ਵਾਸ਼ਿੰਗਟਨ – ਅਮਰੀਕੀ ਨਿਆਂ ਵਿਭਾਗ ਨੇ ਜੈਫਰੀ ਐਪਸਟੀਨ ਨਾਲ ਜੁ਼ੜੀ ਜਾਂਚ ਤਹਿਤ ਸ਼ੁੱਕਰਵਾਰ ਦੇਰ ਰਾਤ 3 ਲੱਖ ਦਸਤਾਵੇਜ਼ ਜਾਰੀ ਕੀਤੇ। ਇਨ੍ਹਾਂ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਪੌਪ ਗਾਇਕ ਮਾਈਕਲ ਜੈਕਸਨ, ਹਾਲੀਵੁੱਡ ਅਭਿਨੇਤਾ ਕ੍ਰਿਸ ਟਕਰ ਅਤੇ ਬ੍ਰਿਟੇਨ ਦੇ ਪ੍ਰਿੰਸ ਐਂਡ੍ਰਿਊ ਵਰਗੇ ਮਹਾਰਥੀਆਂ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।
ਕੁਝ ਫੋਟੋਆਂ ਵਿਚ ਕਲਿੰਟਨ ਲੜਕੀਆਂ ਨਾਲ ਪੂਲ ਵਿਚ ਨਹਾਉਂਦੇ ਤੇ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਇਹ ਸਾਰੀਆਂ ਫੋਟੋਆਂ 4 ਸੈੱਟਾਂ ਵਿਚ ਜਾਰੀ ਕੀਤੀਆਂ ਗਈਆਂ। ਇਸ ਤੋਂ ਕੁਝ ਘੰਟੇ ਬਾਅਦ 3 ਹੋਰ ਸੈੱਟ ਜਾਰੀ ਕੀਤੇ ਗਏ। ਇਸ ਵਿਚ ਕੁਲ ਮਿਲਾ ਕੇ 3500 ਤੋਂ ਵੱਧ ਫਾਈਲਾਂ ਹਨ, ਜਿਨ੍ਹਾਂ ਵਿਚ 2.5 ਜੀ. ਬੀ. ਤੋਂ ਵੱਧ ਦੀਆਂ ਫੋਟੋਆਂ ਤੇ ਦਸਤਾਵੇਜ਼ ਸ਼ਾਮਲ ਹਨ। ਹਾਲਾਂਕਿ ਕਈ ਫੋਟੋਆਂ ਵਿਚ ਇਹ ਸਪਸ਼ਟ ਨਹੀਂ ਕਿ ਇਹ ਕਿੱਥੋਂ ਲਈਆਂ ਗਈਆਂ ਹਨ।
ਨਿਆਂ ਵਿਭਾਗ ਨੇ ਇਹ ਵੀ ਕਿਹਾ ਕਿ ਕੁਝ ਦਸਤਾਵੇਜ਼ ਅਜੇ ਰੋਕੇ ਗਏ ਹਨ ਕਿਉਂਕਿ ਕੁਝ ਜਾਂਚਾਂ ਚੱਲ ਰਹੀਆਂ ਹਨ ਜਾਂ ਫਿਰ ਕੌਮੀ ਸੁਰੱਖਿਆ ਨਾਲ ਜੁੜੇ ਕਾਰਨ ਹਨ।
ਜੈਫਰੀ ਐਪਸਟੀਨ ਇਕ ਫਾਇਨਾਂਸਰ ਤੇ ਜਿਨਸੀ ਅਪਰਾਧੀ ਸੀ, ਜਿਸ ਦੀ ਜੇਲ ਵਿਚ ਮੌਤ ਹੋ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 18 ਨਵੰਬਰ ਨੂੰ ਕਾਨੂੰਨ ’ਤੇ ਹਸਤਾਖਰ ਕਰ ਕੇ ਐਪਸਟੀਨ ਨਾਲ ਜੁੜੇ ਸਾਰੇ ਦਸਤਾਵੇਜ਼ 30 ਦਿਨਾਂ ਅੰਦਰ ਜਾਰੀ ਕਰਨ ਦਾ ਹੁਕਮ ਦਿੱਤਾ ਸੀ।
ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ ਮੁਤਾਬਕ ਐਪਸਟੀਨ ਦੀ ਸਾਥੀ ਤੇ ਗਰਲਫਰੈਂਡ ਮੈਕਸਵੈੱਲ ’ਤੇ ਗੰਭੀਰ ਦੋਸ਼ ਲੱਗੇ ਹਨ। ਇਸ ਦੇ ਅਨੁਸਾਰ ਉਸ ਨੇ 1994 ਤੋਂ 1997 ਤਕ ਕਈ ਨਾਬਾਲਗ ਕੁੜੀਆਂ ਨੂੰ ਜਿਨਸੀ ਸ਼ੋਸ਼ਣ ਲਈ ਲੁਭਾਇਆ ਤੇ ਤਿਆਰ ਕੀਤਾ। ਫੋਨ ਰਿਕਾਰਡ, ਟਰੈਵਲ ਲੌਗ ਤੇ ਪੀੜਤ ਔਰਤਾਂ ਦੀਆਂ ਇੰਟਰਵਿਊ ਵਾਲੇ ਕਈ ਦਸਤਾਵੇਜ਼ਾਂ ਦੇ ਵੱਡੇ ਹਿੱਸੇ ਕਾਲੇ ਕੀਤੇ ਗਏ ਹਨ। 119 ਸਫਿਆਂ ਦੀ ਇਕ ਫਾਈਲ ਤਾਂ ਪੂਰੀ ਤਰ੍ਹਾਂ ਬਲੈਕ ਆਊਟ ਹੈ।
ਕਲਿੰਟਨ ਬੋਲੇ–ਮੈਨੂੰ ‘ਬਲੀ ਦਾ ਬੱਕਰਾ’ ਬਣਾਇਆ ਗਿਆ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਐਪਸਟੀਨ ਫਾਈਲਾਂ ’ਚ ਨਾਂ ਤੇ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਖੁਦ ਨੂੰ ‘ਬਲੀ ਦਾ ਬੱਕਰਾ’ ਦੱਸਿਆ ਹੈ। ਉਨ੍ਹਾਂ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਉਨ੍ਹਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ ਭਾਵੇਂ ਜਿੰਨੀਆਂ ਵੀ 20 ਸਾਲ ਪੁਰਾਣੀਆਂ ਤੇ ਧੁੰਦਲੀਆਂ ਫੋਟੋਆਂ ਜਾਰੀ ਕਰ ਦਿੱਤੀਆਂ ਜਾਣ, ਇਸ ਕੇਸ ਦਾ ਬਿਲ ਕਲਿੰਟਨ ਨਾਲ ਕੋਈ ਲੈਣਾ-ਦੇਣਾ ਨਹੀਂ। ਹੁਣੇ ਜਿਹੇ ਡੋਨਾਲਡ ਟਰੰਪ ਦੀ ਕਰੀਬੀ ਸੂਜ਼ੀ ਵਾਈਲਸ ਨੇ ਖੁਦ ਮੰਨਿਆ ਹੈ ਕਿ ਟਰੰਪ ਦਾ ਇਹ ਕਹਿਣਾ ਗਲਤ ਸੀ ਕਿ ਐਪਸਟੀਨ ਫਾਈਲਾਂ ਵਿਚ ਬਿਲ ਕਲਿੰਟਨ ਖਿਲਾਫ ਕੋਈ ਠੋਸ ਸਬੂਤ ਹੈ।
ਐਪਸਟੀਨ ਪੀੜਤ ਵੱਲੋਂ ਦੋਸ਼–ਨਿਆਂ ਵਿਭਾਗ ਖੁਦ ਨੂੰ ਬਚਾਅ ਰਿਹਾ
ਜੈਫਰੀ ਐਪਸਟੀਨ ਦੀ ਇਕ ਪੀੜਤਾ ਲੀਜ਼ਾ ਫਿਲਿਪਸ ਨੇ ਅਮਰੀਕੀ ਨਿਆਂ ਵਿਭਾਗ ’ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਉਮਰ 20 ਸਾਲ ਦੇ ਲੱਗਭਗ ਸੀ ਤਾਂ ਉਸ ਦੀ ਮੁਲਾਕਾਤ ਐਪਸਟੀਨ ਨਾਲ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਐਪਸਟੀਨ ਤੇ ਉਸ ਦੇ ਨੈੱਟਵਰਕ ਨਾਲ ਜੁੜੇ ਲੋਕਾਂ ਵੱਲੋਂ ਵਰ੍ਹਿਆਂ ਤਕ ਸ਼ੋਸ਼ਣ ਝੱਲਣਾ ਪਿਆ। ਇਕ ਪੀੜਤਾ ਨੇ ਕਿਹਾ ਕਿ ਐਪਸਟੀਨ ਫਾਈਲਾਂ ਦੇ ਕਈ ਹਿੱਸਿਆਂ ਨੂੰ ਕਾਲਾ ਕਰ ਕੇ ਜਾਰੀ ਕੀਤਾ ਗਿਆ ਹੈ। ਲੀਜ਼ਾ ਅਨੁਸਾਰ ਨਿਆਂ ਵਿਭਾਗ ਪੀੜਤਾਂ ਦੀ ਬਜਾਏ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
UK: ਕਬੱਡੀ ਸਕੈਂਡਲ 'ਚ 3 ਭਾਰਤੀਆਂ ਨੂੰ ਅਦਾਲਤ ਨੇ ਸੁਣਾਈ 11 ਸਾਲ ਦੀ ਸਜ਼ਾ
NEXT STORY