ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਸਭ ਤੋਂ ਵੱਧ 139 ਕਰੋੜ ਦੀ ਆਬਾਦੀ ਵਾਲੇ ਦੇਸ਼ ਚੀਨ ਦੇ ਕੋਰੋਨਾ ਵਾਇਰਸ ’ਤੇ ਕੰਟਰੋਲ ਕਰਨ ਵਾਲੇ ਅੰਕੜੇ ਦੁਨੀਆ ਭਰ ਦੇ ਦੇਸ਼ਾਂ ਨੂੰ ਹੈਰਾਨ ਕਰਨ ਵਾਲੇ ਹਨ। ਅੰਕੜਿਆਂ ਨੂੰ ਵੇਖ ਕੇ ਤਾਂ ਸਾਰਿਆਂ ਦੇ ਮਨ ਵਿਚ ਸਵਾਲ ਉੱਠਦਾ ਹੈ ਕਿ ਚੀਨ ਨੇ ਇਹ ਕਿਵੇਂ ਕੀਤਾ? ਚੀਨ ਦੀ ਮੰਨੀਏ ਤਾਂ ਕੋਰੋਨਾ ਦੀ ਦੂਜੀ ਲਹਿਰ ’ਚ ਰੋਜ਼ਾਨਾ ਔਸਤ 22 ਤੋਂ 25 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਮੌਜੂਦਾ ਸਮੇਂ ’ਚ ਵੀਰਵਾਰ ਦੀ ਗੱਲ ਕਰੀਏ ਤਾਂ ਚੀਨ ਵਿਚ ਕੋਰੋਨਾ ਦੇ ਕੁਲ 416 ਹੀ ਐਕਟਿਵ ਕੇਸ ਹਨ। ਇਨ੍ਹਾਂ ਵਿਚੋਂ 404 ਨੂੰ ਹਲਕਾ ਕੋਰੋਨਾ ਦੱਸਿਆ ਜਾ ਰਿਹਾ ਹੈ, ਜਦੋਂਕਿ 12 ਵਿਅਕਤੀ ਗੰਭੀਰ ਅਵਸਥਾ ’ਚ ਹਨ। ਦੁਨੀਆ ਵਿਚ ਚੀਨ ਦੇ ਮਾਮਲਿਆਂ ਦੇ ਜਾਣਕਾਰ ਇਨ੍ਹਾਂ ਅੰਕੜਿਆਂ ਨੂੰ ਭੁਲੇਖਾਪਾਊ ਮੰਨਦੇ ਹਨ। ਬੀਤੇ ਮਹੀਨੇ 21 ਤਰੀਕ ਨੂੰ ਚੀਨ ਦੇ 1 ਕਰੋੜ 30 ਲੱਖ ਦੀ ਆਬਾਦੀ ਵਾਲੇ ਕਵਾਂਗਤੁੰਗ ਸੂਬੇ ਦੇ ਕੰਢੀ ਸ਼ਹਿਰ ਕਵਾਂਨਚੌ ’ਚ ਕੋਰੋਨਾ ਦੇ 11 ਮਾਮਲੇ ਸਾਹਮਣੇ ਆਉਣ ’ਤੇ ਲੋਕਾਂ ਨੂੰ ਕਰਫਿਊ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪਿਆ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ। ਚੀਨ ਦੇ ਮਾਮਲਿਆਂ ਦੇ ਮਾਹਿਰਾਂ ਅਨੁਸਾਰ ਲਾਕਡਾਊਨ ਜਾਂ ਕਰਫਿਊ ਵਰਗੇ ਹਾਲਾਤ ਤਾਂ ਹੀ ਪੈਦਾ ਹੋ ਸਕਦੇ ਹਨ ਜਦੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ। ਅਸਲ ’ਚ ਚੀਨ ਸਰਕਾਰ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਇਸੇ ਸੂਬੇ ਦੇ ਦੱਖਣੀ ਸਿਰੇ ’ਤੇ ਹਾਂਗਕਾਂਗ ਸਥਿਤ ਹੈ, ਜੋ ਪੂਰੇ ਚੀਨ ਦੀ 14.4 ਖਰਬ ਡਾਲਰ ਦੀ ਅਰਥਵਿਵਸਥਾ ਵਿਚੋਂ 5 ਖਰਬ ਡਾਲਰ ਦੀ ਅਰਥਵਿਵਸਥਾ ਚਲਾਉਂਦਾ ਹੈ। ਜੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਵਾਂਗਤੁੰਗ ਤੋਂ ਹਾਂਗਕਾਂਗ ਪਹੁੰਚ ਗਈ ਤਾਂ ਚੀਨ ਦੀ ਪੂਰੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਚੀਨ ਅਜਿਹਾ ਕਦੇ ਨਹੀਂ ਚਾਹੇਗਾ। ਚੀਨ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਕੰਢੀ ਸੂਬੇ ਵਿਚ ਚੀਨ ਕੋਰੋਨਾ ਦੇ ਅੰਕੜੇ ਲੁਕੋ ਕੇ ਇਸ ’ਤੇ ਕਾਬੂ ਪਾਉਣਾ ਚਾਹੁੰਦਾ ਹੈ ਤਾਂ ਜੋ ਉਸ ਦੀ ਵੈਸ਼ਵਿਕ ਅਰਥਵਿਵਸਥਾ ਨੂੰ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਚੀਨ ’ਚ ਕੋਰੋਨਾ ਦੇ ਮਾਮਲੇ ਘੱਟ ਹਨ ਤਾਂ ਏਅਰਪੋਰਟ ਬੰਦ ਕਿਉਂ ਹਨ?
ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਮਾਮਲੇ ਇੰਨੇ ਘੱਟ ਹੁੰਦੇ ਤਾਂ ਕਵਾਂਨਚੌ ਸ਼ਹਿਰ ਤੋਂ ਇਲਾਵਾ ਫੋਸ਼ਾਨ ਸ਼ਹਿਰ ਵਿਚ ਵੀ ਚੀਨ ਸਰਕਾਰ ਲਾਕਡਾਊਨ ਕਿਉਂ ਲਾਉਂਦੀ? ਇਸ ਦੇ ਨਾਲ ਹੀ ਕਵਾਂਗਤੁੰਗ ਸੂਬੇ ਦੀ ਰਾਜਧਾਨੀ ਕਵਾਂਨਚੌ ਦਾ ਕੌਮਾਂਤਰੀ ਬੇਈਯੁਨ ਏਅਰਪੋਰਟ ਬੰਦ ਕਿਉਂ ਕਰਦੀ? ਬੇਈਯੁਨ ਕੌਮਾਂਤਰੀ ਏਅਰਪੋਰਟ ਚੀਨ ਦੇ ਭੀੜ-ਭੜੱਕੇ ਭਰੇ ਹਵਾਈ ਅੱਡਿਆਂ ਵਿਚੋਂ ਇਕ ਹੈ ਜਿੱਥੋਂ ਰੋਜ਼ਾਨਾ 519 ਕੌਮਾਂਤਰੀ ਉਡਾਨਾਂ ਦੂਜੇ ਦੇਸ਼ਾਂ ਨੂੰ ਜਾਂਦੀਆਂ ਹਨ। ਮਾਮਲੇ ਦੀ ਗੰਭੀਰਤਾ ਦੇ ਨਾਲ ਪੂਰੀ ਦੁਨੀਆ ਵਿਚ ਆਪਣੇ ਖਿਲਾਫ ਮਾਹੌਲ ਨੂੰ ਵੇਖਦਿਆਂ ਚੀਨ ਨੇ ਇਸ ਵਾਰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਪਰ ਚੀਨ ਇਸ ਵੇਲੇ ਕਵਾਂਗਤੁੰਗ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਵੇਖਦਿਆਂ ਜੋ ਉਪਾਅ ਅਪਣਾ ਰਿਹਾ ਹੈ, ਉਸ ਤੋਂ ਲੱਗਦਾ ਨਹੀਂ ਕਿ ਕੋਰੋਨਾ ਵਾਇਰਸ ਦੇ ਸਿਰਫ ਕੁਝ ਹੀ ਮਾਮਲੇ ਚੀਨ ਵਿਚ ਫੈਲੇ ਹਨ। ਪਿਛਲੀ ਵਾਰ ਵੀ ਚੀਨ ਨੇ ਕਿਹਾ ਸੀ ਕਿ ਉਸ ਦੇ ਦੇਸ਼ ਵਿਚ ਕੋਰੋਨਾ ਨਾਲ ਸਿਰਫ 3 ਤੋਂ 4 ਹਜ਼ਾਰ ਮੌਤਾਂ ਹੋਈਆਂ ਹਨ, ਜਦੋਂਕਿ ਸੱਚਾਈ ਬਾਅਦ ’ਚ ਦੁਨੀਆ ਸਾਹਮਣੇ ਆਈ ਜਦੋਂ ਇਕੱਲੇ ਵੁਹਾਨ ਸ਼ਹਿਰ ਵਿਚ ਹੀ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਅਸਥੀਆਂ ਦੇ 50 ਹਜ਼ਾਰ ਕਲਸ਼ ਸੌਂਪੇ ਸਨ। ਇਸ ਵਾਰ ਵੀ ਮਾਮਲਾ ਬਹੁਤ ਗੰਭੀਰ ਹੈ। ਇਸ ਲਈ ਚੀਨੀ ਅਧਿਕਾਰੀਆਂ ਨੇ ਨਾਨਸ਼ਾ, ਹੁਆਦੂ ਤੇ ਕੁੰਗਹੁਆ ਜ਼ਿਲਿਆਂ ਵਿਚ ਹੁਕਮ ਜਾਰੀ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਹੁਣੇ ਜਿਹੇ ਯਾਤਰਾ ਕੀਤੀ ਹੈ, ਉਨ੍ਹਾਂ ਸਾਰਿਆਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ।
ਪਾਬੰਦੀਆਂ ਦੀ ਪੂਰਨ ਜਾਣਕਾਰੀ ਨਹੀਂ ਦੇ ਰਿਹਾ ਚੀਨੀ ਪ੍ਰਸ਼ਾਸਨ
ਇਸ ਦੇ ਨਾਲ ਹੀ ਚੀਨ ਦੀ ਸਰਕਾਰ ਨੇ ਬਾਇਓਟੈੱਕ ਦੀ ਸਿਨੋਵੈਕ ਦੀ ਵੈਕਸੀਨ ਨੂੰ ਐਮਰਜੈਂਸੀ ਲਈ ਨੌਜਵਾਨ ਲੋਕਾਂ ਜਿਨ੍ਹਾਂ ਵਿਚ 3 ਤੋਂ 17 ਸਾਲ ਦੇ ਲੋਕ ਆਉਂਦੇ ਹਨ, ਲਈ ਰਜ਼ਾਮੰਦੀ ਦੇ ਦਿੱਤੀ ਹੈ। ਕੰਪਨੀ ਦੇ ਪ੍ਰਧਾਨ ਯਿਨ ਵੇਈਤੁੰਗ ਨੇ ਕਿਹਾ ਕਿ ਚੀਨ ਦੀ ਟੀਕਾ ਮੁਹਿੰਮ ਇਸ ਵੇਲੇ 18 ਸਾਲ ਦੇ ਲੋਕਾਂ ਦੇ ਨਾਲ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਜ਼ਰੂਰੀ ਹੈ। ਹਾਲਾਂਕਿ ਚੀਨ ਦੀ ਸਰਕਾਰ ਵਲੋਂ ਇਹ ਲਾਕਡਾਊਨ ਕਦੋਂ ਤਕ ਜਾਰੀ ਰਹੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਵੀ ਨਹੀਂ ਦੱਸਿਆ ਗਿਆ ਕਿ ਕੋਰੋਨਾ ਮਹਾਮਾਰੀ ਤੋਂ ਇਸ ਵੇਲੇ ਕਿੰਨੇ ਲੋਕ ਪੀੜਤ ਹਨ। ਜਿਸ ਤਰ੍ਹਾਂ ਚੀਨ ਸਰਕਾਰ ਸਾਰੀਆਂ ਜਾਣਕਾਰੀਆਂ ਲੋਕਾਂ ਤੋਂ ਲੁਕੋ ਰਹੀ ਹੈ, ਉਸ ਨੂੰ ਵੇਖਦਿਆਂ ਲੱਗਦਾ ਹੈ ਕਿ ਮਾਮਲਾ ਇਕ ਵਾਰ ਮੁੜ ਚੀਨ ਦੇ ਹੱਥਾਂ ’ਚੋਂ ਨਿਕਲਦਾ ਜਾ ਰਿਹਾ ਹੈ, ਜਿਸ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਲੀਵਾਨ ਜ਼ਿਲੇ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨਡੋਰ ਸਟੇਡੀਅਮ, ਥੋਕ ਬਾਜ਼ਾਰ, ਮਨੋਰੰਜਨ ਵਾਲੀਆਂ ਥਾਵਾਂ, ਰੈਸਟੋਰੈਂਟ ਸਭ ਕੁਝ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ
ਮਹਾਮਾਰੀ ਕਾਰਨ ਚੀਨ ਦੀ ਅਰਥਵਿਵਸਥਾ ਡੁੱਬ ਜਾਵੇਗੀ
ਕਵਾਂਗਤੁੰਗ ਸੂਬੇ ’ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਫੈਲਣ ਤੋਂ ਬਾਅਦ ਪ੍ਰਸ਼ਾਸਨ ਨੇ ਜੋ ਲਾਕਡਾਊਨ ਲਾਇਆ ਹੈ, ਉਸ ਨਾਲ ਇਸ ਸੂਬੇ ਤੇ ਪੂਰੇ ਚੀਨ ਦੀ ਅਰਥਵਿਵਸਥਾ ’ਤੇ ਕਿੰਨਾ ਡੂੰਘਾ ਅਸਰ ਪਿਆ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2017 ਵਿਚ ਇਸ ਸੂਬੇ ਤੋਂ ਹੋਣ ਵਾਲੀ ਦਰਾਮਦ-ਬਰਾਮਦ ਦੀ ਰਕਮ 87,800 ਕਰੋੜ ਯੁਆਨ ਸੀ। ਇਸ ਵਿਚੋਂ 54,440 ਕਰੋੜ ਯੁਆਨ ਦੀ ਚੀਨ ਨੇ ਵਿਦੇਸ਼ਾਂ ਨੂੰ ਬਰਾਮਦ ਕੀਤੀ ਸੀ ਅਤੇ 33,330 ਕਰੋੜ ਯੁਆਨ ਦੀ ਚੀਨ ਨੇ ਦਰਾਮਦ ਕੀਤੀ ਸੀ। ਚੀਨ ਸਰਕਾਰ ਨੂੰ ਡਰ ਇਸ ਗੱਲ ਦਾ ਵੀ ਹੈ ਕਿ ਇਸੇ ਸੂਬੇ ਦੇ ਦੱਖਣੀ ਸਿਰੇ ’ਤੇ ਹਾਂਗਕਾਂਗ ਸਥਿਤ ਹੈ, ਜੋ ਪੂਰੇ ਚੀਨ ਦੀ 14.4 ਖਰਬ ਡਾਲਰ ਦੀ ਅਰਥਵਿਵਸਥਾ ਚਲਾਉਂਦਾ ਹੈ। ਜੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਵਾਂਗਤੁੰਗ ਤੋਂ ਹਾਂਗਕਾਂਗ ਪਹੁੰਚ ਗਈ ਤਾਂ ਚੀਨ ਦੀ ਪੂਰੀ ਅਰਥਵਿਵਸਥਾ ਤਬਾਹ ਹੋ ਜਾਵੇਗੀ, ਜੋ ਚੀਨ ਕਦੇ ਨਹੀਂ ਚਾਹੇਗਾ। ਹੁਣ ਇਹ ਦੇਖਣਾ ਪਵੇਗਾ ਕਿ ਦੂਜੀ ਲਹਿਰ ਤੋਂ ਚੀਨ ਕਦੋਂ ਤਕ ਉਭਰਦਾ ਹੈ ਕਿਉਂਕਿ ਚੀਨ ਵਿਚ ਮੀਡੀਆ ’ਤੇ ਸਰਕਾਰ ਦਾ ਸ਼ਿਕੰਜਾ ਕੱਸਿਆ ਰਹਿੰਦਾ ਹੈ। ਇਸ ਲਈ ਸਹੀ ਖਬਰ ਦਾ ਉੱਥੋਂ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਪਹੁੰਚਣਾ ਮੁਸ਼ਕਲ ਹੁੰਦਾ ਹੈ। ਇਸ ਤੋਂ ਵੀ ਦਿਲਚਸਪ ਇਹ ਹੋਵੇਗਾ ਕਿ ਕੋਰੋਨਾ ਮਹਾਮਾਰੀ ਦੇ ਖਤਮ ਹੋਣ ਤੋਂ ਬਾਅਦ ਦੁਨੀਆ ਚੀਨ ’ਤੇ ਕਿੰਨਾ ਭਰੋਸਾ ਕਰਦੀ ਹੈ ਅਤੇ ਚੀਨ ਦੁਨੀਆ ਦੇ ਦੇਸ਼ਾਂ ਨਾਲ ਆਪਣੇ ਰਸਤਿਆਂ ਦੀ ਆਮ ਬਹਾਲੀ ਕਦੋਂ ਤਕ ਕਰ ਸਕੇਗਾ।
ਚੀਨ ਭਾਰਤ ਦਾ ਕਥਿਤ ਤੌਰ ’ਤੇ ਦੋਸਤ ਵੀ ਰਿਹਾ ਹੈ ਪਰ ਭਾਰਤ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਨੇ ਇਕ ਵੱਡਾ ਬਾਜ਼ਾਰ ਸਾਡੇ ਦੇਸ਼ ਵਿਚ ਖੜ੍ਹਾ ਕੀਤਾ ਹੈ।
ਰੋਜ਼ਾਨਾ 519 ਕੌਮਾਂਤਰੀ ਉਡਾਣਾਂ ਬੰਦ ਕਰਨ ਦੀ ਲੋੜ ਕਿਉਂ ਪਈ?
ਪੂਰੀ ਦੁਨੀਆ ’ਚ ਆਪਣੇ ਖਿਲਾਫ ਮਾਹੌਲ ਨੂੰ ਵੇਖਦਿਆਂ ਚੀਨ ਨੇ ਇਸ ਵਾਰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਚੀਨ ਵਾਇਰਸ ਨੂੰ ਵੇਖਦਿਆਂ ਜੋ ਉਪਾਅ ਅਪਣਾ ਰਿਹਾ ਹੈ, ਉਸ ਤੋਂ ਲੱਗਦਾ ਨਹੀਂ ਕਿ ਚੀਨ ਵਿਚ ਕੋਰੋਨਾ ਦੇ ਕੁਝ ਹੀ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ
ਕਵਾਂਗਤੁੰਗ ਸੂਬੇ ’ਚ ਪਹਿਲਾਂ 150 ਮਾਮਲੇ ਹੋਣ ਦਾ ਕੀਤਾ ਗਿਆ ਸੀ ਦਾਅਵਾ
ਕਵਾਂਗਤੁੰਗ ਸੂਬੇ ਦੇ ਕੰਢੀ ਸ਼ਹਿਰ ਕਵਾਂਨਚੌ ’ਚ ਲੋਕਾਂ ਦੇ ਘਰਾਂ ’ਚੋਂ ਬਾਹਰ ਨਿਕਲਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਿਰਫ ਬਹੁਤ ਜ਼ਿਆਦਾ ਲੋੜ ਪੈਣ ’ਤੇ ਹੀ ਲੋਕ ਘਰੋਂ ਨਿਕਲ ਸਕਦੇ ਹਨ। ਇਸ ਦੌਰਾਨ ਚੀਨ ਵਿਚ ਕੋਰੋਨਾ ਦੇ ਸਿਰਫ 24 ਮਾਮਲੇ ਸਨ, ਜਿਨ੍ਹਾਂ ਵਿਚੋਂ 11 ਮਾਮਲੇ ਕਵਾਂਨਚੌ ਸ਼ਹਿਰ ਦੇ ਹੀ ਸਨ। ਪੂਰੀ ਆਬਾਦੀ ਨੂੰ ਸਿਰਫ 11 ਕੋਰੋਨਾ ਕੇਸ ਆਉਣ ’ਤੇ ਲਾਕਡਾਊਨ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਚੀਨ ਹਮੇਸ਼ਾ ਤੋਂ ਮਰੀਜ਼ਾਂ ਦੀ ਅਸਲ ਗਿਣਤੀ ਲੁਕਾਉਂਦਾ ਆਇਆ ਹੈ। ਕੁਝ ਮਾਮਲੇ ਫੋਸ਼ਾਨ ਸ਼ਹਿਰ ਵਿਚ ਵੀ ਵੇਖਣ ਨੂੰ ਮਿਲੇ ਹਨ, ਜਿਸ ਕਾਰਨ ਉੱਥੇ ਵੀ ਲਾਕਡਾਊਨ ਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੀਨ ਦੇ ਲੀਵਾਨ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਉੱਥੋਂ ਦੇ ਲੋਕਾਂ ਨੂੰ ਆਪਣੇ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਇਸ ਪਾਬੰਦੀ ਵਿਚ ਕੁਝ ਢਿੱਲ ਦਿੱਤੀ ਗਈ ਹੈ, ਜਿਸ ਨਾਲ ਲੋਕ ਆਪਣੇ ਘਰਾਂ ਦਾ ਜ਼ਰੂਰੀ ਸਾਮਾਨ ਖਰੀਦ ਸਕਣ। ਸ਼ੁਰੂ ਵਿਚ ਚੀਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਤਾਜ਼ਾ ਮਾਮਲਿਆਂ ’ਤੇ ਕਿਹਾ ਸੀ ਕਿ ਪੂਰੇ ਕਵਾਂਗਤੁੰਗ ਸੂਬੇ ਵਿਚ ਮੁਸ਼ਕਲ ਨਾਲ 100 ਤੋਂ 150 ਮਾਮਲੇ ਹਨ, ਜਿਨ੍ਹਾਂ ’ਤੇ ਅਸੀਂ ਜਲਦੀ ਹੀ ਕਾਬੂ ਪਾ ਲਵਾਂਗੇ।
ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਐਡਵਾਂਸਡ ਫਾਈਟਰ ਜੈੱਟ ਲਈ ਚੀਨ ਬਣਾ ਰਿਹੈ ਸਭ ਤੋਂ ਖ਼ਤਰਨਾਕ ਸੁਰੰਗ
NEXT STORY