ਸਪੇਨ/ਲੰਡਨ (ਸਰਬਜੀਤ ਸਿੰਘ ਬਨੂੜ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕਥਿਤ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਵਿਦੇਸ਼ੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਪੇਨ ਵੱਸਦੀਆਂ ਸਿੱਖ ਸੰਗਤਾਂ ਅਤੇ ਬਾਬਾ ਦੀਪ ਸਿੰਘ ਜੀ ਜਥੇਬੰਦੀ ਸਪੇਨ ਦੇ ਸੇਵਕਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸਖ਼ਤ ਲਹਿਜ਼ੇ ਵਿੱਚ ਮੰਗ ਪੱਤਰ ਭੇਜਦਿਆਂ ਦੋਸ਼ੀਆਂ ਖ਼ਿਲਾਫ਼ ਤੁਰੰਤ ਪੰਥਕ ਅਤੇ ਅਨੁਸ਼ਾਸਨਾਤਮਕ ਕਾਰਵਾਈ ਦੀ ਮੰਗ ਕੀਤੀ ਹੈ।
ਬਾਬਾ ਦੀਪ ਸਿੰਘ ਜਥੇਬੰਦੀ ਸਪੇਨ ਦੇ ਸੇਵਕਾਂ ਸਮੇਤ ਗੁਰਦੇਵ ਸਿੰਘ, ਗੁਰਲਾਲ ਸਿੰਘ, ਗੁਰਸੇਵਕ ਸਿੰਘ, ਮਲਕੀਤ ਸਿੰਘ, ਗੁਰਮੁਖ ਸਿੰਘ, ਅਮਰਿੰਦਰ ਸਿੰਘ ਬਿੱਲਾ, ਪਰਗਟ ਸਿੰਘ, ਹਰਪਾਲ ਸਿੰਘ, ਹਰਮਨ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ, ਗੁਰਦੇਵਜੀਤ ਸਿੰਘ ਮੱਲੀ ਅਤੇ ਹੋਰ ਕਈ ਸਿੱਖ ਆਗੂਆਂ ਨੇ ਦਸਤਖ਼ਤ ਕਰਕੇ ਪੰਥਕ ਸੰਸਥਾਵਾਂ ਤੋਂ ਤੁਰੰਤ ਨਿਆਂ ਦੀ ਮੰਗ ਕੀਤੀ ਹੈ। ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਕੁਝ ਨੁਮਾਇੰਦਿਆਂ ਵੱਲੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ।
ਸੰਗਤਾਂ ਨੇ ਗੁਰਬਾਣੀ ਦੇ ਪਾਵਨ ਫੁਰਮਾਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕ ਹੀ ਗੁਰੂ ਦੀ ਮਰਿਆਦਾ ਦੀ ਰਾਖੀ ਕਰਨ ਦੀ ਬਜਾਏ ਉਸ ਦੀ ਉਲੰਘਣਾ ਕਰਨ ਲੱਗ ਪੈਣ ਤਾਂ ਇਹ ਪੂਰੇ ਪੰਥ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਤੇ ਚੁੱਪ ਰਹਿਣਾ ਦੋਸ਼ੀਆਂ ਨੂੰ ਹੌਸਲਾ ਦੇਣ ਦੇ ਬਰਾਬਰ ਹੋਵੇਗਾ।
ਮੰਗ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਿੱਖ ਕੌਮ ਪਹਿਲਾਂ ਹੀ ਅਨੇਕਾਂ ਅੰਦਰੂਨੀ ਵਿਵਾਦਾਂ ਵਿੱਚ ਉਲਝੀ ਹੋਈ ਹੈ ਅਤੇ ਸੰਗਤਾਂ ਨਹੀਂ ਚਾਹੁੰਦੀਆਂ ਕਿ ਆਪਣੀਆਂ ਹੀ ਪੰਥਕ ਸੰਸਥਾਵਾਂ ਵਿਰੁੱਧ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇ। ਜੇਕਰ ਇਸ ਗੰਭੀਰ ਮਾਮਲੇ ਵਿੱਚ ਵੀ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਸੰਗਤਾਂ ਨੂੰ ਅਗਲੇ ਕਦਮਾਂ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ।
ਸਪੇਨ ਦੀਆਂ ਸੰਗਤਾਂ ਨੇ ਇਹ ਵੀ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ ਤੋਂ ਕਈ ਵਾਰ ਅਪੀਲਾਂ ਭੇਜੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਪ੍ਰਭਾਵਸ਼ਾਲੀ ਕਾਰਵਾਈ ਸਾਹਮਣੇ ਨਹੀਂ ਆਈ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਗੁਰੂ ਸਾਹਿਬ ਦੀ ਮਰਿਆਦਾ ਨਾਲ ਖਿਲਵਾੜ ਕਰਨ ਦੀ ਜੁਰਅਤ ਨਾ ਕਰ ਸਕੇ।
ਇੰਗਲੈਂਡ ‘ਚ ਮਹਾਰਾਜਾ ਦਲੀਪ ਸਿੰਘ ਨੂੰ “Indian King” ਕਹਿਣਾ ਬਣਿਆ ਵਿਵਾਦ ਦਾ ਕਾਰਨ
NEXT STORY