਲਈ ਅੱਗੇ ਆਇਆ। ਦਰਅਸਲ ਕੋਰੋਨਾ ਕਾਲ ਦੇ ਸ਼ੁਰੂਆਤੀ ਦੌਰ ’ਚ ਜਦ ਅਮਰੀਕਾ ਨੂੰ ਦਵਾਈਆਂ ਦੀ ਲੋੜ ਸੀ ਉਦੋਂ ਭਾਰਤ ਨੇ ਉਸ ਦੀ ਮਦਦ ਕੀਤੀ ਸੀ।
ਹਾਲਾਂਕਿ ਪਹਿਲਾਂ ਅਮਰੀਕਾ ਨੇ ਭਾਰਤ ਦੀ ਬੇਨਤੀ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਜਿਸ ’ਚ ਵੈਕਸੀਨ ਬਣਾਉਣ ਦੀਆਂ ਜ਼ਰੂਰੀ ਚੀਜ਼ਾਂ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ ਸੀ ਇਨ੍ਹਾਂ ਸਾਰੀਆਂ ਕਵਾਇਦਾਂ ਦੇ ਦਰਮਿਆਨ ਭਾਰਤ ਦਾ ਗੁਆਂਢੀ ਦੇਸ਼ ਚੀਨ ਆਪਣੀ ਦੋਹਰੀ ਚਾਲ ਚੱਲਣ ਤੋਂ ਬਾਜ਼ ਨਹੀਂ ਆਇਆ। ਚੀਨ ਦੇ ਮਨ ’ਚ ਭਾਰਤ ਨੂੰ ਲੈ ਕੇ ਅੱਜ ਤੋਂ ਨਹੀਂ ਸਗੋਂ ਬਹੁਤ ਪਹਿਲਾਂ ਤੋਂ ਖੋਟ ਮੌਜੂਦ ਹੈ। ਚੀਨ ਦੇ ਸਰਕਾਰੀ ਮੁੱਖ ਪੱਤਰ ‘ਗਲੋਬਲ ਟਾਈਮਜ਼’ ਨੇ ਦੋ ਦਿਨ ਪਹਿਲਾਂ ਆਪਣੇ ਪਹਿਲੇ ਪੰਨੇ ’ਤੇ ਇਕ ਖਬਰ ਛਾਪੀ ਜਿਸ ਦਾ ਸਿਰਲੇਖ ਲਿਖਿਆ ਕਿ ਭਾਰਤ ’ਚ ਫੈਲੀ ਮਹਾਮਾਰੀ ਨੇ ਅਮਰੀਕਾ ਅਤੇ ਪੱਛਮ ਦੀ ਪੋਲ ਖੋਲ੍ਹੀ, ਅਖ਼ਬਾਰ ਇਸ ਰਾਹੀਂ ਇਹ ਕਹਿਣਾ ਚਾਹ ਰਿਹਾ ਸੀ ਕਿ ਭਾਰਤ ਦੀ ਮੁਸੀਬਤ ਦੇ ਸਮੇਂ ਅਮਰੀਕਾ ਅਤੇ ਪੂਰਾ ਪੱਛਮ ਚੁੱਪ ਧਾਰੀ ਖੜ੍ਹਾ ਹੈ ਜਦਕਿ ਅਮਰੀਕਾ ਭਾਰਤ ਨੂੰ ਆਪਣੇ ਚੀਨ ਵਿਰੋਧੀ ਰੱਥ ’ਤੇ ਸਵਾਰ ਕਰ ਕੇ ਉਸ ਦੀ ਵਰਤੋਂ ਕਰ ਰਿਹਾ ਹੈ, ਓਧਰ ਭਾਰਤ ਦੀ ਮੁਸੀਬਤ ਦੇ ਸਮੇਂ ਅਮਰੀਕਾ ਉਸ ਦੀ ਕੋਈ ਮਦਦ ਨਹੀਂ ਕਰ ਰਿਹਾ ਹੈ।
ਅਖਬਾਰ ਅੱਗੇ ਲਿਖਦਾ ਹੈ ਕਿ ਭਾਰਤ ਦੀ ਲੋੜ ਦੇ ਇਸ ਸਮੇਂ ’ਚ ਅਮਰੀਕਾ ਨੇ ਵੈਕਸੀਨ ਬਣਾਉਣ ਦੇ ਕੱਚੇ ਮਾਲ ਦੀ ਬਰਾਮਦ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਸ ਦੀ ਨੀਤੀ ਅਮਰੀਕਾ ਫਸਟ ਦੀ ਹੈ, ਭਾਵ ਪਹਿਲਾਂ ਅਮਰੀਕੀ ਬਾਅਦ ’ਚ ਦੂਸਰੇ।ਇਕ ਪਾਸੇ ਅਮਰੀਕਾ ਚੀਨ ਦੇ ਵਿਰੁੱਧ ਜੰਗ ’ਚ ਭਾਰਤ ਨੂੰ ਆਪਣਾ ਪਿਆਦਾ ਬਣਾਉਣਾ ਚਾਹੁੰਦਾ ਹੈ ਪਰ ਜਦ ਭਾਰਤ ਦੀ ਮਦਦ ਦੀ ਗੱਲ ਆਉਂਦੀ ਹੈ ਕਿ ਤਾਂ ਉਹ ਅਮਰੀਕਾ ਫਸਟ ਦੀ ਨੀਤੀ ਦਾ ਹਵਾਲਾ ਦੇ ਕੇ ਆਪਣੇ ਕਦਮ ਪਿੱਛੇ ਖਿੱਚ ਲੈਂਦਾ ਹੈ।ਅਖਬਾਰ ਨੇ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਫੁੱਟ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਅਤੇ ਆਪਣੀ ਕਮੀਨੀ ਕੂਟਨੀਤੀ ਦਾ ਸਬੂਤ ਦਿੱਤਾ ਹੈ। ਅੱਗੇ ਲਿਖਿਆ ਹੈ ਕਿ ਭਾਰਤ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹ ਅਮਰੀਕਾ ਦਾ ਪਿਆਦਾ ਮਾਤਰ ਹੈ ਅਤੇ ਜਦੋਂ ਅਮਰੀਕਾ ਦੀ ਲੋੜ ਪੂਰੀ ਹੋ ਜਾਵੇਗੀ ਤਾਂ ਉਹ ਭਾਰਤ ਨੂੰ ਵਰਤੇ ਗਏ ਟਿਸ਼ੂ ਪੇਪਰ ਵਾਂਗ ਸੁੱਟ ਦੇਵੇਗਾ। ਅਜਿਹਾ ਕਰ ਕੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਆਪਣੀ ਦੋਹਰੀ ਮਾਨਸਿਕਤਾ ਜ਼ਾਹਿਰ ਕਰ ਦਿੱਤੀ ਹੈ।
‘ਗਲੋਬਲ ਟਾਈਮਜ਼’ ਨੇ ਅੱਗੇ ਵੀ ਜ਼ਹਿਰ ਉਗਲਣਾ ਜਾਰੀ ਰੱਖਿਆ ਅਤੇ ਕਿਹਾ ਕਿ ਜੇਕਰ ਅਜਿਹੇ ਮਹੱਤਵਪੂਰਨ ਸਮੇਂ ’ਚ ਅਮਰੀਕਾ ਆਪਣੇ ਰਣਨੀਤਕ ਭਾਈਵਾਲ ਭਾਰਤ ਦਾ ਸਾਥ ਨਹੀਂ ਦੇਵੇਗਾ ਤਾਂ ਭਾਰਤ ਮਹਾਮਾਰੀ ਦੇ ਬਾਅਦ ਹੋਰ ਕਮਜ਼ੋਰ ਹੋਵੇਗਾ ਜੋ ਅਮਰੀਕਾ ਦੀ ਚੀਨ ਵਿਰੋਧੀ ਮੁਹਿੰਮ ’ਚ ਉਸ ਦੇ ਕਿਸੇ ਕੰਮ ਦਾ ਨਹੀਂ ਰਹੇਗਾ, ਓਧਰ ਕਵਾਡ ਦੇਸ਼ਾਂ ਨੇ ਆਪਣੇ ਇਤਿਹਾਸਕ ਸਮਿਟ ’ਚ ਭਾਰਤ ’ਚ ਵੈਕਸੀਨ ਤਿਆਰ ਕਰਨ ’ਤੇ ਸਹਿਮਤੀ ਬਣਾਈ ਸੀ। ਹਾਲਾਂਕਿ ਇਹ ਯੋਜਨਾ ਚੀਨ ਵੱਲੋਂ ਖੇਤਰ ਦੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਵੇਚਣ ਦੀ ਮੁਹਿੰਮ ਨੂੰ ਰੋਕਣ ਦੇ ਮਕਸਦ ਨਾਲ ਚਲਾਈ ਗਈ ਸੀ।ਦਰਅਸਲ ਚੀਨ ਇਥੇ ਇਹ ਚਾਹੁੰਦਾ ਹੈ ਕਿ ਉਹ ਕੁਝ ਵੀ ਕਰ ਕੇ ਭਾਰਤ ਅਤੇ ਅਮਰੀਕਾ ਦਰਮਿਆਨ ਦੂਰੀ ਨੂੰ ਵਧਾਵੇ ਜਿਸ ਨਾਲ ਉਸ ਦੇ ਵਿਰੁੱਧ ਅਮਰੀਕਾ ਦਾ ਦਬਾਅ ਘੱਟ ਹੋ ਸਕੇ।
ਪੜ੍ਹੋ ਇਹ ਅਹਿਮ ਖਬਰ - ਭਾਰਤ ਨਾਲ ਯਾਤਰਾ ਪਾਬੰਦੀ ਲਗਾਉਣੀ ਸਮੇਂ ਦੀ ਲੋੜ : ਸਕੌਟ ਮੌਰੀਸਨ
ਦਰਅਸਲ ਇਸ ਸਮੇਂ ਚੀਨ ਨੂੰ ਆਪਣੇ ਵਿਰੋਧੀਆਂ ’ਤੇ ਹਮਲਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਲਈ ਉਹ ਇਸ ਦੀ ਭਰਪੂਰ ਵਰਤੋਂ ਕਰਨੀ ਚਾਹੁੰਦਾ ਹੈ ਪਰ ਸ਼ਾਇਦ ਚੀਨ ਨੂੰ ਇਹ ਨਹੀਂ ਪਤਾ ਕਿ ਭਾਵੇਂ ਜੋ ਕੁਝ ਵੀ ਹੋ ਜਾਵੇ, ਹੁਣ ਦੁਨੀਆ ਉਸ ’ਤੇ ਕਦੀ ਭਰੋਸਾ ਨਹੀਂ ਕਰਨ ਵਾਲੀ, ਦੁਨੀਆ ਦੀਆਂ ਬਦਲਦੀਆਂ ਹਾਲਤਾਂ ’ਚ ਬਾਕੀ ਦੇਸ਼ ਚੀਨ ਨਾਲ ਹੁਣ ਕੋਈ ਵੀ ਵਪਾਰਕ ਸਬੰਧ ਨਹੀਂ ਰੱਖਣਾ ਚਾਹੁੰਦੇ। ਦਰਅਸਲ ਕੋਵਿਡ ਮਹਾਮਾਰੀ ਦੇ ਬਾਅਦ ਚੀਨ ਦਾ ਵਪਾਰ ਪੂਰੀ ਤਰ੍ਹਾਂ ਠੱਪ ਰਿਹਾ ਹੈ ਅਤੇ ਚੀਨ ਨੇ ਇਸ ਨੂੰ ਦੁਬਾਰਾ ਚਾਲੂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਪਰ ਉਹ ਦੁਨੀਆ ਦਾ ਭਰੋਸਾ ਜਿੱਤਣ ’ਚ ਅਸਫਲ ਰਿਹਾ ਹੈ, ਇਸ ਦੇ ਕਾਰਨ ਚੀਨ ਦੇ ਅੰਦਰ ਇਕ ਧੜਾ ਸ਼ੀ ਜਿਨਪਿੰਗ ਨਾਲ ਕਾਫੀ ਨਾਰਾਜ਼ ਬੈਠਾ ਹੈ, ਇਸ ’ਚ ਵੱਡੇ ਅਤੇ ਦਰਮਿਆਨੇ ਵਪਾਰੀ ਸ਼ਾਮਲ ਹਨ ਜਿਨ੍ਹਾਂ ਦਾ ਮਹਾਮਾਰੀ ਦੇ ਬਾਅਦ ਤੋਂ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਸਾਰਿਆਂ ਨੂੰ ਸ਼ਾਂਤ ਕਰਨ ਲਈ ਚੀਨ ਕਦੀ ਭਾਰਤ ਨਾਲ ਸਰਹੱਦੀ ਝਗੜਾ ਕਰਦਾ ਹੈ ਤਾਂ ਕਦੀ ਫਿਲੀਪੀਨਜ਼ ਦੇ ਕਿਸੇ ਟਾਪੂ ’ਤੇ ਆਪਣਾ ਕਬਜ਼ਾ ਕਰਨ ’ਚ ਰੁੱਝਿਆ ਰਹਿੰਦਾ ਹੈ।
ਚੀਨ ਕਿੰਨਾ ਚਲਾਕ ਦੇਸ਼ ਹੈ, ਇਸ ਗੱਲ ਦਾ ਅੰਦਾਜ਼ਾ ਅਸੀਂ ਇਸੇ ਤੋਂ ਲਗਾ ਸਕਦੇ ਹਾਂ ਕਿ ਜਿੱਥੇ ਇਕ ਪਾਸੇ ਚੀਨ ਭਾਰਤ ’ਤੇ ਨਿਸ਼ਾਨਾ ਲਾ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਭਾਰਤ ਨੂੰ ਮਦਦ ਦਾ ਸੱਦਾ ਵੀ ਦੇ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਉਹ ਖੇਤਰ ਦੀ ਮਹਾਸ਼ਕਤੀ ਹੋਣ ਦੇ ਨਾਤੇ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੁੰਦਾ ਹੈ। ਜੇਕਰ ਚੀਨ ਨੇ ਸਮਾਂ ਰਹਿੰਦਿਆਂ ਕੋਰੋਨਾ ਮਹਾਮਾਰੀ ’ਤੇ ਲਗਾਮ ਕੱਸੀ ਹੁੰਦੀ ਤਾਂ ਅੱਜ ਪੂਰੀ ਦੁਨੀਆ ਜਿਸ ਤਰ੍ਹਾਂ ਮਹਾਮਾਰੀ ਦੀ ਮਾਰ ਝੱਲ ਰਹੀ ਹੈ, ਉਹ ਖੁਸ਼ਹਾਲ ਹੁੰਦੀ। ਓਧਰ ਚੀਨ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਵੇ ਮੌਜੂਦਾ ਵਿਸ਼ਵ ਪੱਧਰੀ ਝਰੋਖੇ ’ਚ ਕੋਈ ਵੀ ਦੇਸ਼ ਚੀਨ ’ਤੇ ਯਕੀਨ ਕਰਨ ਨੂੰ ਕਿਸੇ ਵੀ ਤਰ੍ਹਾਂ ਤਿਆਰ ਨਹੀਂ ਹੈ।
ਭਾਰਤ ਨਾਲ ਯਾਤਰਾ ਪਾਬੰਦੀ ਲਗਾਉਣੀ ਸਮੇਂ ਦੀ ਲੋੜ : ਸਕੌਟ ਮੌਰੀਸਨ
NEXT STORY